ਚੋਰਾਂ ਗੁਰੂ ਦੀ ਮਾਇਆ ਵੀ ਨਾ ਛੱਡੀ, ਗੁਰਦੁਆਰਾ ਸਲੌਦੀ ਸਿੰਘਾਂ ਵਿਖੇ ਗੁਰੂ ਘਰ ਦੀ ਗੋਲਕ ਤੋੜੀ

Saturday, May 29, 2021 - 07:52 PM (IST)

ਸਮਰਾਲਾ (ਗਰਗ, ਬੰਗੜ) : ਇਲਾਕੇ ’ਚ ਚੋਰੀ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਝ ਦਿਨ ਪਹਿਲਾ ਸਰਕਾਰੀ ਸਮਾਰਟ ਸਕੂਲ ਕੋਟਲਾ ਸਮਸ਼ਪੁਰ ਵਿਖੇ ਲੱਖਾਂ ਰੁਪਏ ਦੀ ਚੋਰੀ ਦੀ ਘਟਨਾ ਮਗਰੋਂ ਬੀਤੀ ਰਾਤ ਨੇੜਲੇ ਪਿੰਡ ਸਲੌਦੀ ਸਿੰਘਾਂ ਦੀ ਵਿਖੇ ਗੁਰੂ ਘਰ ਦੀ ਗੋਲਕ ਨੂੰ ਤੋੜਦੇ ਹੋਏ ਚੋਰ ਕਰੀਬ 50-60 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਚੋਰੀ ਦੀ ਇਸ ਘਟਨਾ ਤੋਂ ਅਗਲੇ ਦਿਨ ਹੀ ਗੋਲਕ ਦੀ ਗਿਣਤੀ ਕੀਤੀ ਜਾਣੀ ਸੀ ਪਰ ਗਿਣਤੀ ਤੋਂ ਪਹਿਲਾਂ ਹੀ ਚੋਰ ਗੁਰੂ ਘਰ ਦੀ ਇਸ ਮਾਇਆ ’ਤੇ ਹੱਥ ਸਾਫ਼ ਕਰ ਗਏ।  ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਜੱਟਾਂ-ਪੱਤੀ ਦੀ ਗੋਲਕ ਤੋੜ ਕੇ ਨਕਦੀ ਚੋਰੀ ਕਰਨ ਦੀ  ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸ਼ੱਕ ਕੀਤਾ ਜਾਂਦਾ ਹੈ ਕਿ ਚੋਰ ਪਿਛਲੇ ਪਾਸੇ ਤੋਂ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਗੁਰਦੁਆਰੇ ਵਿਚ ਦਾਖਲ ਹੋਏ ਹੋਣਗੇ ਕਿਉਂਕਿ ਮੁੱਖ ਗੇਟ ਦਾ ਤਾਲਾ ਅਤੇ ਦਰਵਾਜ਼ਾ ਸਹੀ ਸਲਾਮਤ ਪਾਇਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਸਾਲ ਵਿੱਚ ਦੋ ਵਾਰ ਗੋਲਕ ਗਿਣੀ ਜਾਂਦੀ ਹੈ ਅਤੇ ਕੱਲ ਹੀ ਉਨ੍ਹਾਂ ਨੇ ਪਿੰਡ ਦੇ ਸਰਪੰਚ ਨਾਲ ਇਹ ਗੋਲਕ ਖੋਲ੍ਹ ਕੇ ਗਿਣਨ ਲਈ ਕਿਹਾ ਸੀ।

ਇਹ ਵੀ ਪੜ੍ਹੋ : ਬਠਿੰਡਾ ’ਚ ਬਲੈਕ ਫੰਗਸ ਕਾਰਨ ਇਕ ਦੀ ਮੌਤ, 5 ਨਵੇਂ ਮਰੀਜ਼ ਸਾਹਮਣੇ

ਹਰ ਵਾਰ 6 ਮਹੀਨਿਆਂ ਮਗਰੋਂ ਖੋਲ੍ਹੀ ਜਾਣ ਵਾਲੀ ਇਸ ਗੋਲਕ ਵਿੱਚੋਂ ਬੀਤੀ ਰਾਤ 50 ਤੋਂ 60 ਹਜ਼ਾਰ ਰੁਪਏ ਦੀ ਰਕਮ ਚੋਰੀ ਹੋਣ ਦਾ ਅਨੁਮਾਨ ਹੈ। ਇਸ ਵਾਰ ਗੋਲਕ ਦੀ ਰਕਮ ਨਾਲ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰੇ  ਵਿੱਚ ਏਅਰਕੰਡੀਸ਼ਨ ਲਾਏ ਜਾਣ ਦੀ ਯੋਜਨਾ ਸੀ। ਅੱਜ ਤੜਕੇ ਪੰਜ ਵਜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਆ ਕੇ ਦੱਸਿਆ ਕਿ ਰਾਤੀ ਗੋਲਕ ਤੋੜ ਕੇ ਚੋਰੀ ਹੋ ਗਈ  ਹੈ। ਚੋਰਾਂ ਵਲੋਂ ਆਪਣੀ ਇਸ ਕਰਤੂਤ ਦੇ ਸਬੂਤ ਮਿਟਾਉਣ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਕੈਮਰੇ, ਡੀ. ਵੀ. ਆਰ. ਰਿਕਾਰਡਰ ਅਤੇ ਐੱਲ. ਈ. ਡੀ. ਵੀ ਚੋਰੀ ਕਰ ਕੇ ਲੈ ਗਏ ਹਨ। ਪੁਲਸ ਨੂੰ ਇਸ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪਿੰਡ ਵਿਚ ਘਰਾਂ ਦੇ ਬਾਹਰ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ  ਜਾ ਰਹੀ ਹੈ।    

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਕੈਂਪ ਦੀ ਸ਼ੁਰੂਆਤ ਮੌਕੇ ਸੁਖਬੀਰ ਨੇ ਘੇਰੀ ਕੈਪਟਨ ਸਰਕਾਰ, ਕਿਹਾ- ਪੰਜਾਬ 'ਚ ਮੌਤ ਦਰ ਸਭ ਤੋਂ ਵੱਧ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News