ਮਹਿਲਾ ਦਿਵਸ ਮੌਕੇ ਹਜ਼ਾਰਾਂ ਔਰਤਾਂ ਨੇ ਕਿਸਾਨੀ ਅੰਦੋਲਨ ’ਚ ਲਾਈ ਹਾਜ਼ਰੀ, ਕਿਸਾਨਾਂ ਦਾ ਮੋਢੇ ਨਾਲ ਮੋਢਾ ਜੋੜ ਦਿੱਤਾ ਸਾਥ
Saturday, Mar 09, 2024 - 12:04 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)– ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਭਾਰਤ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਦੀਆਂ ਸਰਕਾਰ ਵਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸ਼ੰਭੂ ਤੇ ਖਨੌਰੀ ਦੇ ਬਾਰਡਰਾਂ ਉੱਪਰ ਚੱਲ ਰਹੇ ਮੋਰਚਿਆਂ ’ਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੌਰਾਨ ਪੰਜਾਬ ਤੇ ਹਰਿਆਣਾ ਤੋਂ ਹਜ਼ਾਰਾਂ ਮਹਿਲਾਵਾਂ ਵਲੋਂ ਦੋਵਾਂ ਬਾਰਡਰਾਂ ਉੱਪਰ ਪਹੁੰਚ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦਿਆਂ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਔਰਤ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਪੱਖੀ ਸਰਕਾਰ ਵਲੋਂ ਹਰ ਰੋਜ਼ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਰਨ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਇਸ ਲਈ ਸਰਕਾਰ ਦੀਆਂ ਇਨ੍ਹਾਂ ਸਾਜ਼ਿਸ਼ਾਂ ਤੋਂ ਬਚਣ ਲਈ ਹਰ ਇਕ ਕਿਸਾਨ ਮਜ਼ਦੂਰ ਨੂੰ ਜਥੇਬੰਦਕ ਹੋਣਾ ਜ਼ਰੂਰੀ ਹੈ। ਸਾਡੇ ਘਰਾਂ ’ਚ ਬੈਠੀਆਂ ਬੀਬੀਆਂ ਨੂੰ ਵੀ ਆਪਣੇ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੋਰਚਿਆਂ ’ਚ ਡਟਣਾ ਜ਼ਰੂਰੀ ਹੈ ਤਾਂ ਹੀ ਅਸੀਂ ਕਾਰਪੋਰੇਟ ਪੱਖੀ ਸਰਕਾਰਾਂ ਦਾ ਮੂੰਹ ਮੋੜ ਸਕਦੇ ਹਾਂ।
ਇਹ ਖ਼ਬਰ ਵੀ ਪੜ੍ਹੋ : 3 ਸਾਲਾ ਬੱਚੀ ਨੂੰ ਫ਼ੋਨ ਚਲਾਉਣਾ ਪਿਆ ਭਾਰੀ, ਅਚਾਨਕ ਫਟੀ ਬੈਟਰੀ ਤੇ ਫਿਰ...
ਸੰਬੋਧਨ ਕਰਦਿਆਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਤੇ ਹੋਰ ਆਗੂਆਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਹਿਲਾਂ ਤੇ ਅੱਜ ਦੇ ਸਮੇਂ ਚੱਲ ਰਹੇ ਸੰਘਰਸ਼ ’ਚ ਹਰ ਸਮੇਂ ਮਾਵਾਂ-ਭੈਣਾਂ ਵਲੋਂ ਆਪਣੇ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਲੜਿਆ ਗਿਆ, ਪੂਰਨ ਸਹਿਯੋਗ ਦਿੱਤਾ ਗਿਆ ਤੇ ਮੋਰਚਿਆਂ ’ਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਗਈ ਹੈ। ਕਿਸਾਨ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਸੰਵਿਧਾਨ ’ਚ ਮਿਲੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਅਧਿਕਾਰਾਂ ਦਾ ਕਤਲ ਕੀਤਾ ਜਾ ਰਿਹਾ ਹੈ। ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਮੰਗਾਂ ਲਈ ਸ਼ਹੀਦੀਆਂ ਦੇਣੀਆਂ ਪੈ ਰਹੀਆਂ ਹਨ, ਜਿਨ੍ਹਾਂ ਨੂੰ ਲਾਗੂ ਕਰਨ ਦਾ ਵਾਅਦਾ ਕਰਕੇ ਸਰਕਾਰ ਸੱਤਾ ’ਚ ਆਈ ਹੈ ਜਾਂ ਇਨ੍ਹਾਂ ਮੰਗਾਂ ਨੂੰ ਮੰਨਣ ਦੇ ਸਰਕਾਰ ਵਲੋਂ ਵਾਅਦੇ ਕੀਤੇ ਗਏ ਹਨ।
10 ਨੂੰ ਪੂਰੇ ਭਾਰਤ ’ਚ ਹੋਵੇਗਾ ਰੇਲਾਂ ਦਾ ਚੱਕਾ ਜਾਮ, ਤਿਆਰੀਆਂ ਮੁਕੰਮਲ : ਡੱਲੇਵਾਲ, ਪੰਧੇਰ
ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਇਸ ਕਾਰਪੋਰੇਟ ਪੱਖੀ ਸਰਕਾਰ ਵਲੋਂ ਆਪਣੀ ਹੀ ਰਾਜਧਾਨੀ ’ਚ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਰੇਲਾਂ, ਬੱਸਾਂ ਜਾਂ ਪੈਦਲ ਆ ਰਹੇ ਕਿਸਾਨਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਦੀ ਰਾਜਧਾਨੀ ’ਚ ਆਉਣ ਤੋਂ ਰੋਕਿਆ ਜਾ ਰਿਹਾ ਤੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਜੋ ਕਿ ਸੰਵਿਧਾਨ ’ਚ ਲੋਕਾਂ ਨੂੰ ਮਿਲੇ ਅਧਿਕਾਰਾਂ ਦਾ ਕਤਲ ਹੈ। ਕਿਸਾਨ ਆਗੂਆਂ ਨੇ 10 ਤਾਰੀਖ਼ ਦੇ ਪੂਰੇ ਭਾਰਤ ’ਚ ਰੇਲਾਂ ਰੋਕਣ ਦੇ ਪ੍ਰੋਗਰਾਮ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਿਨ ਸਮੁੱਚੇ ਭਾਰਤ ’ਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।
ਇਨ੍ਹਾਂ ਸਟੇਸ਼ਨਾਂ ’ਤੇ ਲੱਗਣਗੇ ਧਰਨੇ
- ਪਟਿਆਲਾ ’ਚ ਸ਼ੰਭੂ ਰੇਲਵੇ ਸਟੇਸ਼ਨ
- ਮਾਨਸਾ ਬੁੱਢਲਾਡਾ ਰੇਲਵੇ ਸਟੇਸ਼ਨ
- ਬਠਿੰਡਾ ਤੇ ਰਾਮਪੁਰਾ ਫੂਲ ਰੇਲਵੇ ਸਟੇਸ਼ਨ
- ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ
- ਫਾਜ਼ਿਲਕਾ ਰੇਲਵੇ ਸਟੇਸ਼ਨ ਬ੍ਰਿਜ ਕੋਲ
- ਬਰਨਾਲਾ ਰੇਲਵੇ ਸਟੇਸ਼ਨ
- ਸੰਗਰੂਰ ਦਾ ਸੁਨਾਮ ਰੇਲਵੇ ਸਟੇਸ਼ਨ
- ਸ੍ਰੀ ਅੰਮ੍ਰਿਤਸਰ ਸਾਹਿਬ ਵੇਰਕਾ ਸਟੇਸ਼ਨ
- ਫਰੀਦਕੋਟ ਤੇ ਜੈਤੋ ਰੇਲਵੇ ਸਟੇਸ਼ਨ
- ਮੋਗਾ ਡੱਗਰੂ ਰੇਲਵੇ ਸਟੇਸ਼ਨ
- ਫਿਰੋਜ਼ਪੁਰ ਗੁਰੂ ਹਰ ਸਹਾਏ ਤੇ ਮੱਖੂ ਸਟੇਸ਼ਨ
- ਲੁਧਿਆਣਾ ਸਮਰਾਲਾ ਤੇ ਕਿਲਾ ਰਾਏਪੁਰ ਸਟੇਸ਼ਨ
- ਜਲੰਧਰ ਕੈਂਟ ਸਟੇਸ਼ਨ
- ਮੋਹਾਲੀ ਖਰੜ ਰੇਲਵੇ ਸਟੇਸ਼ਨ
- ਫਤਿਹਗੜ੍ਹ ਸਾਹਿਬ ਦਾ ਸਰਹਿੰਦ ਸਟੇਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।