ਜਰਮਨ ਤੇ ਫ੍ਰੈਂਚ ''ਥ੍ਰੀ ਲੈਂਗੂਏਜ ਫਾਰਮੂਲੇ'' ''ਚੋਂ ਹੋਣਗੀਆਂ ਆਊਟ

Thursday, Oct 26, 2017 - 06:42 AM (IST)

ਜਰਮਨ ਤੇ ਫ੍ਰੈਂਚ ''ਥ੍ਰੀ ਲੈਂਗੂਏਜ ਫਾਰਮੂਲੇ'' ''ਚੋਂ ਹੋਣਗੀਆਂ ਆਊਟ

ਲੁਧਿਆਣਾ  (ਵਿੱਕੀ) - ਵਿਦੇਸ਼ੀ ਭਾਸ਼ਾਵਾਂ ਜਰਮਨ ਅਤੇ ਫ੍ਰੈਂਚ ਅਗਲੇ ਵਿਦਿਅਕ ਸੈਸ਼ਨ ਤੋਂ ਸੀ. ਬੀ. ਐੱਸ. ਈ. ਸਕੂਲਾਂ 'ਚ 'ਥ੍ਰੀ ਲੈਂਗੂਏਜ ਫਾਰਮੂਲੇ' ਦਾ ਹਿੱਸਾ ਨਹੀਂ ਬਣਨਗੀਆਂ। ਮਨੁੱਖੀ ਸੰਸਾਧਨ ਤੇ ਵਿਕਾਸ ਮੰਤਰਾਲੇ ਨੇ ਸੀ. ਬੀ. ਐੱਸ. ਈ. ਨੂੰ ਕਿਹਾ ਹੈ ਕਿ ਅਜਿਹੀ ਵਿਵਸਥਾ ਬਣਾਈ ਜਾਵੇ ਕਿ ਕਿਸੇ ਵਿਦਿਆਰਥੀ ਨੂੰ ਵਿਦੇਸ਼ੀ ਭਾਸ਼ਾ ਪੜ੍ਹਨੀ ਹੈ ਤਾਂ ਉਹ ਉਸ ਨੂੰ ਚੌਥੀ ਜਾਂ ਪੰਜਵੀਂ ਲੈਂਗੁਏਜ ਵਜੋਂ ਚੁਣੇ।
ਐੱਮ. ਐੱਚ. ਆਰ. ਡੀ. ਦੇ ਇਸ ਰੁਖ ਤੋਂ ਸਾਫ ਹੈ ਕਿ ਸਕੂਲਾਂ ਵਿਚ ਅਗਲੇ ਵਿਦਿਅਕ ਸੈਸ਼ਨ ਤੋਂ ਥ੍ਰੀ ਲੈਂਗੂਏਜ ਫਾਰਮੂਲੇ 'ਚ ਜਰਮਨ ਅਤੇ ਫ੍ਰੈਂਚ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਸ਼ਾਮਲ ਨਹੀਂ ਹੋਣਗੀਆਂ। ਜਾਣਕਾਰਾਂ ਮੁਤਾਬਕ ਸੰਵਿਧਾਨ ਦੀ 8ਵੀਂ ਅਨੁਸੂਚੀ 'ਚ ਸ਼ਾਮਲ ਭਾਸ਼ਾਵਾਂ ਨੂੰ ਥ੍ਰੀ-ਲੈਂਗੂਏਜ ਫਾਰਮੂਲੇ ਤਹਿਤ ਪੜ੍ਹਾਇਆ ਜਾਣਾ ਚਾਹੀਦਾ ਹੈ। ਜਦੋਂਕਿ ਵਿਦੇਸ਼ੀ ਭਾਸ਼ਾਵਾਂ ਨੂੰ ਚੌਥੀ ਲੈਂਗੂਏਜ ਦੇ ਰੂਪ ਵਿਚ। ਹੁਣ ਜੇਕਰ ਸੀ. ਬੀ. ਐੱਸ. ਈ., ਐੱਮ. ਐੱਚ. ਆਰ. ਡੀ. ਦੀ ਇਸ ਯੋਜਨਾ ਨੂੰ ਲਾਗੂ ਕਰਦੀ ਹੈ ਤਾਂ ਅਗਲੇ ਸਾਲ ਤੋਂ ਇਹ ਬਦਲਾਅ ਹੋ ਜਾਣਗੇ। ਹਾਲ ਦੀ ਘੜੀ ਵਿਦਿਆਰਥੀ ਥ੍ਰੀ-ਲੈਂਗੂਏਜ ਤਹਿਤ ਵਿਦੇਸ਼ੀ ਭਾਸ਼ਾ ਪੜ੍ਹ ਰਹੇ ਹਨ।
ਇਕ ਆਧੁਨਿਕ ਭਾਰਤੀ ਭਾਸ਼ਾ ਵੀ ਸਿੱਖਣੀ ਚਾਹੀਦੀ ਹੈ
ਸਰਕਾਰ ਵੱਲੋਂ ਬਣਾਈ ਗਈ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਥ੍ਰੀ-ਲੈਂਗੂਏਜ ਫਾਰਮੂਲੇ 'ਚ ਹਿੰਦੀ ਭਾਸ਼ਾਈ ਰਾਜਾਂ ਦੇ ਵਿਦਿਆਰਥੀਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਇਕ ਆਧੁਨਿਕ ਭਾਰਤੀ ਭਾਸ਼ਾ ਜ਼ਰੂਰੀ ਤੌਰ 'ਤੇ ਸਿੱਖਣੀ ਚਾਹੀਦੀ ਹੈ। ਮੌਜੂਦਾ ਸਮੇਂ 'ਚ ਦੇਸ਼ ਭਰ ਵਿਚ ਕਰੀਬ 18 ਹਜ਼ਾਰ ਤੋਂ ਜ਼ਿਆਦਾ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਸਕੂਲ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਜਰਮਨ ਅਤੇ ਫ੍ਰੈਂਚ ਵਰਗੀਆਂ ਭਾਸ਼ਾਵਾਂ 'ਚੋਂ ਇਕ ਭਾਸ਼ਾ ਨੂੰ ਅੱਠਵੀਂ ਕਲਾਸ ਤੱਕ ਪੜ੍ਹਾਉਂਦੇ ਹਨ।
ਥ੍ਰੀ ਲੈਂਗੁਏਜ ਫਾਰਮੂਲੇ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ ਸਕੇ ਸਕੂਲ
ਜਾਣਕਾਰੀ ਮੁਤਾਬਕ ਥ੍ਰੀ-ਲੈਂਗੂਏਜ ਫਾਰਮੂਲੇ ਦਾ ਮਕਸਦ ਇਹ ਸੀ ਕਿ ਵਿਦਿਆਰਥੀ ਆਪਣੀ ਮਾਤ ਭਾਸ਼ਾ ਦੇ ਨਾਲ-ਨਾਲ ਦੂਜੀਆਂ ਭਾਰਤੀ ਭਾਸ਼ਾਵਾਂ ਵੀ ਸਿੱਖ ਸਕਣੇ। ਉਦਾਹਰਨ ਵਜੋਂ ਉੱਤਰੀ ਭਾਰਤ ਦੇ ਲੋਕ ਹਿੰਦੀ ਦੇ ਨਾਲ ਦੱਖਣੀ ਭਾਰਤ ਅਤੇ ਉੱਤਰ-ਪੂਰਬ ਵਿਚ ਬੋਲੀ ਜਾਣ ਵਾਲੀ ਭਾਸ਼ਾ ਸਿੱਖ ਸਕਣ ਪਰ ਸੀ. ਬੀ. ਐੱਸ. ਈ. ਸਕੂਲਾਂ ਵਿਚ ਥ੍ਰੀ-ਲੈਂਗੂਏਜ ਫਾਰਮੂਲੇ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ। ਸਕੂਲਾਂ ਵਿਚ ਭਾਰਤੀ ਭਾਸ਼ਾਵਾਂ ਦੀ ਬਜਾਏ ਵਿਦਿਆਰਥੀਆਂ ਨੂੰ ਲੈਂਗੂਏਜ ਫਾਰਮੂਲੇ ਤਹਿਤ ਜਰਮਨ ਅਤੇ ਫ੍ਰੈਂਚ ਵਰਗੀਆਂ ਭਾਸ਼ਾਵਾਂ ਹੀ ਪੜ੍ਹਾਈਆਂ ਜਾਂਦੀਆਂ ਰਹੀਆਂ।
ਥ੍ਰੀ-ਲੈਂਗੁਏਜ ਫਾਰਮੂਲੇ 'ਚ ਹੋਣਗੀਆਂ ਭਾਰਤੀ ਭਾਸ਼ਾਵਾਂ
ਥ੍ਰੀ ਲੈਂਗੂਏਜ ਫਾਰਮੂਲੇ ਤਹਿਤ ਵਿਦਿਆਰਥੀ ਸੰਵਿਧਾਨ ਦੀਆਂ 22 ਭਾਸ਼ਾਵਾਂ ਅਤੇ ਅੰਗਰੇਜ਼ੀ ਸਮੇਤ ਕੁੱਲ 23 ਭਾਸ਼ਾਵਾਂ ਵਿਚੋਂ ਕੋਈ ਵੀ 3 ਭਾਸ਼ਾਵਾਂ ਚੁਣ ਸਕਦੇ ਹਨ। ਇਸ ਫਾਰਮੂਲੇ ਦੇ ਤਹਿਤ ਵਿਦਿਆਰਥੀਆਂ ਨੂੰ 23 ਭਾਸ਼ਾਵਾਂ ਵਿਚੋਂ ਹੀ 3 ਭਾਸ਼ਾਵਾਂ ਦੀ ਚੋਣ ਕਰਨੀ ਹੋਵੇਗੀ। ਜੇਕਰ ਵਿਦਿਆਰਥੀਆਂ ਨੂੰ ਜਰਮਨ, ਫ੍ਰੈਂਚ ਜਾਂ ਹੋਰ ਕੋਈ ਵਿਦੇਸ਼ੀ ਭਾਸ਼ਾ ਪੜ੍ਹਨੀ ਹੈ ਤਾਂ ਇਸ ਨੂੰ ਚੌਥੇ ਜਾਂ ਪੰਜਵੇਂ ਬਦਲ ਵਜੋਂ ਪੜ੍ਹ ਸਕਦੇ ਹਨ ਪਰ ਥ੍ਰੀ ਲੈਂਗੂਏਜ ਵਿਚ ਭਾਰਤੀ ਭਾਸ਼ਾਵਾਂ ਹੀ ਹੋਣਗੀਆਂ। ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਕੇਂਦਰੀ ਮਨੁੱਖ ਸੰਸਾਧਨ ਤੇ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਸੀ. ਬੀ. ਐੱਸ. ਈ. ਨੂੰ ਇਸ ਸਬੰਧੀ ਸਰਕੂਲਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸਨ।


Related News