ਚੋਰ ਗਿਰੋਹ ਦੇ 3 ਮੈਂਬਰ ਚੋਰੀ ਦੇ 18 ਮੋਟਰਸਾਈਕਲਾਂ ਸਣੇ ਗ੍ਰਿਫਤਾਰ
Thursday, Mar 05, 2020 - 09:46 AM (IST)
ਫਿਰੋਜ਼ਪੁਰ (ਕੁਮਾਰ) - ਸੀ. ਆਈ. ਏ. ਸਟਾਫ ਦੀ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ, ਜਦੋਂ ਇੰਚਾਰਜ ਕੌਰ ਸਿੰਘ ਅਤੇ ਐੱਸ. ਆਈ. ਬਲਵੰਤ ਸਿੰਘ ਦੀ ਅਗਵਾਈ ਹੇਠ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਉਨ੍ਹਾਂ ਨੇ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਉਕਤ ਵਿਅਕਤੀਆਂ ਤੋਂ ਚੋਰੀ ਦੇ 18 ਮੋਟਰਸਾਈਕਲ ਵੀ ਬਰਾਮਦ ਹੋਏ ਹਨ, ਜਦਕਿ ਇਸ ਚੋਰ ਗਿਰੋਹ ਦਾ ਇਕ ਮੈਂਬਰ ਜ਼ੋਰਾ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਚੱਕ ਖੁੰਦਰ ਫਰਾਰ ਹੋ ਗਿਆ। ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇੰਚਾਰਜ ਸੀ. ਆਈ. ਏ. ਕੌਰ ਸਿੰਘ ਅਤੇ ਐੱਸ. ਆਈ. ਬਲਵੰਤ ਸਿੰਘ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਚੋਰ ਗਿਰੋਹ ਦੇ 4 ਮੈਂਬਰ ਸੁਰਜੀਤ ਸਿੰਘ ਉਰਫ ਰੁਸਤਮ ਪੁੱਤਰ ਬਲਵਿੰਦਰ ਸਿੰਘ, ਅਮਰਜੀਤ ਸਿੰਘ ਉਰਫ ਚੀਨੀ ਪੁੱਤਰ ਬਹਾਦਰ ਸਿੰਘ, ਮਨਦੀਪ ਸਿੰਘ ਉਰਫ ਗਗਨ ਪੁੱਤਰ ਭਜਨ ਸਿੰਘ ਵਾਸੀ ਗੁਰੂਹਰਸਹਾਏ ਅਤੇ ਜੋਰਾ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਚੱਕ ਖੁੰਦਰ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ’ਚੋਂ ਮੋਟਰਸਾਈਕਲ ਚੋਰੀ ਕਰਦੇ ਹਨ।
ਉਕਤ ਵਿਅਕਤੀ ਚੋਰੀ ਕੀਤੇ ਸਾਰੇ ਮੋਟਰਸਾਈਕਲਾਂ ’ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਅੱਗੇ ਵੇਚਣ ਦਾ ਕੰਮ ਕਰਦੇ ਹਨ। ਅੱਜ ਇਹ ਲੋਕ ਵੱਖ-ਵੱਖ ਮੋਟਰਸਾਈਕਲਾਂ ’ਤੇ ਦਾਣਾ ਮੰਡੀ ਮਮਦੋਟ ਦੇ ਇਲਾਕੇ ’ਚ ਚੋਰੀ ਦੇ ਮੋਟਰਸਾਈਕਲ ਵੇਚਣ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਐੱਸ. ਪੀ. ਇਨਵੈਸਟੀਗੇਸ਼ਨ ਅਜੇਬੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਸੁਖਬੀਰ ਸਿੰਘ, ਅਮਰਜੀਤ ਸਿੰਘ ਅਤੇ ਗਗਨਦੀਪ ਸਿੰਘ ਨੂੰ ਚੋਰੀ ਦੇ 3 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 15 ਚੋਰੀ ਦੇ ਹੋਰ (ਕੁਲ 18) ਮੋਟਰਸਾਈਕਲ ਬਰਾਮਦ ਕੀਤੇ, ਜਦਕਿ ਜੋਰਾ ਸਿੰਘ ਪੁਲਸ ਪਾਰਟੀ ਨੂੰ ਦੇਖ ਕੇ ਫਰਾਰ ਹੋ ਗਿਆ। ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਚੋਰ ਗਿਰੋਹ ਦਾ ਅਦਾਲਤ ਤੋਂ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਗਿਰੋਹ ਤੋਂ ਚੋਰੀ ਦੇ ਹੋਰ ਵੀ ਮੋਟਰਸਾਈਕਲ ਅਤੇ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।