ਸ਼ਾਤਰ ਚੋਰਾਂ ਦਾ ਖੁਰਾਫਾਤ ਦਿਮਾਗ, ਜੁਗਾੜ ਦੇਖ ਹੋ ਜਾਵੋਗੇ ਹੈਰਾਨ

Saturday, Aug 17, 2019 - 06:32 PM (IST)

ਸ਼ਾਤਰ ਚੋਰਾਂ ਦਾ ਖੁਰਾਫਾਤ ਦਿਮਾਗ, ਜੁਗਾੜ ਦੇਖ ਹੋ ਜਾਵੋਗੇ ਹੈਰਾਨ

ਖੰਨਾ (ਵਿਪਨ ਬੀਜਾ) : ਖੰਨਾ ਪੁਲਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਇਕ ਵਾਹਨ ਚੋਰ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਚੋਰਾਂ ਨੇ ਪਿਛਲੇ ਕੁਝ ਸਮੇਂ ਤੋਂ ਇਲਾਕੇ 'ਚ ਪੂਰੀ ਦਹਿਸ਼ਤ ਫੈਲਾਈ ਹੋਈ ਸੀ। ਹੁਣ ਤੱਕ ਚੋਰੀ ਦੀਆਂ 17 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਸ ਗਿਰੋਹ ਨੇ ਕਰੀਬ 17 ਕਾਰਾਂ ਅਤੇ 5 ਮੋਟਰਸਾਈਕਲ ਚੋਰੀ ਕੀਤੇ ਸਨ। ਇਹ ਚੋਰ ਇੰਨੇ ਸ਼ਾਤਿਰ ਸਨ ਕਿ ਚੋਰੀ ਦੀਆਂ ਗੱਡੀਆਂ ਨੂੰ ਠਿਕਾਣੇ ਲਗਾਉਣ ਲਈ ਇਨ੍ਹਾਂ ਨੇ ਬਕਾਇਦਾ ਇਕ ਗੈਰਾਜ ਵੀ ਖੋਲ੍ਹਿਆ ਹੋਇਆ ਸੀ, ਜਿਸਦੇ ਗੋਦਾਮ 'ਚ ਇਹ ਗੱਡੀਆਂ ਦਾ ਪੁਰਜਾ-ਪੁਰਜਾ ਕਰਕੇ ਉਨ੍ਹਾਂ ਨੂੰ ਸਪੇਅਰ ਪਾਰਟਸ ਵਜੋਂ ਵੇਚ ਦਿੰਦੇ ਸਨ। ਪੁਲਸ ਮੁਤਾਬਕ ਇਨ੍ਹਾਂ 'ਤੇ ਪਹਿਲਾਂ ਵੀ ਕੇਸ ਦਰਜ ਹੈ ਅਤੇ ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। 

PunjabKesari

ਐੱਸ. ਪੀ. ਡੀ. ਜਸਵੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਹੁਕਮਾਂ 'ਤੇ ਜ਼ਿਲੇ 'ਚ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ। ਜਿਸ ਦੇ ਤਹਿਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਦੀਪਕ ਰਾਏ ਦੀ ਅਗਵਾਈ 'ਚ ਸੀ. ਆਈ. ਏ. ਇੰਚਾਰਜ ਗੁਰਮੇਲ ਸਿੰਘ ਅਤੇ ਐੱਸ. ਐੱਚ. ਓ. ਸਿਟੀ ਲਾਭ ਸਿੰਘ ਦੀ ਟੀਮ ਨੇ ਫਤਿਹਗੜ੍ਹ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ। ਜਿਸ ਤੋਂ ਪੁੱਛਗਿੱਛ ਦੌਰਾਨ ਇਸ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗਿਰੋਹ 'ਚ ਉਸ ਨਾਲ ਮੇਜਰ ਸਿੰਘ ਅਤੇ ਜੀਤਾ ਸਿੰਘ ਵੀ ਸ਼ਾਮਲ ਹਨ। ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹੈ।


author

Gurminder Singh

Content Editor

Related News