ਸਕੂਲੀਂ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਲੇਬਸ ਵਿਚ ਹੋਣ ਜਾ ਰਿਹਾ ਇਹ ਵੱਡਾ ਬਦਲਾਅ

Wednesday, Jan 08, 2025 - 01:21 PM (IST)

ਸਕੂਲੀਂ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਲੇਬਸ ਵਿਚ ਹੋਣ ਜਾ ਰਿਹਾ ਇਹ ਵੱਡਾ ਬਦਲਾਅ

ਚੰਡੀਗੜ੍ਹ : ਸੂਬੇ ਦੇ ਸਕੂਲੀਂ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ ਕਿਉਂਕਿ ਨਵੇਂ ਸਿੱਖਿਆ ਸੈਸ਼ਨ (2025-26) ਵਿਚ ਸਕੂਲਾਂ ਦੇ ਵਿਦਿਆਰਥੀਆਂ ਲਈ ਨਸ਼ੇ ਤੋਂ ਦੂਰ ਰਹਿਣ ਦਾ ਪਾਠਕ੍ਰਮ ਸ਼ਾਮਲ ਕੀਤਾ ਜਾਵੇਗਾ। ਇਸ ਵਿਚ ਨਸ਼ੇ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਦੇ ਨਾਲ-ਨਾਲ ਨਸ਼ੇ ਤੋਂ ਦੂਰ ਰਹਿਣ, ਕਿਸੇ ਨੂੰ ਨਸ਼ੇ ਦੀ ਆਦਤ ਛੁਡਵਾਉਣ ਲਈ ਕੀ ਕਰਨਾ ਚਾਹੀਦਾ ਹੈ, ਇਹ ਸਾਰੀ ਜਾਣਕਾਰੀ ਇਸ ਪਾਠ ਵਿਚ ਸ਼ਾਮਲ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਪਾਠਕ੍ਰਮ ਬਨਾਉਣ ਲਈ ਕੰਮ ਸ਼ੁਰੂ ਹੋ ਗਿਆ ਹੈ। ਦਰਅਸਲ ਸੂਬਾ ਸਰਕਾਰ ਨਸ਼ੇ 'ਤੇ ਲਗਾਮ ਕੱਸਣ ਲਈ ਇਕ ਨਵੀਂ ਨੀਤੀ ਬਨਾਉਣ ਜਾ ਰਹੀ ਹੈ। ਇਹ ਪਾਠਕ੍ਰਮ ਇਸੇ ਨੀਤੀ ਦਾ ਹਿੱਸਾ ਹੋਵੇਗਾ। ਆਗਾਮੀ ਦੋ-ਤਿੰਨ ਮਹੀਨਿਆਂ ਵਿਚ ਨਵੀਂ ਨੀਤੀ ਲਾਗੂ ਕੀਤੀ ਜਾ ਸਕਦੀ ਹੈ। 

ਸੂਬਾ ਸਰਕਾਰ ਵਲੋਂ ਨਸ਼ਾ ਮੁਕਤੀ ਅਤੇ ਪੁਨਰਵਾਸ ਪ੍ਰੋਗਰਾਮ ਦੀ ਨਿਗਰਾਨੀ ਲਈ ਇਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੀ ਅਗਵਾਈ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਕਰਨਗੇ। ਇਸ ਦਾ ਨੋਡਲ ਅਧਿਕਾਰੀ ਮੁੱਖ ਸਕੱਤਰ ਰਾਹੁਲ ਤਿਵਾੜੀ ਨੂੰ ਲਗਾਇਆ ਗਿਆ ਹੈ। ਕਮੇਟੀ ਦਾ ਕੇਂਦਰ ਬਿੰਦੂ ਨਾਬਾਲਗ ਰਹਿਣਗੇ। ਸਕੂਲ ਸਿੱਖਿਆ ਵਿਭਾਗ ਤੇ ਉੱਚ ਸਿੱਖਿਆ ਵਿਭਾਗ ਵਲੋਂ ਮਾਸਟਰ ਟ੍ਰੇਨਰ ਤਿਆਰ ਕੀਤੇ ਜਾਣਗੇ। ਇਹ ਟ੍ਰੇਨਰ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਦੀ ਜਾਣਕਾਰੀ ਦੇਣਗੇ। ਇਸ ਮੁਹਿੰਮ ਵਿਚ ਪੰਜਾਬ ਪੁਲਸ ਦਾ ਕਮਿਊਨਿਟੀ ਵਿੰਗ ਵੀ ਸਹਿਯੋਗ ਕਰੇਗਾ। 

ਉਥੇ ਹੀ ਨਸ਼ਾ ਕਰਨ ਵਾਲੀਆਂ ਔਰਤਾਂ ਨੂੰ ਮੁੱਖ ਧਾਰਾ ਵਿਚ ਵਾਪਸ ਲੈ ਕੇ ਆਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਲੁਧਿਆਣਾ ਵਿਚ ਨਸ਼ਾ ਮੁਕਤੀ ਤੇ ਪੁਨਰਵਾਸ ਕਲੀਨਿਕ ਸਥਾਪਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੂਬੇ ਵਿਚ 300 ਤੋਂ ਵੱਧ ਨਸ਼ਾ ਮੁਕਤੀ ਕੇਂਦਰ ਚੱਲ ਰਹੇ ਹਨ। ਇਨ੍ਹਾਂ ਨਸ਼ਾ ਮੁਕਤੀ ਕੇਂਦਰਾਂ ਵਿਚ ਨਾਬਾਲਗ ਤੋਂ ਲੈ ਕੇ 18 ਤੋਂ 25 ਸਾਲ ਤਕ ਦੇ ਨੌਜਵਾਨ ਇਲਾਜ ਕਰਵਾਉਣ ਲਈ ਆ ਰਹੇ ਹਨ। ਨਸ਼ੇ ਨੂੰ ਲੈ ਕੇ ਵਿਰੋਧੀ ਧਿਰਾਂ ਵੀ ਸਰਕਾਰ 'ਤੇ ਹਮਲਾਵਰ ਹਨ, ਜਿਸ ਦੇ ਚੱਲਦੇ ਪੰਜਾਬ ਵਿਚ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ। 


author

Gurminder Singh

Content Editor

Related News