ਕਰੋੜਾਂ ਰੁਪਏ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫ਼ਤਾਰ

Tuesday, Mar 31, 2026 - 11:08 AM (IST)

ਕਰੋੜਾਂ ਰੁਪਏ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫ਼ਤਾਰ

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਖੁੱਲਰ, ਆਨੰਦ) : ਫਿਰੋਜ਼ਪੁਰ ਦੇ ਥਾਣਾ ਮਮਦੋਟ ਦੀ ਪੁਲਸ ਨੇ ਏ. ਐੱਸ. ਆਈ. ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਪਿੰਡ ਮੋਹਰ ਵਾਲਾ ਨੇੜੇ ਮੋਟਰਸਾਈਕਲ ’ਤੇ ਆਉਂਦੇ ਦੋ ਕਥਿਤ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ 501 ਗ੍ਰਾਮ ਹੈਰੋਇਨ ਅਤੇ ਇਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਕਰਨ ਸ਼ਰਮਾ ਨੇ ਦੱਸਿਆ ਕਿ ਜਦੋਂ ਥਾਣਾ ਮਮਦੋਟ ਦੀ ਪੁਲਸ ਏ. ਐੱਸ. ਆਈ. ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਰਾਤ 10.00 ਵਜੇ ਪਿੰਡ ਮੋਹਰ ਵਾਲਾ ਨੇੜੇ ਪਹੁੰਚੀ ਤਾਂ ਪੁਲਸ ਪਾਰਟੀ ਨੇ ਧੀਰਾ ਪਤਰਾ ਵੱਲ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਆਉਂਦੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ।

ਉਨ੍ਹਾਂ ਨੂੰ ਸ਼ੱਕ ਦੇ ਅਧਾਰ ’ਤੇ ਗ੍ਰਿਫ਼ਤਾਰ ਕਰ ਕੇ ਜਦ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਸ ਨੂੰ ਆਪਣਾ ਨਾਂ ਕਾਰਜ ਸਿੰਘ ਪੁੱਤਰ ਪਿਆਰਾ ਲਾਲ ਅਤੇ ਅੰਮ੍ਰਿਤ ਸਿੰਘ ਪੁੱਤਰ ਬਲਵੰਤ ਸਿੰਘ ਦੱਸਿਆ ਅਤੇ ਉਨ੍ਹਾਂ ਦੇ ਮੋਢਿਆਂ ’ਤੇ ਟੰਗੇ ਹੋਏ ਪਿਠੂ ਬੈਗ ਜਦੋਂ ਖੋਲ੍ਹ ਕੇ ਚੈੱਕ ਕੀਤੇ ਗਏ ਤਾਂ ਉਸ ’ਚੋਂ 501 ਗ੍ਰਾਮ ਹੈਰੋਇਨ ਅਤੇ ਇਕ ਮੋਬਾਇਲ ਫੋਨ ਬਰਾਮਦ ਹੋਇਆ। ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਦੇ ਬੈਕਵਰਡ ਅਤੇ ਫਾਰਵਡ ਲਿੰਕ ਟਰੇਸ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਵਲੋਂ ਮੰਗਵਾਈ ਗਈ ਸੀ, ਜੋ ਅੱਗੇ ਸਪਲਾਈ ਕੀਤੀ ਜਾਣੀ ਸੀ। ਜਾਣਕਾਰੀ ਅਨੁਸਾਰ ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।


author

Babita

Content Editor

Related News