ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਦੋ ਕਾਬੂ, 9 ਵਾਰਦਾਤਾਂ ਕਬੂਲੀਆਂ
Monday, Oct 30, 2017 - 06:52 AM (IST)
ਸਾਹਨੇਵਾਲ (ਜ.ਬ.) - ਥਾਣਾ ਸਾਹਨੇਵਾਲ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਪੁਲਸ ਨੇ ਦੋ ਅਜਿਹੇ ਚੋਰਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਪਿਛਲੇ ਸਮੇਂ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ, ਜਿਨ੍ਹਾਂ 'ਚੋਂ ਇਕ ਪਾਸੋਂ ਪੁਲਸ ਨੇ ਚੋਰੀਸ਼ੁਦਾ 32 ਬੋਰ ਦਾ ਰਿਵਾਲਵਰ, 5 ਜ਼ਿੰਦਾ ਕਾਰਤੂਸ ਅਤੇ ਚੋਰੀਸ਼ੁਦਾ ਕੁੱਝ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।
ਉਕਤ ਦੋਵਾਂ ਚੋਰਾਂ ਦੇ ਫੜੇ ਜਾਣ ਨਾਲ ਥਾਣਾ ਸਾਹਨੇਵਾਲ ਅਤੇ ਚੌਕੀ ਰਾਮਗੜ੍ਹ ਦੇ ਇਲਾਕੇ 'ਚ ਪਿਛਲੇ ਸਮੇਂ ਦੌਰਾਨ ਹੋਈਆਂ ਚੋਰੀ ਅਤੇ ਲੁੱਟ-ਖੋਹ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਹੱਲ ਹੋਈਆਂ ਹਨ। ਪੁਲਸ ਅਨੁਸਾਰ ਫੜੇ ਗਏ ਦੋਵੇਂ ਕਥਿਤ ਦੋਸ਼ੀਆਂ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਲੱਕੜ ਵਾਲਾ ਆਰਾ, 33 ਫੁੱਟ ਰੋਡ, ਮੂੰਡੀਆਂ ਕਲਾਂ ਅਤੇ ਦਿਨੇਸ਼ ਕੁਮਾਰ ਪੁੱਤਰ ਪੰਕਜ ਗੁਪਤਾ ਵਾਸੀ ਆਨੰਤ ਵਿਹਾਰ ਕਾਲੋਨੀ, ਰਾਮਗੜ੍ਹ, ਲੁਧਿਆਣਾ ਦੇ ਰੂਪ 'ਚ ਹੋਈ ਹੈ।
ਇਸ ਸਬੰਧ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਸਾਹਨੇਵਾਲ ਇੰਸ. ਸੁਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਵੇਂ ਚੋਰਾਂ ਨੇ 25 ਅਕਤੂਬਰ ਨੂੰ ਸਾਹਨੇਵਾਲ ਦੇ ਡਰੀਮਲੈਂਡ ਦੇ ਨੇੜਿਓਂ ਗਿਆਸਪੁਰਾ ਦੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਵਿਨੋਦ ਕੁਮਾਰ ਦਾ ਮੋਟਰਸਾਈਕਲ ਚੋਰੀ ਕੀਤਾ ਸੀ, ਜਿਸ ਦੀ ਸ਼ਿਕਾਇਤ 'ਤੇ ਦਰਜ ਮਾਮਲੇ ਦੀ ਛਾਣਬੀਣ ਦੌਰਾਨ ਉਨ੍ਹਾਂ ਦੀ ਪੁਲਸ ਪਾਰਟੀ ਨੇ ਦਿਨੇਸ਼ ਕੁਮਾਰ ਨੂੰ ਪਹਿਲਾਂ ਗ੍ਰਿਫਤਾਰ ਕੀਤਾ, ਜਿਸ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਕਮਲਜੀਤ ਨੂੰ ਗ੍ਰਿਫਤਾਰ ਕੀਤਾ, ਜਿਸ ਕੋਲੋਂ ਪੁਲਸ ਨੇ ਇਕ 32 ਬੋਰ ਦਾ ਰਿਵਾਲਵਰ ਅਤੇ 5 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ।
ਸਭ ਮੋਟਰਸਾਈਕਲਾਂ ਨੂੰ ਲੱਗਦੀ ਸੀ ਚਾਬੀ
ਉਕਤ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਚੋਰਾਂ ਪਾਸੋਂ ਇਕ ਅਜਿਹੀ ਚਾਬੀ ਬਰਾਮਦ ਹੋਈ ਹੈ, ਜੋ ਉਹ ਜਿਸ ਵੀ ਮੋਟਰਸਾਈਕਲ ਨੂੰ ਲਾਉਂਦੇ ਸਨ ਤਾਂ ਉਸ ਦਾ ਤਾਲਾ ਖੁੱਲ੍ਹ ਜਾਂਦਾ ਸੀ।
ਚੋਰਾਂ ਨੂੰ ਪੈ ਗਏ ਮੋਰ
ਥਾਣਾ ਮੁਖੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਕਮਲਜੀਤ ਨੇ ਉਕਤ ਰਿਵਾਲਵਰ ਜਿਸ ਬੰਟੀ ਦੇ ਘਰੋਂ ਚੋਰੀ ਕੀਤਾ ਸੀ, ਉਹ ਵੀ ਇਕ ਪੇਸ਼ੇਵਰ ਚੋਰ ਹੈ। ਕਮਲਜੀਤ ਇਹ ਗੱਲ ਜਾਣਦਾ ਸੀ ਕਿ ਬੰਟੀ ਚੋਰੀ ਦੇ ਮਾਮਲੇ 'ਚ ਜੇਲ 'ਚ ਬੰਦ ਹੈ ਅਤੇ ਉਸ ਦਾ ਘਰ ਬੰਦ ਪਿਆ ਹੈ, ਜਿਸ ਕੋਲ ਉਕਤ ਰਿਵਾਲਵਰ ਹੈ, ਜਿਸ 'ਤੇ ਉਸ ਨੇ ਬੰਟੀ ਦੇ ਬੰਦ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਕਤ ਰਿਵਾਲਵਰ, ਕਾਰਤੂਸ, 10 ਹਜ਼ਾਰ ਦੀ ਨਕਦੀ ਅਤੇ ਇਕ ਐੱਲ. ਈ. ਡੀ. ਚੋਰੀ ਕੀਤੀ ਸੀ। ਰਿਵਾਲਵਰ ਨਾਲ ਉਨ੍ਹਾਂ ਨੇ ਸਿਰਫ ਲੋਕਾਂ ਨੂੰ ਡਰਾਇਆ ਹੀ ਸੀ।
ਬੰਟੀ ਦੀ ਤਲਾਸ਼ 'ਚ ਪੁਲਸ
ਥਾਣਾ ਮੁਖੀ ਅਨੁਸਾਰ ਬੰਟੀ ਅਤੇ ਕਮਲਜੀਤ ਦੋਵੇਂ ਪੇਸ਼ੇਵਰ ਅਪਰਾਧੀ ਹਨ, ਜਿਨ੍ਹਾਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ। ਪੁਲਸ ਨੇ ਜਿੱਥੇ ਕਮਲਜੀਤ ਨੂੰ ਗ੍ਰਿਫਤਾਰ ਕਰ ਲਿਆ ਹੈ, ਉਥੇ ਹੀ ਬੰਟੀ ਦੀ ਤਲਾਸ਼ ਕੀਤੀ ਜਾ ਰਹੀ ਹੈ, ਤਾਂ ਕਿ ਰਿਵਾਲਵਰ ਦੇ ਅਸਲ ਮਾਲਕ ਦਾ ਪਤਾ ਲਾਇਆ ਜਾ ਸਕੇ।
9 ਦੇ ਕਰੀਬ ਵਾਰਦਾਤਾਂ ਕਬੂਲੀਆਂ
ਥਾਣਾ ਮੁਖੀ ਇੰਸ. ਸੁਰਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਕਮਲਜੀਤ ਅਤੇ ਦਿਨੇਸ਼ ਨੇ ਸ਼ੁਰੂਆਤੀ ਪੁੱਛਗਿੱਛ ਦੌਰਾਨ 9 ਦੇ ਕਰੀਬ ਵਾਰਦਾਤਾਂ ਕਬੂਲੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਮੋਟਰਸਾਈਕਲ ਚੋਰੀ, ਘਰਾਂ ਦੇ ਤਾਲੇ ਤੋੜ ਕੇ ਚੋਰੀਆਂ ਅਤੇ ਰਾਹਗੀਰਾਂ ਪਾਸੋਂ ਲੁੱਟ-ਖੋਹ ਕੀਤੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਵਾਂ ਨੇ ਭਾਮੀਆਂ ਖੁਰਦ ਨਿਵਾਸੀ ਬੰਟੀ ਦੇ ਘਰੋਂ ਇਕ ਐੱਲ. ਈ. ਡੀ., 10 ਹਜ਼ਾਰ ਦੀ ਨਕਦੀ, 32 ਬੋਰ ਰਿਵਾਲਵਰ ਅਤੇ 5 ਜ਼ਿੰਦਾ ਕਾਰਤੂਸ, ਬਿਲਗਾ ਪਿੰਡ ਦੇ ਨੇੜੇ ਤੋਂ ਹਿਕ ਪ੍ਰਵਾਸੀ ਪਾਸੋਂ ਮੋਬਾਇਲ ਖੋਹਿਆ, ਏਅਰਪੋਰਟ ਸਾਹਨੇਵਾਲ ਦੇ ਨੇੜੇ ਦੋ ਪ੍ਰਵਾਸੀ ਮਜ਼ਦੂਰਾਂ ਪਾਸੋਂ ਮੋਬਾਇਲ ਖੋਹੇ, ਸਾਹਨੇਵਾਲ ਬਿਜਲੀ ਘਰ ਦੇ ਨੇੜੇ ਬੰਦ ਮਕਾਨ ਦਾ ਤਾਲਾ ਤੋੜਕੇ ਐੱਲ. ਸੀ. ਡੀ., ਡੀ. ਵੀ. ਡੀ., ਗੈਸ ਸਿਲੰਡਰ ਚੋਰੀ ਕੀਤਾ, ਨੰਦਪੁਰ ਮੰਦਰ ਦੀ ਗੋਲਕ ਚੋਰੀ ਕੀਤੀ, ਲੁਧਿਆਣਾ ਕਚਹਿਰੀ ਬਾਹਰੋਂ ਮੋਟਰਸਾਈਕਲ ਚੋਰੀ ਕੀਤਾ, ਸਾਹਨੇਵਾਲ ਦੇ ਕਲਾ ਮੰਦਰ ਨੇੜੇ ਕਰਿਆਨੇ ਦੀ ਦੁਕਾਨ 'ਚੋਂ ਕਰਿਆਨੇ ਦਾ ਸਾਮਾਨ ਅਤੇ ਦੋ ਗੈਸ ਸਿਲੰਡਰ ਚੋਰੀ ਕੀਤੇ। ਕੁੱਝ ਦਿਨ ਪਹਿਲਾਂ ਕੁਹਾੜਾ ਚੌਕ 'ਚੋਂ ਇਕ ਮੋਟਰਸਾਈਕਲ ਚੋਰੀ ਕੀਤਾ।
