ਰਾਮਾ ਮੰਡੀ ਅਤੇ ਜਲੰਧਰ ਛਾਉਣੀ ਥਾਣੇ ਦੇ ਇਲਾਕਿਆਂ ’ਚ ਬੇਖੌਫ ਹੋ ਕੇ ਘੁੰਮ ਰਹੇ ਚੋਰ-ਲੁਟੇਰੇ, ਲੋਕਾਂ ’ਚ ਭਾਰੀ ਰੋਸ

Monday, Jan 15, 2024 - 04:33 PM (IST)

ਰਾਮਾ ਮੰਡੀ ਅਤੇ ਜਲੰਧਰ ਛਾਉਣੀ ਥਾਣੇ ਦੇ ਇਲਾਕਿਆਂ ’ਚ ਬੇਖੌਫ ਹੋ ਕੇ ਘੁੰਮ ਰਹੇ ਚੋਰ-ਲੁਟੇਰੇ, ਲੋਕਾਂ ’ਚ ਭਾਰੀ ਰੋਸ

ਜਲੰਧਰ (ਮਹੇਸ਼) - ਥਾਣਾ ਰਾਮਾ ਮੰਡੀ ਅਤੇ ਥਾਣਾ ਜਲੰਧਰ ਛਾਉਣੀ ਦੇ ਇਲਾਕੇ ’ਚ ਚੋਰ-ਲੁਟੇਰੇ ਬੇਖੌਫ ਘੁੰਮ ਰਹੇ ਹਨ ਅਤੇ ਕਈ ਵਾਰਦਾਤਾਂ ਦਾ ਇਕ ਵੀ ਸੁਰਾਗ ਨਾ ਮਿਲਣ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਕੋਹਾ ਪੁਲਸ ਚੌਕੀ ਅਧੀਨ ਪੈਂਦੇ ਪਿੰਡ ਸਲੇਮਪੁਰ ਮਸੰਦਾਂ ’ਚ 7 ਦਸੰਬਰ ਨੂੰ ਅਮਰੀਕਾ ਤੋਂ ਆਏ ਸੁੱਚਾ ਸਿੰਘ ਪੁੱਤਰ ਉਜਾਗਰ ਸਿੰਘ ਦੇ ਘਰ 22 ਦਸੰਬਰ ਨੂੰ ਦੀ ਰਾਤ ਨੂੰ ਇਕ ਦਰਜਨ ਦੇ ਕਰੀਬ ਕਾਲਾ ਕੱਛਾ ਗਿਰੋਹ ਦੇ ਨਕਾਬਪੋਸ਼ ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਡਕੈਤ ਐੱਨ. ਆਰ. ਆਈ. ਸੁੱਚਾ ਸਿੰਘ, ਉਸ ਦੀ ਪਤਨੀ ਹਰਬੰਸ ਕੌਰ ਤੇ ਸਾਲੀ ਗੁਰਦੇਵ ਕੌਰ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ, ਲੱਖਾਂ ਰੁਪਏ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਸਮੇਤ 3 ਘੜੇ ਵਿਦੇਸ਼ੀ ਸ਼ਰਾਬ ਅਤੇ ਮਹਿੰਗੇ ਬੂਟ ਲੈ ਗਏ ਸਨ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਮੁਲਜ਼ਮ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਏ ਸਨ। ਸਲੇਮਪੁਰ ਮਸੰਦਾਂ ਦੇ ਸਾਬਕਾ ਸਰਪੰਚ ਰਮਨ ਜੌਹਲ ਨੇ ਦੱਸਿਆ ਕਿ ਘਟਨਾ ਦੇ 23 ਦਿਨ ਬੀਤਣ ਤੋਂ ਬਾਅਦ ਵੀ ਕੋਈ ਸੁਰਾਗ ਨਾ ਮਿਲਣ ਕਾਰਨ ਵਿਦੇਸ਼ ’ਚ ਰਹਿੰਦਾ ਸੁੱਚਾ ਸਿੰਘ ਅਤੇ ਉਸ ਦਾ ਪਰਿਵਾਰ ਡਰਿਆ ਹੋਇਆ ਹੈ।

29 ਦਸੰਬਰ ਨੂੰ ਧੰਨੋਵਾਲੀ ’ਚ ਹੋਈ ਵੱਡੀ ਚੋਰੀ
29 ਦਸੰਬਰ ਦੀ ਰਾਤ 12.30 ਵਜੇ 3 ਨਕਾਬਪੋਸ਼ ਚੋਰਾਂ ਨੇ ਪਿੰਡ ਧੰਨੋਵਾਲੀ ਦੇ ਗੁ. ਸਾਹਿਬ ਅਤੇ ਮੰਦਿਰ ਦੇ ਬਿਲਕੁਲ ਨਜ਼ਦੀਕ ਸਥਿਤ ਇੰਦਰਜੀਤ ਸਿੰਘ ਬਿੱਲਾ ਦੇ ਘਰ ਦੀ ਛੱਤ ਤੋਂ ਇੰਦਰਜੀਤ ਸਿੰਘ ਬਿੱਲਾ ਦੇ ਘਰ ਅੰਦਰ ਦਾਖਲ ਹੋ ਕੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਭਾਰਤੀ ਅਤੇ ਵਿਦੇਸ਼ੀ ਕਰੰਸੀ ਚੋਰੀ ਕਰ ਲਈ ਸੀ। ਧੰਨੋਵਾਲੀ ਦੇ ਰਹਿਣ ਵਾਲੇ ‘ਆਪ’ ਆਗੂ ਕਮਲੇਸ਼ ਕੁਮਾਰ ਨੇ ਦੱਸਿਆ ਕਿ 15 ਦਿਨ ਬੀਤ ਜਾਣ ਤੋਂ ਬਾਅਦ ਵੀ ਸਬੰਧਤ ਚੌਕੀ ਦਕੋਹਾ (ਨੰਗਲ ਸ਼ਾਮਾ) ਦੀ ਪੁਲਸ ਅਜੇ ਤੱਕ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਦਾ ਕੋਈ ਸੁਰਾਗ ਨਹੀਂ ਲਗਾ ਸਕੀ।

6 ਜਨਵਰੀ ਨੂੰ ਚੋਰਾਂ ਨੇ ਗੁਰੂ ਰਵਿਦਾਸ ਭਵਨ ਦੇ ਤੋੜੇ ਤਾਲੇ
6 ਜਨਵਰੀ ਨੂੰ ਤੜਕੇ 2.30 ਵਜੇ ਚੋਰਾਂ ਨੇ ਦੁਸਹਿਰਾ ਗਰਾਊਂਡ, ਪੁਰਾਣਾ ਫਗਵਾੜਾ ਰੋਡ, ਜਲੰਧਰ ਛਾਉਣੀ ਨੇੜੇ ਗੁਰੂ ਰਵਿਦਾਸ ਭਵਨ ਦੇ 3 ਤਾਲੇ ਤੋੜ ਕੇ ਚੜ੍ਹਾਵਾ ਵਾਲੀ ਗੋਲਕ ਤਕ ਪਹੁੰਚੇ ਅਤੇ ਇਸ ਦੌਰਾਨ ਉਨ੍ਹਾਂ ਨੇ ਇੱਥੇ ਰਹਿ ਰਹੇ ਰਾਮ ਕੁਮਾਰ ਨਾਂ ਦੇ ਵਿਅਕਤੀ ਦੀ ਕੁੱਟਮਾਰ ਕੀਤੀ। 2 ਚੋਰਾਂ ਨੇ ਉਸ ਨੂੰ ਫੜਿਆ ਹੋਇਆ ਸੀ ਅਤੇ ਇਕ ਚੋਰ ਤਾਲਾ ਤੋੜਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹ ਆਪਣੀ ਕੋਸ਼ਿਸ਼ ’ਚ ਸਫਲ ਨਹੀਂ ਹੋਇਆ ਅਤੇ ਰਾਮ ਕੁਮਾਰ ਵੱਲੋਂ ਰੌਲਾ ਪਾਉਣ ’ਤੇ ਤਿੰਨੋਂ ਭੱਜ ਗਏ।

ਇਹ ਤਿੰਨੇ ਚੋਰ ਵੀ ਸੀ.ਸੀ.ਟੀ.ਵੀ. ’ਚ ਵੀ ਕੈਦ ਹੋ ਗਏ ਸਨ। ਇਹ ਫੁਟੇਜ ਵੀ ਕੈਂਟ ਥਾਣੇ ਦੀ ਪੁਲਸ ਨੇ ਕਬਜ਼ੇ ’ਚ ਲੈ ਲਈ ਸੀ ਪਰ ਪੁਲਸ ਨੇ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਕੀਤਾ। ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲ ਕੀਤੀ ਤਾਂ ਜਵਾਬ ਮਿਲਿਆ ਕਿ ਕਮੇਟੀ ਮੈਂਬਰਾਂ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਗਈ, ਕਿਉਂਕਿ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਜਦਕਿ ਮੌਕੇ ’ਤੇ ਪਹੁੰਚੇ ਗੁਰੂ ਰਵਿਦਾਸ ਭਵਨ ਦੇ ਮੁਖੀ ਰੋਹਿਤ ਕੁਮਾਰ ਵਿੱਕੀ ਤੁਲਸੀ ਨੇ ਚੋਰਾਂ ਬਾਰੇ ਪੁਲਸ ਨੂੰ ਮਾਮਲਾ ਦਰਜ ਕਰਨ ਦੀ ਗੱਲ ਕਹੀ ਸੀ ਪਰ ਕੈਂਟ ਪੁਲਸ ਨੇ ਇਸ ਘਟਨਾ ਸਬੰਧੀ ਕੁਝ ਨਹੀਂ ਕੀਤਾ।

8 ਜਨਵਰੀ ਨੂੰ ਛਾਉਣੀ ’ਚ ਰਮਨ ਜਿਊਲਰਜ਼ ਦੀ ਦੁਕਾਨ ’ਚੋਂ ਡੇਢ ਤੋਂ 2 ਕਰੋੜ ਰੁਪਏ ਦੇ ਗਹਿਣੇ ਚੋਰੀ
ਜਲੰਧਰ ਕੈਂਟ ਥਾਣੇ ਤੋਂ ਸਿਰਫ 30 ਮੀਟਰ ਦੀ ਦੂਰੀ ’ਤੇ ਸਥਿਤ ਰਮਨ ਜਿਊਲਰਜ਼ ’ਚੋਂ 8 ਜਨਵਰੀ ਨੂੰ ਸਵੇਰੇ ਤੜਕੇ ਚੋਰਾਂ ਨੇ ਡੇਢ ਤੋਂ 2 ਕਰੋੜ ਰੁਪਏ ਦੇ ਗਹਿਣੇ ਚੋਰੀ ਕਰ ਲਏ ਸਨ। ਇਹ ਦੁਕਾਨ ਜਵਾਹਰ ਲਾਲ ਚੌਹਾਨ ਪੁੱਤਰ ਰਘੂਨਾਥ ਚੌਹਾਨ ਵਾਸੀ ਮੁਹੱਲਾ ਨੰਬਰ 24, ਜਲੰਧਰ ਛਾਉਣੀ ਦੀ ਹੈ। ਚੋਰਾਂ ਨੇ ਰਮਨ ਜਿਊਲਰਜ਼ ’ਚ ਬੜੇ ਸ਼ਾਂਤਮਈ ਢੰਗ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਜਵਾਹਰ ਲਾਲ ਚੌਹਾਨ ਦੇ ਨਜ਼ਦੀਕੀ ਰਿਸ਼ਤੇਦਾਰ ਸੁਰੇਸ਼ ਵਰਮਾ ਨੇ ਦੱਸਿਆ ਕਿ ਚੋਰਾਂ ਨੇ ਸਾਰੇ ਤਾਲਿਆਂ ਦੀਆਂ ਚਾਬੀਆਂ ਖੋਲ੍ਹ ਕੇ ਸੋਨਾ, ਚਾਂਦੀ ਤੇ ਨਕਦੀ ਕੱਢ ਲਈ ਤੇ ਫਿਰ ਤਾਲੇ ਲਾ ਦਿੱਤੇ।

ਚੋਰਾਂ ਨੇ ਦੁਕਾਨ ’ਚ ਡੀ. ਵੀ. ਆਰ. ਨੂੰ ਪਹਿਲਾਂ ਹੀ ਉਤਾਰ ਦਿੱਤਾ ਤਾਂ ਜੋ ਉਹ ਸੀ.ਸੀ.ਟੀ.ਵੀ. ’ਚ ਕੈਦ ਨਾ ਹੋ ਸਕਣ। ਪੁਲਸ ਅਜੇ ਤੱਕ ਇਸ ਵੱਡੀ ਵਾਰਦਾਤ ਦਾ ਪਤਾ ਨਹੀਂ ਲਗਾ ਸਕੀ ਹੈ। ਇਸ ਤੋਂ ਪਹਿਲਾਂ ਵੀ ਰਮਨ ਜਿਊਲਰਜ਼, ਗੜ੍ਹਾ ਰੋਡ ’ਤੇ ਵਾਪਰੀ ਵੱਡੀ ਚੋਰੀ ਦਾ ਵੀ ਪੁਲਸ ਨੂੰ ਕੋਈ ਸੁਰਾਗ ਨਹੀਂ ਲੱਗਾ ਹੈ। ਪੀੜਤ ਪਰਿਵਾਰ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਵੀ ਮਿਲ ਚੁੱਕਾ ਹੈ।

ਚੁਗਿੱਟੀ ਚੌਕ ਨੇੜੇ 12 ਜਨਵਰੀ ਦੀ ਰਾਤ ਨੂੰ ਹੋਈ ਚੋਰੀ
12 ਜਨਵਰੀ ਦੀ ਰਾਤ ਨੂੰ ਚੋਰ ਚੁਗਿੱਟੀ ਚੌਕ ਨੇੜੇ ਸਥਿਤ ਮੁਹੱਲਾ ਅਵਤਾਰ ਨਗਰ ਗੁਰੂ ਨਾਨਕਪੁਰਾ ਪੂਰਬੀ ਦੀ ਗਰਾਊਂਡ ’ਚ ਖੜ੍ਹੇ ਵਾਹਨਾਂ ਦੇ ਟਾਇਰ, ਚੱਕੇ ਤੇ ਬੈਟਰੀਆਂ ਚੋਰੀ ਕਰ ਕੇ ਲੈ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਜੰਮੂ ਤੋਂ ਆਏ ਲੋਕਾਂ ਦੇ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ ਤੇ ਉਨ੍ਹਾਂ ’ਚੋਂ ਸਵੈਟਰ ਤੇ ਸ਼ਾਲ ਵੀ ਕੱਢ ਲਏ। ਇਹ ਇਲਾਕਾ ਰਾਮਾ ਮੰਡੀ ਥਾਣਾ (ਸੂਰਿਆ ਐਨਕਲੇਵ) ’ਚ ਪੈਂਦਾ ਹੈ ਤੇ ਇਸ ਸਬੰਧੀ ਕੁਲਦੀਪ ਭੱਟੀ ਵਾਸੀ ਅਵਤਾਰ ਨਗਰ, ਰਸ਼ੀਦ ਤੇ ਅਲੀ ਮੁਹੰਮਦ ਵਾਸੀ ਜੰਮੂ ਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਪੁਲਸ ਅਜੇ ਤੱਕ ਇਸ ਘਟਨਾ ਨੂੰ ਟਰੇਸ ਕਰਨਾ ਤਾਂ ਦੂਰ ਦੀ ਗੱਲ ਹੈ 13 ਜਨਵਰੀ ਰਾਤ ਤਕ ਮਾਮਲਾ ਵੀ ਦਰਜ ਨਹੀਂ ਕੀਤਾ ਸੀ।


author

Anuradha

Content Editor

Related News