ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ, ਟਿਕਟਾਕ ਸਟਾਰ ''ਤੇ ਗੋਲੀ ਚਲਾਉਣ ਵਾਲੇ ਮੁੱਖ ਮੁਲਜ਼ਮ ਸਮੇਤ ਤਿੰਨ ਕਾਬੂ
Tuesday, Nov 10, 2020 - 04:56 PM (IST)
ਚੰਡੀਗੜ੍ਹ (ਸੁਸ਼ੀਲ) : ਪੰਜਾਬ ਪੁਲਸ ਨੂੰ ਵਾਂਟੇਡ ਅਤੇ ਸੈਕਟਰ-9 ਸਥਿਤ ਐੱਸ. ਕੇ. ਬਾਰ 'ਚ ਟਿਕਟਾਕ ਸਟਾਰ ਸੌਰਵ ਗੁੱਜਰ ਨੂੰ ਗੋਲੀ ਮਾਰ ਕੇ ਫਰਾਰ ਚੱਲ ਰਹੇ ਮੁੱਖ ਮੁਲਜ਼ਮ ਸਮੇਤ ਤਿੰਨ ਨੌਜਵਾਨਾਂ ਨੂੰ ਸੈਕਟਰ-3 ਥਾਣਾ ਪੁਲਸ ਨੇ ਕੈਂਬਵਾਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁੱਖ ਮੁਲਜ਼ਮ ਦੀ ਪਛਾਣ ਲੁਧਿਆਣਾ ਦੇ ਪ੍ਰੇਮ ਨਗਰ ਨਿਵਾਸੀ ਸਾਗਰ ਨਿਊਟਨ, ਕਿਲਾ ਮਹੱਲਾ ਨਿਵਾਸੀ ਮੋਵਿਸ਼ ਬੈਂਸ ਅਤੇ ਨਬਾਲਿਗ ਵਜੋਂ ਹੋਈ। ਮੁੱਖ ਮੁਲਜ਼ਮ ਸਾਗਰ ਤੋਂ .32 ਬੋਰ ਦੀ ਪਿਸਟਲ ਅਤੇ ਤਿੰਨ ਕਾਰਤੂਸ ਬਰਾਮਦ ਹੋਏ। ਲੱਗਦਾ ਹੈ ਕਿ ਜਿਸ ਸਮੇਂ ਪੁਲਸ ਮੁਲਜ਼ਮਾਂ ਨੂੰ ਫੜਨ ਲੱਗੀ ਤਾਂ ਸਾਗਰ ਨੇ ਪਿਸਟਲ ਨਾਲ ਪੁਲਸ ਟੀਮ 'ਤੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਫਾਇਰਿੰਗ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸੈਕਟਰ-3 ਥਾਣਾ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਨਾਬਾਲਗ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਜਦੋਂ ਕਿ ਸਾਗਰ ਤੇ ਮੋਵਿਸ਼ ਨੂੰ ਅਦਾਲਤ ਨੇ ਸੱਤ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜਿਆ ਹੈ।
ਵਿਜੇ ਅਤੇ ਰਾਜਾ ਕਰਦੇ ਸਨ ਪਿਸਟਲ ਦੀ ਸਪਲਾਈ
ਪੁੱਛਗਿਛ ਵਿਚ ਮੁਲਜ਼ਮਾਂ ਨੇ ਦੱਸਿਆ ਕਿ ਅਪਰਾਧਕ ਵਾਰਦਾਤ ਵਿਚ ਇਸਤੇਮਾਲ ਕਰਨ ਲਈ ਪਿਸਟਲ ਉਸ ਨੂੰ ਲੁਧਿਆਣਾ ਦਾ ਵਿਜੇ ਅਤੇ ਰਾਜਾ ਸਪਲਾਈ ਕਰਦੇ ਸਨ। ਪੁਲਸ ਟੀਮ ਫੜ੍ਹੇ ਗਏ ਦੋਵਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਵਿਜੇ ਅਤੇ ਰਾਜਾ ਨੂੰ ਫੜਨ ਲਈ ਲੁਧਿਆਣਾ ਰਵਾਨਾ ਹੋ ਗਈ ਹੈ।
ਇਹ ਵੀ ਪੜ੍ਹੋ : 'ਬਠਿੰਡਾ 'ਚ ਜ਼ਹਿਰੀਲੇ ਧੂੰਏਂ ਦੀ ਵਰਖਾ', ਲੋਕਾਂ ਨੂੰ ਸਾਹ ਲੈਣ 'ਚ ਮੁਸ਼ਕਲ
ਗੋਲੀ ਚਲਾਉਣ ਤੋਂ ਬਾਅਦ ਲੁਧਿਆਣਾ ਚਲੇ ਗਏ
ਸੈਕਟਰ-3 ਥਾਣਾ ਇੰਚਾਰਜ ਸ਼ੇਰ ਸਿੰਘ ਨੂੰ ਸੂਚਨਾ ਮਿਲੀ ਕਿ 11 ਅਕਤੂਬਰ ਦੀ ਰਾਤ ਬਾਰ ਵਿਚ ਟਿਕਟਾਕ ਸਟਾਰ ਸੌਰਵ ਗੁੱਜਰ ਨੂੰ ਗੋਲੀ ਮਾਰਨ ਵਾਲਾ ਮੁੱਖ ਮੁਲਜ਼ਮ ਸਾਗਰ ਨਿਊਟਨ ਆਪਣੇ ਦੋ ਸਾਥੀਆਂ ਨਾਲ ਕੈਂਬਵਾਲਾ ਦੀ ਜੰਗਲ ਵਾਲੀ ਸੜਕ ਵੱਲ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਇੰਸਪੈਕਟਰ ਸ਼ੇਰ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਕੈਂਬਵਾਲਾ ਰੋਡ 'ਤੇ ਨਾਕਾ ਲਗਾ ਕੇ ਵਾਹਨਾਂ ਅਤੇ ਲੋਕਾਂ ਦੀ ਚੈਕਿੰਗ ਕਰਨ ਲੱਗੀ। ਪੁਲਸ ਟੀਮ ਨੂੰ ਸਾਹਮਣਿਓਂ ਤਿੰਨ ਨੌਜਵਾਨ ਆਉਂਦੇ ਹੋਏ ਦਿਖਾਈ ਦਿੱਤੇ। ਪੁਲਸ ਟੀਮ ਨਾਲ ਮੌਜੂਦ ਮਾਮਲੇ Ýਚ ਸ਼ਿਕਾਇਤਕਰਤਾ ਅਤੇ ਜ਼ਖ਼ਮੀ ਸੌਰਵ ਨੇ ਗੋਲੀ ਚਲਾਉਣ ਵਾਲੇ ਤਿੰਨਾਂ ਨੌਜਵਾਨਾਂ ਦੀ ਪਛਾਣ ਕਰ ਕੇ ਪੁਲਸ ਨੂੰ ਦੱਸਿਆ। ਪੁਲਸ ਟੀਮ ਤਿੰਨਾਂ ਮੁਲਜ਼ਮਾਂ ਨੂੰ ਫੜਨ ਲੱਗੀ ਤਾਂ ਸਾਗਰ ਨਿਊਟਨ ਨੇ ਪਿਸਟਲ ਕੱਢ ਲਈ ਅਤੇ ਪੁਲਸ ਟੀਮ 'ਤੇ ਫਾਇਰਿੰਗ ਕਰਨ ਲੱਗਾ। ਪੁਲਸ ਜਵਾਨਾਂ ਨੇ ਫਾਇਰਿੰਗ ਤੋਂ ਪਹਿਲਾਂ ਹੀ ਸਾਗਰ ਨੂੰ ਦਬੋਚ ਕੇ ਉਸ ਕੋਲੋਂ ਪਿਸਟਲ ਖੋਹ ਲਈ। ਇਸ ਦੇ ਨਾਲ ਹੀ ਟੀਮ ਨੇ ਮੋਵਿਸ਼ ਬੈਂਸ ਅਤੇ ਇਕ ਨਬਾਲਿਗ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਸਾਗਰ ਤੋਂ ਪਿਸਟਲ ਅਤੇ ਤਿੰਨ ਕਾਰਤੂਸ ਬਰਾਮਦ ਹੋਏ। ਮੁਲਜ਼ਮਾਂ ਨੇ ਦੱਸਿਆ ਕਿ ਗੋਲੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੰਡੀਗੜ੍ਹ ਤੋਂ ਲੁਧਿਆਣਾ ਗਏ ਸਨ। ਇਸ ਤੋਂ ਬਾਅਦ ਵੱਖ-ਵੱਖ ਸੂਬਿਆਂ ਵਿਚ ਲੁਕਦੇ ਰਹੇ।
ਸੈਕਟਰ-9 ਗੋਲੀਕਾਂਡ : ਦੋ ਮੁਲਜ਼ਮ 7 ਦਿਨਾਂ ਦੇ ਰਿਮਾਂਡ 'ਤੇ, ਨਬਾਲਿਗ ਭੇਜਿਆ ਜੇਲ
ਗੋਲੀ ਚਲਾਉਣ ਦੇ ਮੁੱਖ ਮੁਲਜ਼ਮ ਸਾਗਰ ਨੇ ਲੁਧਿਆਣਾ ਵਿਚ ਪੂਰੀ ਤਰ੍ਹਾਂ ਦਹਿਸ਼ਤ ਮਚਾਇਆ ਹੋਇਆ ਹੈ। ਉਸ ਨੇ ਲੁਧਿਆਣਾ ਵਿਚ ਨਿਊਟਨ ਦੇ ਨਾਮ ਨਾਲ ਗੈਂਗ ਬਣਾਇਆ ਹੋਇਆ ਹੈ। ਇਸ ਗੈਂਗ ਵਿਚ ਬਹੁਤ ਸਾਰੇ ਨੌਜਵਾਨ ਜੁੜੇ ਹੋਏ ਹਨ। ਗੈਂਗ ਨੂੰ ਸਾਗਰ ਅਤੇ ਮੋਵਿਸ਼ ਬੈਂਸ ਚਲਾ ਰਹੇ ਹਨ। ਸਾਗਰ ਅਤੇ ਮੋਵਿਸ਼ ਨੇ ਤਾਂ ਲੁਧਿਆਣਾ ਪੁਲਸ ਦੀ ਨੱਕ ਵਿਚ ਦਮ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ : 16 ਮਾਰਚ ਤੋਂ ਬੰਦ ਪਏ ਕਰਤਾਰਪੁਰ ਸਾਹਿਬ ਕੋਰੀਡੋਰ ਕਾਰਣ ਕੇਂਦਰ ਸਰਕਾਰ ਤੋਂ ਬੇਹੱਦ ਖਫ਼ਾ ਹਨ ਸ਼ਰਧਾਲੂ
ਸਾਗਰ 'ਤੇ ਦਰਜ ਹਨ ਅੱਠ ਤੋਂ ਜ਼ਿਆਦਾ ਕੇਸ
ਨਿਊਟਨ ਗੈਂਗ ਦੇ ਮੁਖੀ ਸਾਗਰ 'ਤੇ ਲੁਧਿਆਣਾ ਵਿਚ ਹੱਤਿਆ, ਲੁੱਟ, ਕੁੱਟਮਾਰ ਅਤੇ ਆਰਮਜ਼ ਐਕਟ ਦੇ ਕਰੀਬ ਅੱਠ ਤੋਂ ਜ਼ਿਆਦਾ ਕੇਸ ਦਰਜ ਹੋ ਚੁੱਕੇ ਹਨ। ਸਾਗਰ 'ਤੇ ਹੱਤਿਆ ਦਾ ਕੇਸ ਲੁਧਿਆਣਾ ਦੇ ਹੈਬੋਵਾਲ ਪੁਲਸ ਥਾਣੇ ਵਿਚ, ਹੱਤਿਆ ਦੀ ਕੋਸ਼ਿਸ਼ ਦੇ ਤਿੰਨ ਕੇਸ, ਇਕ ਸੈਕਟਰ-3 ਪੁਲਸ ਸਟੇਸ਼ਨ ਵਿਚ, ਦੂਜਾ ਲੁਧਿਆਣਾ ਦੇ ਸਲੈੱਮ ਟਾਬਰੀ ਪੁਲਸ ਸਟੇਸ਼ਨ ਵਿਚ, ਤੀਜਾ ਢੋਲੇਵਾਲ ਥਾਣੇ ਵਿਚ ਦਰਜ ਹੈ। ਧਾਰਾ 452 ਦੇ ਤਹਿਤ ਲੁਧਿਆਣਾ ਦੇ ਦੁੱਗਰੀ ਪੁਲਸ ਸਟੇਸ਼ਨ ਵਿਚ, ਚੋਰੀ ਦਾ ਲੁਧਿਆਣਾ ਦੇ ਸਦਰ ਪੁਲਸ ਸਟੇਸ਼ਨ ਵਿਚ, ਧਾਰਾ 452 ਦੇ ਤਹਿਤ ਸਰਬਲ ਪੁਲਸ ਸਟੇਸ਼ਨ ਵਿਚ ਅਤੇ ਕੁਟਮਾਰ ਦੇ ਤਿੰਨ ਕੇਸ ਜ਼ਿਲਾ ਅਦਾਲਤ ਵਿਚ ਚੱਲ ਰਹੇ ਹਨ। ਇਸ ਤੋਂ ਇਲਾਵਾ ਮੋਵਿਸ਼ ਬੈਂਸ 'ਤੇ ਧਾਰਾ 452 ਦੇ ਤਹਿਤ ਲੁਧਿਆਣਾ ਦੇ ਸਲੇਮ ਟਾਵਰੀ ਪੁਲਸ ਸਟੇਸ਼ਨ ਵਿਚ ਅਤੇ ਸੈਕਟਰ-3 ਥਾਣੇ ਵਿਚ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ।
ਸੀ. ਸੀ. ਟੀ. ਵੀ. ਵਿਚ ਹੋਏ ਸਨ ਕੈਦ
ਜ਼ੀਰਕਪੁਰ ਦੇ ਸੌਰਭ ਗੁੱਜਰ 'ਤੇ ਹਮਲਾ ਕਰਨ ਵਾਲੇ ਮੋਵਿਸ਼ ਅਤੇ ਉਸ ਦੇ ਦੋਸਤ ਗੋਲੀ ਚਲਾਉਂਦੇ ਅਤੇ ਕੁੱਟਮਾਰ ਕਰਦਿਆਂ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਏ ਸਨ। ਪੁਲਸ ਵਲੋਂ ਡਿਸਕਾਂ ਅਤੇ ਆਸਪਾਸ ਸ਼ੋਅਰੂਮਾਂ ਤੋਂ ਸੀ.ਸੀ.ਟੀ.ਵੀ. ਫੁਟੇਜ ਜਬਤ ਕੀਤੀ ਗਈ ਸੀ। ਫੁਟੇਜ ਵਿਚ ਮੋਵਿਸ਼ ਆਪਣੇ ਦੋਸਤਾਂ ਨਾਲ ਕਰੀਬ ਸਾਢੇ ਦਸ ਵਜੇ ਡਿਸਕ ਵਿਚ ਇੰਟਰ ਕਰਦਿਆਂ ਕੈਦ ਹੋ ਗਏ। ਕਰੀਬ 15 ਮਿੰਟ ਬਾਅਦ ਹਮਲਵਰ ਗੋਲੀ ਚਲਾ ਕੇ ਬਾਹਰ ਆਉਂਦਾ ਹੋਇਆ ਦਿਖਾਈ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਮੰਤਰੀਆਂ ਦੀ ਲੋਕਾਂ ਨੂੰ ਸੁਰੱਖਿਅਤ ਤਿਉਹਾਰ ਮਨਾਉਣ ਦੀ ਅਪੀਲ
26 ਅਕਤੂਬਰ ਨੂੰ ਫੜ੍ਹਿਆ ਸੀ ਪਹਿਲਾ ਮੁਲਜ਼ਮ
ਸੈਕਟਰ-3 ਥਾਣਾ ਇੰਚਾਰਜ ਸ਼ੇਰ ਸਿੰਘ ਨੇ ਗੋਲੀ ਚਲਾਉਣ ਦੇ ਮਾਮਲੇ ਵਿਚ ਪਹਿਲੇ ਮੁਲਜ਼ਮ ਨੂੰ 26 ਅਕਤੂਬਰ ਨੂੰ ਸੈਕਟਰ - 3/ 4/9/10 ਦੇ ਚੌਕ 'ਤੇ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਦੀ ਪਛਾਣ ਲੁਧਿਆਣਾ ਦੇ ਪਿੰਡ ਵਿਜੇ ਨਗਰ ਨਿਵਾਸੀ ਸੁਖਦੀਪ ਉਰਫ਼ ਸੁੱਖੀ ਵਜੋਂ ਹੋਈ ਸੀ। ਪੁਲਸ ਟੀਮ ਨੇ ਸੁੱਖੀ ਦੀ ਨਿਸ਼ਾਨਦੇਹੀ 'ਤੇ ਫਰਾਰ ਮੁਲਜ਼ਮ ਸਾਗਰ, ਮੋਸ਼ਿਨ ਬੈਂਸ ਸਮੇਤ ਹੋਰ ਨੌਜਵਾਨਾਂ ਦੀ ਭਾਲ ਵਿਚ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ।
ਪੈਸੇ ਵਰ੍ਹਾਉਣ ਨੂੰ ਲੈ ਕੇ ਚੱਲੀ ਸੀ ਗੋਲੀ
ਸੈਕਟਰ-9 ਸਥਿਤ ਐੱਸ. ਕੇ. ਡਿਸਕ ਕਲੱਬ ਵਿਚ ਡਾਂਸ ਕਰਦਿਆਂ ਪੈਸੇ ਵਰ੍ਹਾਉਣ ਨੂੰ ਲੈ ਕੇ 11 ਅਕਤੂਬਰ ਨੂੰ ਦੋ ਗੁਟਾਂ ਵਿਚ ਕੁੱਟਮਾਰ ਤੋਂ ਬਾਅਦ ਗੋਲੀ ਚੱਲੀ ਸੀ। ਗੋਲੀ ਲੱਗਣ ਨਾਲ ਟਿਕਟਾਕ ਸਟਾਰ ਜ਼ੀਰਕਪੁਰ ਦੀ ਪ੍ਰੀਤ ਕਾਲੋਨੀ ਨਿਵਾਸੀ ਸੌਰਭ ਗੁੱਜਰ ਜ਼ਖ਼ਮੀ ਹੋ ਗਿਆ ਸੀ। ਹਮਲਾਵਰ ਮੋਵਿਸ਼ ਆਪਣੇ ਚਾਰ ਸਾਥੀਆਂ ਅਤੇ ਦੋ ਲੜਕੀ ਦੋਸਤਾਂ ਨਾਲ ਕਲੱਬ ਵਿਚ ਆਇਆ ਸੀ। ਉਸ ਨੇ ਕਲੱਬ ਵਿਚ ਕਰੀਬ ਸਾਢੇ ਦਸ ਵਜੇ ਇੰਟਰੀ ਕੀਤੀ ਸੀ। ਇਸ ਦੌਰਾਨ ਮੋਵਿਸ਼ ਆਪਣੇ ਦੋਸਤਾਂ ਨਾਲ ਅਤੇ ਸੌਰਭ ਗੁੱਜਰ ਆਪਣੇ ਦੋਸਤਾਂ ਨਾਲ ਡਾਂਸ ਕਰਨ ਲੱਗਾ ਸੀ। ਡਾਂਸ ਕਰਦਿਆਂ ਪੈਸੇ ਸੁੱਟਣ 'ਤੇ ਦੋਨਾਂ ਗੁਟਾਂ ਵਿਚ ਕੁੱਟਮਾਰ ਹੋ ਗਈ। ਕੁੱਟਮਾਰ ਤੋਂ ਬਾਅਦ ਦੋਵੇਂ ਗੁਟ ਬਾਹਰ ਆ ਗਏ। ਇਸ ਤੋਂ ਬਾਅਦ ਮੋਵਿਸ਼ ਨੇ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ : ਬਾਦਲ ਧੜਾ ਆਪਣੀ ਜ਼ਮੀਰ ਨੂੰ ਜਗਾਵੇ, ਗੋਲਕ ਦੀ ਅੰਨ੍ਹੀ ਲੁੱਟ 'ਤੇ ਖੋਲ੍ਹੇ ਜ਼ੁਬਾਨ : ਹਰਪ੍ਰੀਤ ਸਿੰਘ ਬੰਨੀ