ਤੇਜ਼ਧਾਰ ਹਥਿਆਰਾਂ ਨਾਲ 3 ਵਿਅਕਤੀਆਂ ''ਤੇ ਹਮਲਾ

Thursday, Aug 03, 2017 - 03:55 AM (IST)

ਤੇਜ਼ਧਾਰ ਹਥਿਆਰਾਂ ਨਾਲ 3 ਵਿਅਕਤੀਆਂ ''ਤੇ ਹਮਲਾ

ਰੂਪਨਗਰ, (ਵਿਜੇ)- ਦੋ ਧਿਰਾਂ ਦੀ ਲੜਾਈ 'ਚ ਇਕ ਧਿਰ ਦੇ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਦੂਜੀ ਧਿਰ ਦੇ 8 ਲੋਕਾਂ ਨੇ ਉਕਤ ਤਿੰਨਾਂ 'ਤੇ ਤਲਵਾਰਾਂ ਤੇ ਗੰਡਾਸਿਆਂ ਨਾਲ ਹਮਲਾ ਕੀਤਾ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ 8 ਦੋਸ਼ੀ ਕਾਰ ਸਮੇਤ ਫਰਾਰ ਹੋ ਗਏ। ਘਟਨਾ ਤੋਂ ਬਾਅਦ ਸ਼ਹਿਰ 'ਚ ਡਰ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਕੁਝ ਦਿਨਾਂ 'ਚ ਹੀ ਇਹ ਆਪਸੀ ਗੈਂਗਵਾਰ ਦੀ ਦੂਜੀ ਘਟਨਾ ਹੈ।
ਅੱਜ ਬਾਅਦ ਦੁਪਹਿਰ ਅਮਨਦੀਪ ਸਿੰਘ ਨਿਵਾਸੀ ਅਵਾਨਕੋਟ, ਜਸਵੀਰ ਸਿੰਘ, ਨਰਿੰਦਰ ਸਿੰਘ ਜੋ ਇਸੇ ਇਲਾਕੇ ਦੇ ਹਨ, ਇਕ ਪੇਸ਼ੀ ਦੇ ਸਿਲਸਿਲੇ 'ਚ ਜ਼ਿਲਾ ਅਦਾਲਤ ਰੂਪਨਗਰ ਆਏ ਹੋਏ ਸਨ। ਪੇਸ਼ੀ ਤੋਂ ਬਾਅਦ ਇਹ ਤਿੰਨੇ ਅਦਾਲਤ ਤੋਂ ਇਕ ਮੋਟਰਸਾਈਕਲ 'ਤੇ ਰੇਲਵੇ ਸਟੇਸ਼ਨ ਵੱਲ ਜਾ ਰਹੇ ਸਨ ਕਿ ਰਸਤੇ 'ਚ ਐੱਨ. ਸੀ. ਸੀ. ਅਕੈਡਮੀ ਕੋਲ ਦੂਜੇ ਗੇਟ 'ਤੇ ਮੁਲਜ਼ਮਾਂ ਨੇ ਹਿਮਾਚਲ ਪ੍ਰਦੇਸ਼ ਦੇ ਨੰਬਰ ਦੀ ਸਫੈਦ ਰੰਗ ਦੀ ਇੰਡੀਗੋ ਕਾਰ 'ਚ ਸਵਾਰ ਹੋ ਕੇ ਮੋਟਰਸਾਈਕਲ ਨੂੰ ਟੱਕਰ ਮਾਰੀ ਤੇ ਉਨ੍ਹਾਂ ਦੇ ਡਿੱਗਦਿਆਂ ਹੀ ਉਨ੍ਹਾਂ 'ਤੇ ਤਲਵਾਰਾਂ ਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ। ਇਸੇ ਦੌਰਾਨ ਐੱਨ. ਸੀ. ਸੀ. ਅਕੈਡਮੀ ਤੋਂ ਕੁਝ ਵਰਕਰ ਬਾਹਰ ਨਿਕਲੇ। ਉਨ੍ਹਾਂ ਤਿੰਨੇ ਵਿਅਕਤੀਆਂ ਨੂੰ ਬਚਾਇਆ ਤੇ ਹਸਪਤਾਲ ਪਹੁੰਚਾਇਆ, ਜਦੋਂਕਿ 8 ਲੋਕ ਆਪਣੇ ਹਥਿਆਰ ਛੱਡ ਕੇ ਭੱਜਣ 'ਚ ਸਫਲ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਥਿਆਰਾਂ ਤੋਂ ਇਲਾਵਾ ਉਨ੍ਹਾਂ ਕੋਲ ਇਕ ਪਿਸਤੌਲ ਵੀ ਸੀ, ਜੋ ਉਥੇ ਡਿੱਗ ਗਿਆ। ਪਤਾ ਲੱਗਾ ਹੈ ਕਿ ਸਾਲ 2016 'ਚ ਘਨੌਲੀ ਮੰਡੀ 'ਚ ਅਮਨਦੀਪ ਧਿਰ ਨੇ ਦੂਜੀ ਧਿਰ ਦੇ ਜਿੰਮੀ ਨਾਮਕ ਵਿਅਕਤੀ 'ਤੇ ਹਮਲਾ ਕੀਤਾ ਸੀ, ਜਿਸ ਕਾਰਨ ਅਮਨਦੀਪ 'ਤੇ ਥਾਣਾ ਸਦਰ ਰੂਪਨਗਰ 'ਚ ਧਾਰਾ 307 ਤਹਿਤ ਮਾਮਲਾ ਦਰਜ ਹੋ ਗਿਆ ਸੀ। ਉਸ ਤੋਂ ਬਾਅਦ ਜਿੰਮੀ ਦੀ ਮੌਤ ਹੋ ਗਈ ਸੀ। ਅੱਜ ਦਾ ਹਮਲਾ ਆਪਣੇ ਮੈਂਬਰ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਪੁਲਸ ਨੂੰ ਜਾਣਕਾਰੀ ਸੀ ਕਿ ਅੱਜ ਤਿੰਨੇ ਵਿਅਕਤੀ ਅਦਾਲਤ 'ਚ ਪੇਸ਼ੀ 'ਤੇ ਆ ਰਹੇ ਹਨ ਪਰ ਉਨ੍ਹਾਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਕਾਰੀ ਕਾਲਜ ਦੀ ਇਕ ਗੈਂਗਵਾਰ 'ਚ ਗੋਲੀਆਂ ਚੱਲਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ। ਉਸ ਤੋਂ ਬਾਅਦ ਸ਼ਹਿਰ 'ਚ ਸੁਰੱਖਿਆ ਵਧਾ ਦਿੱਤੀ ਗਈ ਪਰ ਅੱਜ ਇਹ ਦੂਜੀ ਘਟਨਾ ਵਾਪਰ ਗਈ। ਡੀ. ਐੱਸ. ਪੀ. ਮਨਵੀਰ ਸਿੰਘ ਬਾਜਵਾ ਨੇ ਦੱਸਿਆ ਕਿ ਸਾਰੇ 8 ਹਮਲਾਵਰ ਫਰਾਰ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੁਲਸ ਜਾਂਚ ਤੋਂ ਬਾਅਦ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਵੱਲ ਪੁਲਸ ਹੋਰ ਧਿਆਨ ਦੇ ਰਹੀ ਹੈ ਤਾਂ ਕਿ ਕੋਈ ਹੋਰ ਘਟਨਾ ਨਾ ਵਾਪਰੇ।


Related News