ਤਿੰਨ ਟਾਈਮ ਦੀ ਰੋਟੀ ਤੋਂ ਮੁਥਾਜ ਇਕੋ ਪਰਿਵਾਰ ਦੀਆਂ ਤਿੰਨ ਖਿਡਾਰਨਾਂ

Wednesday, Apr 04, 2018 - 12:54 AM (IST)

ਤਰਨਤਾਰਨ (ਰਮਨ) - ਜਿੱਥੇ ਕੇਂਦਰ ਸਰਕਾਰ ਵੱਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਕਾਮਯਾਬ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਉਥੇ ਜ਼ਿਲਾ ਤਰਨਤਾਰਨ ਦੇ ਇਕ ਪਿੰਡ ਦੀਆਂ ਤਿੰਨ ਖਿਡਾਰਨਾਂ ਤਿੰਨ ਟਾਈਮ ਦੀ ਰੋਟੀ ਤੇ ਸਰਕਾਰੀ ਸਹੂਲਤਾਂ ਨੂੰ ਤਰਸਦੀਆਂ ਨਜ਼ਰ ਆ ਰਹੀਆਂ ਹਨ, ਜਿਸ ਨੂੰ ਵੇਖ ਕੇ ਇਸ ਮੁਹਿੰਮ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ।  ਇਸ ਦੀ ਮਿਸਾਲ ਤਰਨਤਾਰਨ ਤੋਂ ਕਰੀਬ 7 ਕਿਲੋਮੀਟਰ ਦੂਰ ਵਸੇ ਪਿੰਡ ਮੁੱਗਲਚੱਕ ਪੰਨੂੰਆਂ 'ਚ ਰਹਿੰਦਾ ਇਕ ਅਤਿ-ਗਰੀਬ ਪਰਿਵਾਰ ਜੋ (ਜਨਰਲ ਕੈਟਾਗਰੀ ਨਾਲ ਸਬੰਧਤ) ਦੁੱਖਾਂ ਦੀ ਮਾਰ ਝੱਲਦਾ ਹੋਇਆ ਗੁਜ਼ਾਰਾ ਕਰ ਰਿਹਾ ਹੈ, ਤੋਂ ਮਿਲਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਰੀਬ ਪਰਿਵਾਰ ਦੇ ਨੇਕ ਤੇ ਮਿਹਨਤੀ ਬੱਚੇ ਰੱਬ ਦੀ ਰਜ਼ਾ 'ਚ ਰਾਜ਼ੀ ਹੋ ਕੇ ਵਧੀਆ ਖਿਡਾਰੀ ਬਣ ਆਪਣੇ ਮਾਂ-ਬਾਪ ਦਾ ਨਾਂ ਦੁਨੀਆਭਰ 'ਚ ਰੌਸ਼ਨ ਕਰਨ ਲਈ ਜੀਅ-ਤੋੜ ਮਿਹਨਤ ਕਰ ਰਹੇ ਹਨ। ਇਨ੍ਹਾਂ ਨੂੰ ਵੇਖ ਇੰਝ ਜਾਪਦਾ ਹੈ ਜਿਵੇਂ ਇਸ ਪਰਿਵਾਰ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਹੋਵੇ।
ਕਿਹੜੀਆਂ ਮੱਲਾਂ ਮਾਰੀਆਂ ਹਨ ਤਿੰਨੇ ਬੇਟੀਆਂ ਨੇ
ਸਭ ਤੋਂ ਵੱਡੀ ਬੇਟੀ ਰਾਜਵਿੰਦਰ ਕੌਰ (20) ਜੋ ਇਸ ਸਮੇਂ ਡੀ. ਏ. ਵੀ. ਕਾਲਜ ਬਠਿੰਡਾ ਵਿਖੇ ਬੀ. ਏ. (ਦੂਸਰਾ ਸਾਲ) ਬੜੇ ਮੁਸ਼ਕਿਲ ਹਾਲਾਤ ਵਿਚ ਕਰ ਰਹੀ ਹੈ, ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਹ ਸੰਸਾਰ 'ਚ ਹਾਕੀ ਦੀ ਵਧੀਆ ਖਿਡਾਰਨ ਸਾਬਤ ਹੋਣ ਲਈ ਜੀਅ-ਤੋੜ ਮਿਹਨਤ ਕਰ ਰਹੀ ਹੈ। ਰਾਜਵਿੰਦਰ ਨੇ ਦੱਸਿਆ ਕਿ ਉਸ ਨੇ ਨੈਸ਼ਨਲ ਲੈਵਲ 'ਤੇ ਗੋਲਡ ਤੇ ਇੰਟਰਨੈਸ਼ਨਲ ਪੱਧਰ 'ਤੇ ਤੀਸਰਾ ਸਥਾਨ ਹਾਸਲ ਕਰ ਕੇ ਬ੍ਰਾਊਂਜ਼ ਮੈਡਲ ਹਾਸਲ ਕੀਤਾ ਹੈ। ਸਾਲ 2013-14 ਦੌਰਾਨ ਅੰਡਰ-16 ਜਲੰਧਰ ਵਿਖੇ ਭਾਗ ਲੈ ਕੇ ਤੀਸਰਾ ਸਥਾਨ, ਸਾਲ 2013-14 ਦੌਰਾਨ ਅੰਡਰ-16 ਨੈਸ਼ਨਲ ਲੈਵਲ ਵਿਚ ਹਿੱਸਾ ਲੈ ਕੇ ਚੌਥਾ ਸਥਾਨ, ਸਾਲ 2015 ਦੌਰਾਨ ਅੰਡਰ-19 ਜਲੰਧਰ 'ਚ ਭਾਗ ਲੈ ਕੇ ਦੂਸਰਾ ਸਥਾਨ, ਸਾਲ 2015 ਦੌਰਾਨ ਅੰਡਰ-19 ਨੈਸ਼ਨਲ ਲੈਵਲ ਦਿੱਲੀ ਵਿਖੇ ਭਾਗ ਲੈ ਕੇ ਤੀਸਰਾ ਸਥਾਨ, ਸਾਲ 2016 ਦੌਰਾਨ ਅੰਡਰ-19 ਲੁਧਿਆਣਾ ਵਿਖੇ ਭਾਗ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ। ਉਸ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਉਸ ਦਾ ਸੁਪਨਾ ਹੈ ਕਿ ਉਹ ਡੀ. ਐੱਸ. ਪੀ. ਬਣੇ।

PunjabKesari
ਮਨਦੀਪ ਕੌਰ (18) ਜੋ ਇਸ ਸਮੇਂ ਡੀ. ਏ. ਵੀ. ਕਾਲਜ ਬਠਿੰਡਾ ਵਿਖੇ ਬੀ. ਏ. (ਪਹਿਲਾ ਸਾਲ) ਦੀ ਪੜ੍ਹਾਈ ਕਰ ਰਹੀ ਹੈ, ਨੇ ਦੱਸਿਆ ਕਿ ਉਸ ਨੇ ਵੀ ਹਾਕੀ ਨੂੰ ਚੁਣਿਆ ਤੇ ਆਪਣੇ ਕੋਚ ਸਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰਨ ਲਈ ਬਹੁਤ ਸੰਘਰਸ਼ ਕੀਤਾ। ਉਸ ਨੇ ਸਾਲ 2015 ਦੌਰਾਨ ਅੰਡਰ-19 ਰਾਜ ਪੱਧਰ 'ਤੇ ਲੁਧਿਆਣਾ ਵਿਖੇ ਹਾਕੀ 'ਚ ਭਾਗ ਲੈ ਕੇ ਦੂਸਰਾ ਸਥਾਨ, ਸਾਲ 2015 ਦੌਰਾਨ ਅੰਡਰ-19 ਨੈਸ਼ਨਲ ਪੱਧਰ 'ਤੇ ਭਾਗ ਲੈ ਕੇ ਤੀਸਰਾ, ਸਾਲ 2016 ਦੌਰਾਨ ਅੰਡਰ-19 ਅੰਮ੍ਰਿਤਸਰ ਵਿਖੇ ਭਾਗ ਲੈ ਕੇ ਦੂਸਰਾ ਸਥਾਨ ਤੇ ਸਾਲ 2017 ਦੌਰਾਨ 7ਵੀਂ ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਭੋਪਾਲ 'ਚ ਭਾਗ ਲੈ ਕੇ ਚੰਗਾ ਪ੍ਰਦਰਸ਼ਨ ਕਰ ਚੁੱਕੀ ਹੈ।

PunjabKesari
ਵੀਰਪਾਲ ਕੌਰ (16) ਨੇ ਦੱਸਿਆ ਕਿ ਉਸ ਨੇ ਸਾਲ 2015 ਦੌਰਾਨ ਅੰਡਰ-17 ਰਾਜ ਪੱਧਰ 'ਤੇ ਫਰੀਦਕੋਟ ਵਿਖੇ ਕੁਸ਼ਤੀ 'ਚ ਭਾਗ ਲੈ ਤੀਸਰਾ ਸਥਾਨ, ਸਾਲ 2016 ਦੌਰਾਨ ਸਬ ਜੂਨੀਅਰ ਦੌਰਾਨ ਮੋਗਾ ਵਿਖੇ ਭਾਗ ਲੈ ਕੇ ਪਹਿਲਾ ਸਥਾਨ, ਸਾਲ 2016 ਦੌਰਾਨ ਅੰਡਰ-16 ਦੌਰਾਨ ਰੋਪੜ ਵਿਖੇ ਭਾਗ ਲੈ ਕੇ ਪਹਿਲਾ ਸਥਾਨ, ਸਾਲ 2018 ਦੌਰਾਨ ਅੰਡਰ-19 ਦੌਰਾਨ ਨਵਾਂਸ਼ਹਿਰ ਵਿਚ ਭਾਗ ਲੈ ਕੇ ਪਹਿਲਾ ਸਥਾਨ, ਸਾਲ 2016 ਦੌਰਾਨ ਅੰਡਰ-19 ਦੌਰਾਨ ਜਲੰਧਰ ਵਿਖੇ ਭਾਗ ਲੈ ਕੇ ਪਹਿਲਾ ਸਥਾਨ, ਸਾਲ 2018 ਦੌਰਾਨ ਅੰਡਰ-17 'ਖੇਲੋ ਇੰਡੀਆ' ਦੌਰਾਨ ਅੰਮ੍ਰਿਤਸਰ ਵਿਖੇ ਭਾਗ ਲੈ ਕੇ ਪਹਿਲਾ ਹਾਸਲ ਕੀਤਾ ਹੈ।
ਕਿਸੇ ਨੇ ਵੀ ਨਹੀਂ ਕੀਤੀ ਮਦਦ
ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਰਾਸ਼ਨ ਕਾਰਡ ਹੈ ਪਰ ਉਨ੍ਹਾਂ ਨੂੰ ਕਦੇ ਵੀ ਪਿੰਡ ਦੇ ਸਰਪੰਚ ਵੱਲੋਂ ਨਾ ਤਾਂ ਸਸਤੀ ਕਣਕ ਦਿੱਤੀ ਗਈ, ਨਾ ਹੀ ਪੈਨਸ਼ਨ, ਨਾ ਹੀ ਪਖਾਨਾ ਬਣਾਇਆ ਗਿਆ ਤੇ ਨਾ ਹੀ ਉਨ੍ਹਾਂ ਦੇ ਘਰ ਦਾ ਰਸਤਾ ਪੱਕਾ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਾਰੇ ਪਿੰਡ 'ਚ ਕੱਚੇ ਰਸਤੇ ਪੱਕੇ ਕਰ ਦਿੱਤੇ ਗਏ ਅਤੇ ਪਖਾਨੇ ਬਣਾਏ ਗਏ ਹਨ ਪਰ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਜਿਸ ਨਾਲ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਧੱਬਾ ਲਾਇਆ ਜਾ ਰਿਹਾ ਹੈ।

 

PunjabKesari
ਕਿਸ ਨੇ ਕੀਤੀ ਮਦਦ
ਕਿਸਾਨ ਦੀਆਂ ਤਿੰਨਾਂ ਬੇਟੀਆਂ ਨੂੰ ਖੇਡਾਂ ਵੱਲ ਉਤਸ਼ਾਹਤ ਤੇ ਮਾਲੀ ਸਹਾਇਤਾ ਦੇਣ 'ਚ ਓਲੰਪਿਕ ਖਿਡਾਰੀ ਡੀ. ਐੱਸ. ਪੀ. ਦਲਜੀਤ ਸਿੰਘ ਢਿੱਲੋਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ। ਇਸ ਤੋਂ ਇਲਾਵਾ ਮੌਜੂਦਾ ਕੋਚ ਸ਼ਰਨਜੀਤ ਸਿੰਘ, ਜਿਸ ਦੀ ਵਜ੍ਹਾ ਕਾਰਨ ਅੱਜ ਇਹ ਤਿੰਨੇ ਖਿਡਾਰਨਾਂ ਤਰੱਕੀ ਵੱਲ ਵਧ ਰਹੀਆਂ ਹਨ। ਇਸ ਤੋਂ ਇਲਾਵਾ ਤਿੰਨਾਂ ਖਿਡਾਰਨਾਂ ਦੀ ਮਦਦ ਕਰਨ ਵਿਚ ਮਾਤਾ ਗੰਗਾ ਗਰਲਜ਼ ਸਕੂਲ ਦੇ ਪ੍ਰਿੰਸੀਪਲ ਮੈਡਮ ਸਵਰਾਜ ਕੌਰ ਤੇ ਕੋਚ ਵਿਜੇ ਕੋਸ਼ਿਸ਼ ਵੀ ਸ਼ਾਮਲ ਹਨ।
ਉਪ ਮੈਜਿਸਟ੍ਰੇਟ ਕੋਲੋਂ 24 ਘੰਟੇ 'ਚ ਮੰਗੀ ਰਿਪੋਰਟ : ਡਿਪਟੀ ਕਮਿਸ਼ਨਰ
ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਮੀਡੀਆ ਰਾਹੀਂ ਹੁਣੇ ਆਇਆ ਹੈ, ਜਿਸ ਸਬੰਧੀ ਉਪ ਮੈਜਿਸਟ੍ਰੇਟ ਖਡੂਰ ਸਾਹਿਬ ਡਾ. ਪੱਲਵੀ ਚੌਧਰੀ ਨੂੰ 24 ਘੰਟੇ 'ਚ ਰਿਪੋਰਟ ਦੇਣ ਲਈ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਇਨ੍ਹਾਂ ਖਿਡਾਰਨਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਵੇਗਾ ਤੇ ਇਨ੍ਹਾਂ ਦੇ ਬਣਦੇ ਹੱਕ ਇਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਦਿੱਤੇ ਜਾਣਗੇ।
ਕੀ ਕਹਿੰਦੇ ਹਨ ਡੀ. ਐੱਸ. ਪੀ?  
ਇਸ ਸਬੰਧੀ ਪਰਿਵਾਰ ਦੀ ਮਦਦ ਕਰਨ ਵਾਲੇ ਤਰਨਤਾਰਨ ਸ਼ਹਿਰ 'ਚ ਡੀ. ਐੱਸ. ਪੀ. (ਸਿਟੀ) ਦੇ ਤੌਰ 'ਤੇ ਸੇਵਾ ਨਿਭਾ ਚੁੱਕੇ ਦਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਹਾਕੀ ਉਨ੍ਹਾਂ ਦੀ ਮਨਪਸੰਦ ਖੇਡ ਹੈ, ਜਿਸ ਕਾਰਨ ਉਹ ਪਿਛਲੇ ਕਈ ਸਾਲਾਂ ਤੋਂ ਇਨ੍ਹ੍ਹਾਂ ਲੋੜਵੰਦ ਤੇ ਗ਼ਰੀਬ ਪਰਿਵਾਰ ਦੀਆਂ ਖਿਡਾਰਨਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਲਈ ਆਪਣੀ ਤਨਖ਼ਾਹ 'ਚੋਂ ਮਦਦ ਕਰਦੇ ਆਏ ਹਨ ਤੇ ਅੱਜ ਵੀ ਮਦਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹ੍ਹਾਂ ਵੱਲੋਂ ਬਣਾਏ ਗਏ ਹਾਕੀ ਦੇ ਕੈਂਪ 'ਚ ਹੋਰ ਵੀ ਕਈ ਜ਼ਰੂਰਤਮੰਦ ਲੜਕੀਆਂ ਸ਼ਾਮਲ ਹਨ, ਜਿਨ੍ਹਾਂ ਦੀ ਉਹ ਤੇ ਉਨ੍ਹਾਂ ਦੇ ਸਾਥੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹੋ ਜਿਹੀਆਂ ਲੜਕੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਖੇਡਾਂ 'ਚ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।


Related News