ਕਤਲ ਦੇ ਮਾਮਲੇ ''ਚ ਨਾਮਜ਼ਦ 3 ਦੋਸ਼ੀ ਰਾਜਸਥਾਨ ਤੋਂ ਗ੍ਰਿਫਤਾਰ

Monday, Jan 22, 2018 - 06:16 AM (IST)

ਕਤਲ ਦੇ ਮਾਮਲੇ ''ਚ ਨਾਮਜ਼ਦ 3 ਦੋਸ਼ੀ ਰਾਜਸਥਾਨ ਤੋਂ ਗ੍ਰਿਫਤਾਰ

ਜਲਾਲਾਬਾਦ, (ਗੋਇਲ, ਨਿਖੰਜ)- ਸਥਾਨਕ ਰੇਲਵੇ ਸਟੇਸ਼ਨ ਦੇ ਲਾਗੇ ਬੀਤੀ 6 ਦਸੰਬਰ 2017 ਨੂੰ ਕਬਾੜ ਦੀ ਦੁਕਾਨ ਕਰਨ ਵਾਲੇ ਕਾਲਾ ਰਾਮ ਨਾਮਕ ਵਿਅਕਤੀ ਨਾਲ ਕੀਤੀ ਗਈ ਕੁੱਟਮਾਰ ਤੋਂ ਬਾਅਦ ਹੋਈ ਉਸ ਦੀ ਮੌਤ ਦੇ ਮਾਮਲੇ 'ਚ ਪੁਲਸ ਵੱਲੋਂ 5 ਦੋਸ਼ੀਆਂ ਵਿਰੁੱਧ ਦਰਜ ਕੀਤੇ ਗਏ ਫੌਜਦਾਰੀ ਮੁਕੱਦਮੇ ਦੇ ਸਬੰਧ 'ਚ ਪੁਲਸ ਦੀ ਪਕੜ ਤੋਂ ਫਰਾਰ ਚੱਲ ਰਹੇ ਦੋਸ਼ੀਆਂ 'ਚੋਂ ਸਥਾਨਕ ਪੁਲਸ ਨੇ 3 ਦੋਸ਼ੀਆਂ ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਲ ਹੈ, ਨੂੰ ਬੀਤੇ ਦਿਨੀਂ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਹੈ। 
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੁਖੀ ਅਭਿਨਵ ਚੌਹਾਨ ਨੇ ਦੱਸਿਆ ਕਿ ਕਾਲਾ ਰਾਮ ਦਾ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਵੱਲੋਂ ਕਾਲਾ ਰਾਮ ਦੇ ਉਪਰ ਕਿਸੇ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ ਤੇ ਬਾਅਦ 'ਚ ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਸਰਕਾਰੀ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਅਗਲੇ ਦਿਨ ਮੌਤ ਹੋ ਗਈ ਸੀ। ਪੁਲਸ ਵੱਲੋਂ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ, ਜਦਕਿ ਦੋਸ਼ੀ ਘਟਨਾ ਵਾਲੇ ਦਿਨ ਤੋਂ ਹੀ ਫਰਾਰ ਚੱਲ ਰਹੇ ਸਨ, ਜਿਨ੍ਹਾਂ ਦੀ ਪੁਲਸ ਵੱਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ। 
ਉਨ੍ਹਾਂ ਦੱਸਿਆ ਕਿ ਬੀਤੇ ਕੱਲ ਪੁਲਸ ਦੀ ਇਕ ਟੀਮ ਨੇ ਰਾਜਸਥਾਨ ਦੇ ਜ਼ਿਲਾ ਹਨੂਮਾਨਗੜ੍ਹ ਅਧੀਨ ਪੈਂਦੇ ਕਸਬੇ ਡਬਲੀ ਰਠਾਨ ਤੋਂ ਦੋਸ਼ੀਆਂ 'ਚ ਸ਼ਾਮਲ ਰੋਸ਼ਨ ਲਾਲ, ਮੋਹਿਤ ਕੁਮਾਰ, ਗੀਤਾ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਮੁਲਜ਼ਮ ਸੌਰਵ ਬੱਤਰਾ ਤੇ ਮਨੀਸ਼ ਹਾਲੇ ਵੀ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਦੋਸ਼ੀ ਰੋਸ਼ਨ ਲਾਲ ਤੇ ਮੋਹਿਤ ਕੁਮਾਰ ਦਾ 3 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਹੈ, ਜਦਕਿ ਦੋਸ਼ਣ ਗੀਤਾ ਰਾਣੀ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ।


Related News