ਸੁਨਾਮ ’ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਇਕੱਠਿਆਂ ਤਿੰਨ ਮਜ਼ਦੂਰਾਂ ਦੀ ਮੌਤ

04/08/2023 6:26:15 PM

ਸੁਨਾਮ (ਬਾਂਸਲ) : ਸੁਨਾਮ ਦੇ ਪਿੰਡ ਨਮੋਲ ਵਿਖੇ ਕਥਿਤ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਤਿੰਨੇ ਮਜ਼ਦੂਰ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਨੇ ਰਾਤ ਸਮੇਂ ਇਕੱਠੇ ਬੈਠ ਕੇ ਸ਼ਰਾਬ ਪੀਤੀ ਸੀ ਪਰ ਜਦੋਂ ਪਰਿਵਾਰਕ ਮੈਂਬਰਾਂ ਨੇ ਸਵੇਰੇ ਦੇਖਿਆ ਤਾਂ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਚਮਕੌਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਰਾਬ ਪੀ ਕੇ ਆਇਆ ਸੀ ਅਤੇ ਸੌਂ ਗਿਆ ਪਰ ਜਦੋਂ ਸਵੇਰੇ ਉਹ ਨਹੀਂ ਉਠਿਆ ਤਾਂ ਉਸ ਨੇ ਦੇਖਿਆ ਤਾਂ ਚਮੌਕਰ ਸਿੰਘ ਦੀ ਮੌਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : ਪਤਨੀ ਤੇ ਪੁੱਤ ਨੂੰ ਕਤਲ ਕਰਨ ਤੋਂ ਬਾਅਦ ਏ. ਐੱਸ. ਆਈ. ਨੇ ਕੈਨੇਡਾ ’ਚ ਪੁੱਤ ਨੂੰ ਕੀਤਾ ਫੋਨ, ‘ਮੈਂ ਸਭ ਨੂੰ ਮਾਰ ’ਤਾ’

ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਪਿੰਡ ’ਚ ਕਾਫੀ ਸਮੇਂ ਤੋਂ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ ਅਤੇ ਉਕਤ ਮਜ਼ਦੂਰਾਂ ਦੀ ਮੌਤ ਵੀ ਇਸੇ ਸ਼ਰਾਬ ਕਾਰਨ ਹੋਈ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਇਸ ਮਾਮਲੇ ਨੂੰ ਲੈ ਕੇ ਪੂਰੇ ਪਿੰਡ ਵਲੋਂ ਸੰਘਰਸ਼ ਵਿੱਢਿਆ ਜਾ ਸਕਦਾ ਹੈ। ਚਮਕੌਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਘਰ ਵਿਚ ਸਿਰਫ ਚਮਕੌਰ ਸਿੰਘ ਹੀ ਕਮਾਉਣ ਵਾਲਾ ਸੀ। ਚਮਕੌਰ ਸਿੰਘ ਪਿੱਛੇ ਪਤਨੀ, ਛੋਟਾ ਲੜਕਾ ਅਤੇ ਬੇਟੀ ਨੂੰ ਛੱਡ ਗਿਆ ਹੈ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਮਜ਼ਦੂਰ ਗੁਰਤੇਜ ਸਿੰਘ ਰਾਤ ਨੂੰ ਕਾਫੀ ਸ਼ਰਾਬ ਪੀ ਕੇ ਘਰ ਆਇਆ ਸੀ, ਜਦੋਂ ਸਵੇਰੇ ਉਸ ਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਵੀ. ਆਈ. ਪੀ. ਸੈਕਟਰ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, ਗਾਹਕ ਬਣ ਕੇ ਗਈ ਪੁਲਸ ਦੇ ਉੱਡੇ ਹੋਸ਼

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਚੀਮਾ ਦੇ ਐੱਸ. ਐੱਚ. ਓ. ਲਖਬੀਰ ਸਿੰਘ ਨੇ ਦੱਸਿਆ ਕਿ ਸਵੇਰੇ ਪਿੰਡ ਨਮੋਲ ਦੇ ਸਰਪੰਚ ਦਾ ਫ਼ੋਨ ਆਇਆ ਸੀ, ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਮਜ਼ਦੂਰ ਚਮਕੌਰ ਸਿੰਘ, ਗੁਰਤੇਜ ਸਿੰਘ ਤੇ ਗੁਰਮੇਲ ਸਿੰਘ ਮ੍ਰਿਤਕ ਹਾਲਤ ’ਚ ਪਏ ਸਨ। ਪੁਲਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵਿਆਹ ਸਮਾਗਮ ’ਚੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਤਿੰਨ ਜੀਆਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News