ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹਰ ਹਾਲ ’ਚ ਸਜ਼ਾ ਦਿਵਾਈ ਜਾਵੇਗੀ : ਨਵਜੋਤ ਸਿੱਧੂ

08/06/2021 12:51:10 AM

ਫਰੀਦਕੋਟ(ਰਵੀ)- ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਨੇ ਇਥੋਂ ਦੇ ਤਾਜ ਪੈਲੇਸ ਵਿਖੇ ਜ਼ਿਲ੍ਹੇ ਦੇ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਸੂਬਾ ਸਰਕਾਰ ਨਾਲ ਮਿਲ ਕੇ ਹਾਈਕਮਾਂਡ ਵੱਲੋਂ ਦਿੱਤੇ 18 ਸੂਤਰੀ ਪ੍ਰੋਗਰਾਮਾਂ ਨੂੰ ਲਾਗੂ ਕਰੇਗੀ। ਇਨ੍ਹਾਂ ਮੁੱਦਿਆਂ ’ਚੋਂ ਬਰਗਾੜੀ ਵਿਖੇ ਗੁਰੂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਲਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਹਰ ਹਾਲਤ ’ਚ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾਵੇਗੀ। ਇਸ ਮੌਕੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇਪਾਲ ਸਿੰਘ ਸੰਧੂ, ਵੀਨਾ ਸ਼ਰਮਾ, ਸੂਰਜ ਭਾਰਦਵਾਜ ਤੇ ਜੈਸਨਦੀਪ ਸਿੰਘ ਢਿੱਲੋਂ ਵਿਸ਼ੇਸ ਤੌਰ ’ਤੇ ਸਟੇਜ ’ਤੇ ਹਾਜਰ ਸਨ। ਆਪਣੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਪਾਰਟੀ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਤੇ ਉਨ੍ਹਾਂ ਦੇ ਬਲਬੂਤੇ ’ਤੇ 2022 ਚੋਣਾਂ ’ਚ ਜਿੱਤ ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਨੂੰ ਧਿਆਨ ’ਚ ਰੱਖ ਕੇ ਹੀ ਨਿੱਜੀ ਖੇਤਰ ਦੀਆਂ ਕੰਪਨੀਆਂ ਨਾਲ 65000 ਕਰੋੜ ਰੁਪਏ ਦੇ ਬਿਜਲੀ ਸਮਝੌਤੇ ਕੀਤੇ ਸਨ, ਜਿਸ ਦਾ ਖਮਿਆਜ਼ਾ ਅੱਜ ਹਰ ਪੰਜਾਬੀ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਨੂੰ ਕਿਸੇ ਵੀ ਦਿੱਲੀ ਮਾਡਲ ਦੀ ਲੋੜ ਨਹੀਂ ਹੈ। ਪੰਜਾਬ ਆਪਣੇ ਆਪ ’ਚ ਖੁਦ ਇਕ ਮਾਡਲ ਹੋਵੇਗਾ।

ਇਹ ਵੀ ਪੜ੍ਹੋ : ਓਲੰਪਿਕ ’ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਪੰਜਾਬ ਦੇ ਖਿਡਾਰੀਆਂ ਦੇ ਘਰਾਂ ’ਚ ਵਿਆਹ ਵਰਗਾ ਮਾਹੌਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ 13 ਨੁਕਾਤੀ ਪ੍ਰੋਗਰਾਮ ਨੂੰ ਉਨ੍ਹਾਂ ਗੁੰਮਰਾਹਕੁੰਨ ਦੱਸਿਆ। ਇਸ ਤੋਂ ਬਾਅਦ ਸ. ਸਿੱਧੂ ਨੇ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਵੀ ਟੇਕਿਆ ਤੇ ਭਾਰਤੀ ਹਾਕੀ ਟੀਮ ਦੀ ਜਿੱਤ ’ਤੇ ਫਰੀਦਕੋਟ ਦੇ ਖਿਡਾਰੀ ਰੁਪਿੰਦਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਵੀ ਗਏ। ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਪੰਜਾਬ ਕਾਂਗਰਸ ’ਚ ਇਸ ਵੇਲੇ ਕੋਈ ਵੀ ਧੜੇਬੰਦੀ ਜਾਂ ਵਿਰੋਧ ਵਾਲੀ ਸਥਿਤੀ ਨਹੀਂ ਹੈ। ਸਾਰੀ ਪਾਰਟੀ ਇਕਜੁੱਟ ਹੈ।

ਇਹ ਵੀ ਪੜ੍ਹੋ : ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲਾਂ

ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਪਵਨ ਗੋਇਲ ਸਮੇਤ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਸ. ਸਿੱਧੂ ਦੀ ਨਿਯੁਕਤੀ ਨਾਲ ਕਾਂਗਰਸ ਦੇ ਵਰਕਰਾਂ ਤੇ ਅਹੁਦੇਦਾਰਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ 2022 ਦੀਆਂ ਚੋਣਾਂ ਵਿਚ ਪਾਰਟੀ ਨੂੰ ਫਿਰ ਤੋਂ ਜੇਤੂ ਬਣਾਉਣ। ਇਸ ਮੌਕੇ ਸਟੇਜ ਤੋਂ ਕਾਂਗਰਸੀ ਆਗੂ ਬਲਜੀਤ ਸਿੰਘ ਗੋਰਾ, ਜਸਵਿੰਦਰ ਸਿੰਘ ਸਿੱਖਾਂਵਾਲਾ, ਗਿੰਦਰਜੀਤ ਸਿੰਘ ਸੇਖੋ, ਮੈਡਮ ਜਾਵੇਦ ਅਖਤਰ, ਸਿਕੰਦਰ ਸਿੰਘ ਮੜਾਕ, ਡਾ. ਜੰਗੀਰ ਸਿੰਘ , ਬਲਜਿੰਦਰ ਸਿੰਘ ਔਲਖ, ਬਲਕਰਨ ਸਿੰਘ ਨੰਗਲ, ਕਰਮਜੀਤ ਟਹਿਣਾ ਸਮੇਤ ਸਮੁੱਚੇ ਜ਼ਿਲੇ ਦੇ ਪਾਰਟੀ ਵਰਕਰ ਤੇ ਅਹੁਦੇਦਾਰ ਵੀ ਹਾਜ਼ਰ ਸਨ।


Bharat Thapa

Content Editor

Related News