ਜਦ ਤੱਕ ਪੁਲਸ ਹਰਕਤ ''ਚ ਆਈ ਚੋਰ ਪੰਜਾਬ ਬਾਰਡਰ ਪਾਰ ਕਰਕੇ ਪਹੁੰਚ ਗਏ ਜੰਮੂ-ਕਸ਼ਮੀਰ

Friday, Jul 28, 2017 - 11:05 AM (IST)

ਜਦ ਤੱਕ ਪੁਲਸ ਹਰਕਤ ''ਚ ਆਈ ਚੋਰ ਪੰਜਾਬ ਬਾਰਡਰ ਪਾਰ ਕਰਕੇ ਪਹੁੰਚ ਗਏ ਜੰਮੂ-ਕਸ਼ਮੀਰ

ਜਲੰਧਰ - ਬੀਤੇ ਸ਼ੁੱਕਰਵਾਰ ਛੋਟੀ ਬਾਰਾਂਦਰੀ ਪਾਰਟ-2 ਤੋਂ ਮਾਰਬਲ ਵਪਾਰੀ ਦੀ ਆਲਟੋ ਕਾਰ ਚੋਰੀ ਦੇ ਮਾਮਲੇ 'ਚ ਜਦੋਂ ਤੱਕ ਕਮਿਸ਼ਨਰੇਟ ਪੁਲਸ ਹਰਕਤ 'ਚ ਆਈ ਉਦੋਂ ਤੱਕ ਚੋਰੀ ਦੀ ਕਾਰ ਟੋਲ ਬੈਰੀਅਰ ਤੇ ਕਈ ਨਾਕੇ ਪਾਰ ਕਰਦੇ ਹੋਏ ਪੰਜਾਬ ਬਾਰਡਰ ਕਰਾਸ ਕਰ ਕੇ ਜੰਮੂ-ਕਸ਼ਮੀਰ ਪਹੁੰਚ ਗਈ। ਪੀੜਤ ਵਿਅਕਤੀ ਵੱਲੋਂ ਖੁਦ ਕੀਤੀ ਗਈ ਮਿਹਨਤ ਦੌਰਾਨ ਇਨ੍ਹਾਂ ਤੱਥਾਂ ਦੇ ਸੁਰਾਗ ਜੁਟਾਏ ਗਏ ਹਨ। ਪੁਲਸ ਹੁਣ ਕਾਰ ਬਰਾਮਦਗੀ ਲਈ ਜੇ. ਐਂਡ ਕੇ. ਜਾਣ ਦਾ ਭਰੋਸਾ ਦੇ ਕੇ ਮਾਮਲੇ ਨੂੰ ਟਾਲਦੀ ਨਜ਼ਰ ਆ ਰਹੀ ਹੈ।
ਜਾਣਕਾਰੀ ਮੁਤਾਬਕ ਬੀਤੇ ਸ਼ੁੱਕਰਵਾਰ ਤੜਕੇ ਥਾਣਾ ਨੰਬਰ 7 ਅਧੀਨ ਪੈਂਦੀ ਛੋਟੀ ਬਾਰਾਂਦਰੀ ਪਾਰਟ-2 ਵਾਸੀ ਮਾਰਬਲ ਵਪਾਰੀ ਹਰਯਾਦਵਿੰਦਰ ਸਿੰਘ ਉਰਫ ਕਿੱਟੀ ਦੀ ਆਲਟੋ ਕਾਰ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਸੀ ਕਿ ਰਾਤ ਕਰੀਬ 2.30 ਵਜੇ ਚੋਰੀ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ-7 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਉਨ੍ਹਾਂ ਨੂੰ ਤੁਰੰਤ ਕਾਰਵਾਈ ਤੇ ਕਾਰ ਚੋਰੀ ਸਬੰਧੀ ਆਲੇ-ਦੁਆਲੇ ਦੇ ਜ਼ਿਲਿਆਂ ਵਿਚ ਵਾਇਰਲੈੱਸ ਮੈਸੇਜ ਕਰਵਾਉਣ ਦਾ ਭਰੋਸਾ ਦਿੱਤਾ। ਕਿੱਟੀ ਮੁਤਾਬਕ ਕਰੀਬ 4 ਦਿਨਾਂ ਬਾਅਦ ਉਨ੍ਹਾਂ ਨੂੰ ਕਾਰ ਚੋਰੀ ਦੀ ਐੱਫ. ਆਈ. ਆਰ. ਦੀ ਕਾਪੀ ਮਿਲੀ।
ਕਿੱਟੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕੀਤੀ। ਜਾਂਚ 'ਚ ਪਠਾਨਕੋਟ ਰੋਡ 'ਤੇ ਟਾਂਡਾ ਦੇ ਚਲਾਂਗ 'ਚ ਸਥਿਤ ਟੋਲ ਬੈਰੀਅਰ 'ਤੇ ਬੀਤੇ ਸ਼ੁੱਕਰਵਾਰ ਤੜਕੇ ਸੀ. ਸੀ. ਟੀ. ਵੀ. ਰਿਕਾਰਡਿੰਗ ਚੈੱਕ ਕੀਤੀ ਤਾਂ ਦੇਖਿਆ ਕਿ ਉਨ੍ਹਾਂ ਦੀ ਕਾਰ 3.35 ਮਿੰਟ 'ਤੇ ਚਲਾਂਗ ਬੈਰੀਅਰ ਕਰਾਸ ਹੋਈ ਤੇ ਉਸ ਤੋਂ ਬਾਅਦ 4.24 ਮਿੰਟ 'ਤੇ ਡਮਟਾਲ ਬੈਰੀਅਰ ਕਰਾਸ ਹੋਈ। ਕਿੱਟੀ ਨੇ ਦੱਸਿਆ ਕਿ ਉਨ੍ਹਾਂ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਰਿਕਾਰਡਿੰਗ ਵੀ ਆਪਣੇ ਪੱਧਰ 'ਤੇ ਲਿਆ ਕੇ ਪੁਲਸ ਨੂੰ ਸੌਂਪੀ ਹੈ। ਸੰਭਾਵਨਾ ਹੈ ਕਿ ਚੋਰ ਉਨ੍ਹਾਂ ਦੀ ਕਾਰ ਚੋਰੀ ਕਰ ਕੇ ਸਿੱਧਾ ਜੇ. ਐਂਡ ਕੇ. ਲੈ ਗਏ। ਫੁਟੇਜ ਵਿਚ ਇਕ ਹੋਰ ਤੱਥ ਸਾਹਮਣੇ ਆਇਆ ਕਿ ਚੋਰਾਂ ਨੇ ਕਾਰ ਦਾ ਨੰਬਰ ਤੱਕ ਨਹੀਂ ਬਦਲਿਆ। ਘਟਨਾ ਸਬੰਧੀ ਪੁਲਸ ਦੀ ਲੇਟ-ਲਤੀਫੀ ਕਾਰਨ ਚੋਰੀ ਦੀ ਆਲਟੋ ਕਾਰ ਜੰਮੂ-ਕਸ਼ਮੀਰ ਬਾਰਡਰ ਵਿਚ ਐਂਟਰੀ ਕਰ ਗਈ।
ਕਿੱਟੀ ਨੇ ਸ਼ੱਕ ਜਤਾਇਆ ਕਿ ਚੋਰ ਆਨ ਡਿਮਾਂਡ ਕਾਰ ਕਰ ਕੇ ਜੰਮੂ-ਕਸ਼ਮੀਰ ਲੈ ਗਏ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਕਾਰ ਜੰਮੂ-ਕਸ਼ਮੀਰ ਵਿਚ ਹੀ ਵੇਚੀ ਗਈ ਹੈ। ਕਿੱਟੀ ਨੇ ਪੁਲਸ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਪੁਲਸ ਟੀਮ ਉਥੇ ਭੇਜ ਕੇ ਕਾਰ ਲੱਭੀ ਜਾਵੇ ਤੇ ਲਾਪ੍ਰਵਾਹ ਕਰਮਚਾਰੀਆਂ 'ਤੇ ਕਾਰਵਾਈ ਕੀਤੀ ਜਾਵੇ।


Related News