ਦੇਖ ਲਓ ਚੋਰਾਂ ਦਾ ਹਾਲ ! ਓਟ ਸੈਂਟਰ ''ਚੋਂ 9 ਹਜ਼ਾਰ ਗੋਲੀਆਂ ਹੀ ਕਰ ਲਈਆਂ ਚੋਰੀ
Saturday, Mar 08, 2025 - 05:39 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਸੀ. ਐੱਚ. ਸੀ. ਹਸਪਤਾਲ 'ਚੋਂ ਬੀਤੀ ਰਾਤ ਚੋਰ ਓਟ ਸੈਂਟਰ 'ਚੋਂ ਨਸ਼ਾ ਛੁਡਾਉਣ ਵਾਲੀਆਂ 9 ਹਜ਼ਾਰ ਦੇ ਕਰੀਬ ਗੋਲੀਆਂ ਚੋਰੀ ਕਰਕੇ ਲੈ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਵੱਲੋਂ ਗੁਰੂਹਰਸਹਾਏ ਦੇ ਸੀ. ਐੱਚ. ਸੀ. ਹਸਪਤਾਲ 'ਚ ਬਣੇ ਓਟ ਸੈਂਟਰ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰੋਂ 9 ਹਜ਼ਾਰ ਦੇ ਕਰੀਬ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਚੋਰੀ ਕਰ ਲਈਆਂ। ਇਸ ਚੋਰੀ ਸਬੰਧੀ ਜਦ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਇਸ ਚੋਰੀ ਸਬੰਧੀ ਜਾਣਕਾਰੀ ਦੇਣ ਤੋਂ ਟਾਲਮਟੋਲ ਕੀਤਾ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਐੱਸਐੱਮਓ ਮੈਡਮ ਕਰਨਵੀਰ ਕੌਰ ਨੇ ਓਟ ਸੈਂਟਰ ਦਾ ਦੌਰਾ ਕੀਤਾ ਸੀ ਤੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਇੱਥੇ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਮਰੀਜ਼ ਨੂੰ ਮੁਸ਼ਕਲ ਨਹੀਂ ਆਉਣ ਨਾ ਦਿੱਤੀ ਜਾਵੇ। ਇਸ ਚੋਰੀ ਸਬੰਧੀ ਐੱਸਐੱਮਓ ਡਾਕਟਰ ਕਰਨਵੀਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਥਾਣੇ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਓਟ ਸੈਂਟਰ 'ਚੋਂ ਚੋਰੀ ਹੋਈਆਂ ਦਵਾਈਆਂ ਗੋਲੀਆਂ ਨੂੰ ਲੱਭਿਆ ਨਹੀਂ ਜਾਂਦਾ ਉਦੋਂ ਤੱਕ ਓਟ ਸੈਂਟਰ ਬੰਦ ਰਹੇਗਾ। ਪੁਲਸ ਪ੍ਰਸ਼ਾਸਨ ਵੱਲੋਂ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।