ਸਾਵਧਾਨ! ਫਰਜ਼ੀ ਸਿੱਖਿਆ ਅਧਿਕਾਰੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਜਾਲ ''ਚ ਫਸਾ ਇੰਝ ਕੀਤੀ ਕਰੋੜਾਂ ਦੀ ਠੱਗੀ
Thursday, Jun 13, 2024 - 06:53 PM (IST)
ਨਵਾਂਸ਼ਹਿਰ (ਤ੍ਰਿਪਾਠੀ) - ਸਿੱਖਿਆ ਵਿਭਾਗ ਵਿਚ ਸੀਨੀਅਰ ਅਧਿਕਾਰੀ (ਇੰਚਾਰਜ ਸੈਕਟਰੀ) ਹੋਣ ਦਾ ਦਾਅਵਾ ਕਰਕੇ ਅਤੇ ਵੱਖ-ਵੱਖ ਅਸਾਮੀਆਂ, ਸਫ਼ਾਈ ਅਤੇ ਟਰਾਂਸਪੋਰਟ ਦੇ ਠੇਕੇ ’ਤੇ ਨੌਕਰੀਆਂ ਦੇਣ ਦਾ ਵਾਅਦਾ ਕਰਕੇ 1.33 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਫਰਜ਼ੀ ਸੀਨੀਅਰ ਅਧਿਕਾਰੀ ਖ਼ਿਲਾਫ਼ ਥਾਣਾ ਸਦਰ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਸੰਜੀਵ ਕੁਮਾਰ ਚੇਚੀ ਪੁੱਤਰ ਤਿਲਕ ਰਾਜ ਵਾਸੀ ਪਿੰਡ ਚੰਦਿਆਣੀ ਖ਼ੁਰਦ (ਬਲਾਚੌਰ) ਨੇ ਦੱਸਿਆ ਕਿ ਉਹ ਬਲਾਚੌਰ ਵਿੱਚ ਮੈਡੀਕਲ ਸਟੋਰ ਚਲਾਉਂਦਾ ਹੈ। ਕਰੀਬ ਇਕ ਸਾਲ ਪਹਿਲਾਂ ਉਸ ਦੀ ਮੁਲਾਕਾਤ ਕੰਵਲਜੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਅਹਿਮਦਾਬਾਦ (ਗੁਰਦਾਸਪੁਰ) ਨਾਲ ਹੋਈ। ਜਿਸ ਨੇ ਆਪਣੇ ਆਪ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਸੀਨੀਅਰ ਅਧਿਕਾਰੀ (ਇੰਚਾਰਜ ਸਕੱਤਰ) ਹੋਣ ਦਾ ਐਲਾਨ ਕੀਤਾ ਸੀ। ਉਸ ਨੇ ਦੱਸਿਆ ਕਿ ਉਕਤ ਕੰਵਲਜੀਤ ਕੌਰ ਬੋਰਡ ਦੇ ਗੁੰਮਸ਼ੁਦਾ ਸਰਟੀਫਿਕੇਟ, ਨਾਮ ਬਦਲਣ ਆਦਿ ਸਮੇਤ ਕਈ ਛੋਟੇ-ਮੋਟੇ ਕੰਮ ਆਪਣੇ ਫੋਨ ’ਤੇ ਕਰਵਾਉਂਦੀ ਸੀ, ਜਿਸ ਕਾਰਨ ਉਸ ਨੂੰ ਉਕਤ ਫਰਜ਼ੀ ਸਿੱਖਿਆ ਅਧਿਕਾਰੀ ’ਤੇ ਭਰੋਸਾ ਹੋ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਾਰ ਫਿਰ ਚੋਣ ਘਮਸਾਨ: ਜਲੰਧਰ ਵੈਸਟ ਜ਼ਿਮਨੀ ਚੋਣ ’ਚ ਡਟਣਗੀਆਂ ਹੁਣ ਸਾਰੀਆਂ ਸਿਆਸੀ ਧਿਰਾਂ
ਉਨ੍ਹਾਂ ਦੱਸਿਆ ਕਿ ਉਕਤ ਕੰਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵਿੱਚ ਕੁਝ ਨੌਕਰੀਆਂ ਆਈਆਂ ਹਨ ਅਤੇ ਵਿਭਾਗ ਵੱਲੋਂ ਭਰਤੀ ਕੀਤੀ ਜਾਣੀ ਹੈ, ਜਿਸ ਵਿੱਚ ਕੋਈ ਪੇਪਰ ਜਾਂ ਇੰਟਰਵਿਊ ਨਹੀਂ ਹੁੰਦੀ ਅਤੇ ਸਿਰਫ਼ ਆਪਣੇ ਸੀਨੀਅਰ ਨੇ ਹੀ ਅਸਾਮੀਆਂ ਭਰਨੀਆਂ ਹੁੰਦੀਆਂ ਹਨ। ਜੇਕਰ ਉਸ ਦਾ ਕੋਈ ਰਿਸ਼ਤੇਦਾਰ ਜਾਂ ਦੋਸਤ ਵਿਭਾਗ ਵਿੱਚ ਨੌਕਰੀ ਲੈਣਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਨੌਕਰੀ ਦਿਵਾਏਗੀ ਅਤੇ ਬਦਲੇ ਵਿੱਚ ਉਸ ਨੂੰ ਕੁਝ ਪੈਸੇ ਦੇਣੇ ਪੈਣਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੇ ਭਤੀਜੇ ਅਤੇ ਕੁਝ ਹੋਰ ਦੋਸਤਾਂ ਤੋਂ ਪੈਸੇ ਲਏ, ਜਿਨ੍ਹਾਂ ਨੇ ਉਸ ’ਤੇ ਭਰੋਸਾ ਕੀਤਾ ਅਤੇ ਉਕਤ ਫਰਜ਼ੀ ਸਿੱਖਿਆ ਅਧਿਕਾਰੀ ਦੇ ਖ਼ਾਤੇ ’ਚ 1.40 ਕਰੋੜ ਰੁਪਏ ਜਮ੍ਹਾ ਕਰਵਾ ਦਿੱਤੇ। ਬਦਲੇ ਵਿੱਚ ਉਸ ਨੇ ਉਸ ਨੂੰ ਡਾਕਖਾਨੇ ਰਾਹੀਂ ਕੁਝ ਜੁਆਇਨਿੰਗ ਲੈਟਰ ਭੇਜੇ। ਜਿਸ ਵਿੱਚ ਚਪੜਾਸੀ, ਲਾਅ ਅਫ਼ਸਰ, ਮੈਨੇਜਰ ਆਦਿ ਦੀਆਂ ਅਸਾਮੀਆਂ ਸਨ। ਉਕਤ ਔਰਤ ਵੱਲੋਂ ਵੱਖ-ਵੱਖ ਦਫ਼ਤਰਾਂ ਵਿੱਚ ਹਾਜ਼ਰੀ ਲਗਵਾਈ ਗਈ ਅਤੇ ਉਸ ਵੱਲੋਂ ਪ੍ਰਾਪਤ ਜੁਆਇਨਿੰਗ ਲੈਟਰ ਵਾਪਸ ਲੈ ਲਏ ਗਏ।
ਉਸ ਨੇ ਦੱਸਿਆ ਕਿ ਕਾਫ਼ੀ ਸਮਾਂ ਬੀਤ ਜਾਣ ’ਤੇ ਜਦੋਂ ਉਸ ਦਾ ਕੋਈ ਵਿਅਕਤੀ ਕੰਮ ’ਤੇ ਨਾ ਲੱਗਾ ਤਾਂ ਉਸ ਨੂੰ ਉਕਤ ਔਰਤ ’ਤੇ ਉਸ ਨਾਲ ਧੋਖਾਧੜੀ ਕਰਨ ਦਾ ਸ਼ੱਕ ਹੋਇਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਔਰਤ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਉਸ ਨੂੰ ਝੂਠਾ ਭਰੋਸਾ ਦੇਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਕਤ ਔਰਤ ਨੇ ਉਸ ਨੂੰ 7 ਲੱਖ ਰੁਪਏ ਵਾਪਸ ਕਰ ਦਿੱਤੇ ਹਨ ਅਤੇ ਬਾਕੀ ਰਕਮ ਵਾਪਸ ਨਹੀਂ ਕਰ ਰਹੀ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਦੇ ਪੈਸੇ ਵਾਪਸ ਕਰਨ ਅਤੇ ਦੋਸ਼ੀ ਔਰਤ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਕੰਵਲਜੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਅਹਿਮਦਾਬਾਦ (ਗੁਰਦਾਸਪੁਰ) ਹਾਲ ਵਾਸੀ ਜੇਜੋਂ ਰੋਡ ਖਾਨਪੁਰ, ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਧਾਰਾ 170,419,420,465,467,468,120-ਬੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਫਗਵਾੜਾ ਨੇੜੇ ਵੱਡੀ ਘਟਨਾ, 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' 'ਤੇ ਹੋਇਆ ਪਥਰਾਅ, ਦਹਿਸ਼ਤ 'ਚ ਯਾਤਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।