ਹਜ਼ਾਰਾਂ ਪੀ. ਜੀਜ਼ ਦੀ ਕਮਿਸ਼ਨਰੇਟ ਪੁਲਸ ਨੂੰ ਕੋਈ ਜਾਣਕਾਰੀ ਨਹੀਂ
Wednesday, Feb 07, 2018 - 05:32 AM (IST)
ਜਲੰਧਰ, (ਮਹੇਸ਼ ਖੋਸਲਾ)- ਮਹਾਨਗਰ 'ਚ ਬਣੇ ਹਜ਼ਾਰਾਂ ਪੀ. ਜੀਜ਼ ਦੀ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਹੈ। ਸ਼ਹਿਰ 'ਚ ਨੇੜਲੇ ਖੇਤਰਾਂ 'ਚ ਬਣੇ ਹਜ਼ਾਰਾਂ ਦੀ ਗਿਣਤੀ 'ਚ ਪੀ. ਜੀਜ਼ (ਪੇਇੰਗ ਗੈਸਟ ਹਾਊਸ) ਦੀ ਗਿਣਤੀ ਕੁਝ ਸਾਲਾਂ ਤੋਂ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਸਿੱਖਿਆ, ਉੱਚ ਸਿੱਖਿਆ ਅਤੇ ਆਈਲੈਟਸ ਆਦਿ ਦੇ ਬਣੇ ਵੱਡੇ-ਵੱਡੇ ਕੇਂਦਰ ਹਨ। ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਇਨ੍ਹਾਂ ਪੀ. ਜੀ. 'ਚ ਰਹਿਣ ਵਾਲਿਆਂ ਨੂੰ ਪਹਿਲ ਦਿੰਦੇ ਹਨ।
ਇਨ੍ਹਾਂ ਪੀ. ਜੀਜ਼ 'ਚ ਰੁਕਣ ਵਾਲੇ ਮਹੀਨੇ ਦੇ ਕਿਰਾਏ 'ਤੇ ਰਹਿੰਦੇ ਹਨ, ਇਸ ਕਿਰਾਏ 'ਚ ਖਾਣਾ ਵੀ ਸ਼ਾਮਲ ਹੁੰਦਾ ਹੈ। ਸ਼ਹਿਰ ਦੇ ਪਾਸ਼ ਇਲਾਕਿਆਂ 'ਚ ਇਨ੍ਹਾਂ ਪੀ. ਜੀਜ਼ ਦੀ ਗਿਣਤੀ ਜ਼ਿਆਦਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰ ਵਿਕਸਿਤ ਹੋ ਰਹੇ ਖੇਤਰਾਂ 'ਚ ਵੀ ਇਨ੍ਹਾਂ ਦੀ ਗਿਣਤੀ ਘੱਟ ਨਹੀਂ ਹੈ।
ਪੀ. ਜੀਜ਼ ਖੋਲ੍ਹਣ ਲਈ ਸਿਰਫ ਦੋ-ਚਾਰ ਕਮਰਿਆਂ ਦੀ ਲੋੜ ਹੁੰਦੀ ਹੈ, ਜਿਸ 'ਚ ਲੋੜੀਂਦਾ ਸਾਮਾਨ ਲਾ ਕੇ ਹੀ ਇਹ ਕਾਰਜ ਬਿਜ਼ਨਸ ਦੇ ਰੂਪ 'ਚ ਕੀਤਾ ਜੀ ਰਿਹਾ ਹੈ। ਕਈ ਸ਼ਹਿਰ ਵਾਸੀ ਰਾਮਾ ਮੰਡੀ ਦੇ ਆਲੇ-ਦੁਆਲੇ ਯੂਨੀਵਰਸਿਟੀ ਹੋਣ ਕਾਰਨ ਇਹ ਬਿਜ਼ਨਸ ਧੜੱਲੇ ਨਾਲ ਕਰ ਰਹੇ ਹਨ। ਤੱਲ੍ਹਣ ਰੋਡ, ਢਿੱਲਵਾਂ, ਦਕੋਹਾ, ਜੋਗਿੰਦਰ ਨਗਰ, ਲੱਧੇਵਾਲੀ, ਮੋਹਨ ਵਿਹਾਰ, ਬੇਅੰਤ ਨਗਰ, ਬਾਬਾ ਬੁੱਢਾ ਜੀ ਨਗਰ, ਧੰਨੋਵਾਲੀ, ਦੀਪਨਗਰ, ਪਰਾਗਪੁਰ ਆਦਿ 'ਚ ਜਨਤਕ ਥਾਵਾਂ 'ਤੇ ਪੰਫਲੈਟਸ ਲਾ ਕੇ ਇਨ੍ਹਾਂ ਪੀ. ਜੀਜ਼ ਦੀ ਮਸ਼ਹੂਰੀ ਕੀਤੀ ਜਾਂਦੀ ਹੈ।
ਵਿਦਿਆਰਥੀਆਂ ਤੋਂ ਇਲਾਵਾ ਪ੍ਰਾਈਵੇਟ ਤੇ ਮਲਟੀ ਨੈਸ਼ਨਲ ਕੰੰੰਪਨੀਆਂ 'ਚ ਕੰਮ ਕਰਨ ਵਾਲੇ ਵੀ ਇਨ੍ਹਾਂ ਪੀ. ਜੀਜ਼ 'ਚ ਰਹਿਣ ਨੂੰ ਪਹਿਲ ਦੇ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕਮਿਸ਼ਨਰੇਟ ਪੁਲਸ ਨੂੰ ਕਿਸੇ ਵੀ ਪੀ. ਜੀਜ਼ 'ਚ ਰੁਕਣ ਵਾਲੇ ਦੀ ਕੋਈ ਜਾਣਕਾਰੀ ਨਹੀਂ।
ਇਹ ਗੋਰਖਧੰਦਾ ਚੰਗੀ ਆਮਦਨ ਨੂੰ ਦੇਖ ਕੇ ਵੀ ਪਨਪ ਰਿਹਾ ਹੈ। ਇਸ ਕੰਮ 'ਚ ਜ਼ਿਆਦਾ ਖਰਚਾ ਵੀ ਨਹੀਂ ਹੁੰਦਾ। ਦੋਆਬਾ ਖੇਤਰ ਤੋਂ ਵਿਦੇਸ਼ 'ਚ ਵਸਣ ਵਾਲਿਆਂ ਨੇ ਆਪਣੇ ਲਈ ਸ਼ਹਿਰ 'ਚ ਵੀ ਕਈ ਆਲੀਸ਼ਾਨ ਬੰਗਲੇ ਬਣਾਏ ਹਨ, ਉਹ ਤਾਂ 10-20 ਦਿਨ ਲਈ, ਕਈ ਸਾਲਾਂ ਬਾਅਦ ਆਉਂਦੇ ਹਨ।
ਉਨ੍ਹਾਂ ਨੇ ਕੋਠੀਆਂ ਦੀ ਦੇਖ-ਭਾਲ ਲਈ ਕੇਅਰ ਟੇਕਰ ਰੱਖੇ ਹੋਏ ਹਨ। ਕੁਝ ਕੇਅਰ ਟੇਕਰ ਇਨ੍ਹਾਂ ਕੋਠੀਆਂ ਨੂੰ ਪੀ. ਜੀਜ਼ ਦਾ ਰੂਪ ਦੇ ਕੇ ਮੋਟੀ ਕਮਾਈ ਕਰ ਰਹੇ ਹਨ।
ਪੁਲਸ ਪ੍ਰਸ਼ਾਸਨ ਕਿਰਾਏਦਾਰਾਂ ਦੀ ਜਾਣਕਾਰੀ ਥਾਣਿਆਂ 'ਚ ਜਮ੍ਹਾ ਕਰਵਾਉਣ ਲਈ ਆਦੇਸ਼ ਜਾਰੀ ਕਰਦਾ ਹੈ ਪਰ ਇਹ ਕੇਅਰ ਟੇਕਰ ਸੰਬੰਧਿਤ ਥਾਣਿਆਂ 'ਚ ਕੋਈ ਜਾਣਕਾਰੀ ਨਹੀਂ ਦਿੰਦੇ। ਜੁਰਮ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਦੇ ਉÎੱਚ ਅਧਿਕਾਰੀ ਸਰਗਰਮ ਹਨ। ਕਿਸੇ ਅਧਿਕਾਰੀ ਦਾ ਇਨ੍ਹਾਂ ਪੀ. ਜੀਜ਼ ਵੱਲ ਧਿਆਨ ਕਿਉਂ ਨਹੀਂ ਜਾਂਦਾ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਪੀ. ਜੀਜ਼ ਦੇ ਬਾਹਰ ਤਾਂ ਬੋਰਡ ਤੱਕ ਨਹੀਂ ਲੱਗੇ ਹੁੰਦੇ ਬਸ ਇਹ ਹੀ ਲਿਖਿਆ ਹੁੰਦਾ ਹੈ ਕਿ ਪੀ. ਜੀਜ਼. 'ਚ ਰਹਿਣ ਲਈ ਸੰਪਰਕ ਕਰੋ। ਇਨ੍ਹਾਂ ਪੀ. ਜੀਜ਼ 'ਚ ਰਹਿਣ ਵਾਲੇ ਵਿਦੇਸ਼ੀ ਲੜਕੇ-ਲੜਕੀਆਂ ਵੀ ਹਨ, ਜੋ ਉਚ ਸਿੱਖਿਆ ਲੈਣ ਲਈ ਆਉਂਦੇ ਹਨ, ਆਪਣੀ ਆਜ਼ਾਦੀ ਨੂੰ ਚਾਹੁੰਦੇ ਹੋਏ ਪੀ. ਜੀਜ਼. 'ਚ ਰੁਕਣਾ ਪਸੰਦ ਕਰਦੇ ਹਨ। ਪੁਲਸ ਨੇ ਕੁਝ ਵਿਦੇਸ਼ੀ ਲੜਕੇ ਤੇ ਲੜਕੀਆਂ ਨੂੰ ਨਸ਼ੇ ਦਾ ਸੇਵਨ ਕਰਨ ਤੇ ਸਮੱਗਲਿੰਗ ਦੇ ਦੋਸ਼ ਹੇਠ ਗ੍ਰਿਫਤਾਰ ਵੀ ਕੀਤਾ ਹੈ।
