ਲੁਟੇਰਾ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
Sunday, Oct 29, 2017 - 12:22 AM (IST)
ਗੁਰਦਾਸਪੁਰ, ਦੀਨਨਗਰ, (ਵਿਨੋਦ, ਕਪੂਰ)- ਦੀਨਾਨਗਰ ਪੁਲਸ ਨੇ ਚੋਰ ਗਿਰੋਹ ਦਾ ਪਰਦਾਫਾਸ਼ ਕਰ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਚੋਰੀ ਦਾ ਵੱਡੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ।
ਥਾਣਾ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੀਨਾਨਗਰ ਪੁਲਸ ਸਟੇਸ਼ਨ 'ਚ ਤਾਇਨਾਤ ਸਹਾਇਕ ਪੁਲਸ ਇੰਸਪੈਕਟਰ ਦਲਜੀਤ ਸਿੰਘ ਨੇ ਪੁਲਸ ਪਾਰਟੀ ਨਾਲ ਪਿੰਡ ਪਨਿਆੜ ਕੋਲ ਨਾਕਾ ਲਾ ਰੱਖਿਆ ਸੀ ਕਿ ਕਿਸੇ ਮੁਖਬਰ ਨੇ ਸੂਚਿਤ ਕੀਤਾ ਕਿ ਚੋਰਾਂ ਦਾ ਇਕ ਗਿਰੋਹ ਅੱਜ ਇਕ ਵੈਗਨਾਰ ਨੰਬਰ ਡੀ. ਐੱਲ-8 ਸੀ. ਜੀ. 5255 ਵਿਚ ਚੋਰੀ ਦਾ ਸਾਮਾਨ ਲੈ ਕੇ ਪਠਾਨਕੋਟ ਤੋਂ ਗੁਰਦਾਸਪੁਰ ਦੀ ਵੱਲ ਆ ਰਹੇ ਹਨ ਅਤੇ ਇਹ ਸਾਮਾਨ ਉਹ ਵੇਚਣ ਦੀ ਤਿਆਰੀ ਵਿਚ ਹਨ। ਸੂਚਨਾ ਦੇ ਆਧਾਰ 'ਤੇ ਉਕਤ ਨੰਬਰ ਦੀ ਕਾਰ ਨਾਕੇ 'ਤੇ ਆਈ ਤਾਂ ਉਸ ਨੂੰ ਰੋਕ ਕੇ ਜਦ ਤਾਲਾਸ਼ੀ ਲਈ ਗਈ ਤਾਂ ਉਸ ਵਿਚ ਕਾਫੀ ਮਾਤਰਾ ਵਿਚ ਸਾਮਾਨ ਬਰਾਮਦ ਹੋਇਆ। ਵਾਹਨ 'ਚ ਸਵਾਰ ਲੋਕਾਂ ਤੋਂ ਪੁੱਛਗਿੱਛ ਕਰਨ 'ਤੇ ਉਨ੍ਹਾਂ ਨੇ ਆਪਣਾ ਨਾਂ ਮਲਕੀਤ ਸਿੰਘ ਪੁੱਤਰ ਸੂਰਤ ਸਿੰਘ, ਜਸਕਰਨ ਸਿੰਘ ਪੁੱਤਰ ਰਤਨ ਸਿੰਘ ਦੋਵੇਂ ਵਾਸੀ ਪਿੰਡ ਰਾਨਾ ਪੁਲਸ ਸਟੇਸ਼ਨ ਟਾਂਡਾ ਅਤੇ ਗੁਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਪੁਲ ਪੁਖਤਾ ਵਜੋਂ ਹੋਈ।
ਪੁਲਸ ਅਧਿਕਾਰੀ ਅਨੁਸਾਰ ਕਾਰ ਦੀ ਤਾਲਾਸ਼ੀ ਲੈਣ 'ਤੇ ਉਸ ਵਿਚੋਂ ਵੱਖ-ਵੱਖ ਵਾਹਨਾਂ ਦੀਆਂ 17 ਬੈਟਰੀਆਂ, ਮਿਊਜਕ ਡੈਕ-1,ਐੱਲ. ਸੀ. ਡੀ.-1, ਡੀ. ਵੀ. ਡੀ.-1, ਐਮਪਲੀਫਾਇਰ-1, ਵਾਹਨ ਸਟਪਨੀ-1, ਗੈਸ ਸਿੰਲਡਰ-1 ਤੇ ਟੂਲ ਕਿਟ ਬਰਾਮਦ ਹੋਈ।
ਪੁਲਸ ਅਧਿਕਾਰੀ ਅਨੁਸਾਰ ਇਹ ਸਾਮਾਨ ਇਸ ਲੁਟੇਰੇ ਗਿਰੋਹ ਨੇ ਜ਼ਿਲਾ ਪੁਲਸ ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ ਇਲਾਕੇ ਤੋਂ ਚੋਰੀ ਕੀਤਾ ਸੀ। ਮੁੱਢਲੀ ਪੁੱਛਗਿੱਛ 'ਚ ਦੋਸ਼ੀਆਂ ਨੇ ਸਵੀਕਾਰ ਕੀਤਾ ਕਿ ਇਨ੍ਹਾਂ 3 ਜ਼ਿਲਿਆਂ 'ਚ ਹੋਰ ਕਈ ਚੋਰੀਆਂ ਕੀਤੀਆਂ ਹਨ ਅਤੇ ਸਾਮਾਨ ਵੱਖ-ਵੱਖ ਸ਼ਹਿਰਾਂ 'ਚ ਵੇਚ ਚੁੱਕੇ ਹਨ।
