ਚੰਡੀਗੜ੍ਹ-ਅੰਬਾਲਾ ਰੂਟ ’ਤੇ ਟ੍ਰੇਨਾਂ ਦੀ ਸਪੀਡ ਨੂੰ ਲੈ ਕੇ ਮੁੜ ਹੋਵੇਗਾ ਵਿਚਾਰ-ਵਟਾਂਦਰਾ, ਮੀਟਿੰਗ ’ਚ ਬਣੇਗੀ ਰਣਨੀਤੀ

Monday, Feb 05, 2024 - 06:32 PM (IST)

ਚੰਡੀਗੜ੍ਹ-ਅੰਬਾਲਾ ਰੂਟ ’ਤੇ ਟ੍ਰੇਨਾਂ ਦੀ ਸਪੀਡ ਨੂੰ ਲੈ ਕੇ ਮੁੜ ਹੋਵੇਗਾ ਵਿਚਾਰ-ਵਟਾਂਦਰਾ, ਮੀਟਿੰਗ ’ਚ ਬਣੇਗੀ ਰਣਨੀਤੀ

ਚੰਡੀਗੜ੍ਹ (ਲਲਨ) : ਚੰਡੀਗੜ੍ਹ-ਅੰਬਾਲਾ ਰੂਟ ’ਤੇ ਟ੍ਰੇਨਾਂ ਦੀ ਸਪੀਡ ਵਧਾਉਣ ਸਬੰਧੀ ਰੇਲਵੇ ਬੋਰਡ ਨੇ ਮੁੜ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਅੰਬਾਲਾ ਮੰਡਲ ਦੇ ਅਧਿਕਾਰੀਆਂ ਅਤੇ ਇੰਜੀਨੀਅਰਾਂ ਦੀ ਮੀਟਿੰਗ ਫਰਵਰੀ ਦੇ ਤੀਜੇ ਹਫ਼ਤੇ ਹੋਣੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ-ਅੰਬਾਲਾ ਰੂਟ ’ਤੇ ਟ੍ਰੇਨਾਂ ਸਭ ਤੋਂ ਘੱਟ ਸਪੀਡ ਨਾਲ ਚੱਲਦੀਆਂ ਹਨ। ਸ਼ਤਾਬਦੀ ਇਸ ਰੂਟ ’ਤੇ 70 ਤੋਂ 80 ਕਿ. ਮੀ. ਪ੍ਰਤੀ ਘੰਟਾ ਦੀ ਸਪੀਡ ਨਾਲ ਚਲਦੀ ਹੈ, ਜਦੋਂ ਕਿ ਅੰਬਾਲਾ-ਦਿੱਲੀ ਵਿਚਕਾਰ ਇਹ ਟ੍ਰੇਨ 130 ਤੋਂ 150 ਕਿ. ਮੀ. ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲਦੀ ਹੈ। ਹਾਲਾਂਕਿ ਗਤੀ ਸਬੰਧੀ ਰੇਲਵੇ ਬੋਰਡ ਨੇ 2018 ’ਚ ਫ੍ਰੈਂਚ ਰੇਲਵੇ ਦੇ ਐੱਸ. ਐੱਨ. ਸੀ. ਐੱਫ. ਦੀ ਸਟੱਡੀ ਤੋਂ ਬਾਅਦ ਰੇਲਵੇ ਮੰਤਰਾਲੇ ਨੂੰ 3 ਸੁਝਾਅ ਦਿੱਤੇ ਸਨ, ਜਿਸ ਤੋਂ ਬਾਅਦ ਰੇਲਵੇ ਨੇ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ-ਅੰਬਾਲਾ ਵਿਚਕਾਰ 16 ਮੋੜ, ਤਿੰਨ 60 ਡਿਗਰੀ ਦੇ
ਚੰਡੀਗੜ੍ਹ-ਅੰਬਾਲਾ ਵਿਚਾਲੇ ਟ੍ਰੇਨਾਂ ਦੀ ਸਪੀਡ ਵਧਾਉਣ ਲਈ ਰੇਲਵੇ ਨੂੰ ਸਭ ਤੋਂ ਪਹਿਲਾਂ ਕੰਮ ਕਰਵ (ਮੋੜ) ਸਬੰਧੀ ਕਰਨਾ ਹੋਵੇਗਾ। ਇਸ ਰੂਟ ’ਤੇ 16 ਮੋੜ ਇਹੋ ਜਿਹੇ ਹਨ, ਜਿਨ੍ਹਾਂ ’ਤੇ ਟ੍ਰੇਨ ਨੂੰ ਸਪੀਡ ਨਾਲ ਮੋੜਨਾ ਮੁਸ਼ਕਿਲ ਹੈ, ਜਿਸ ਲਈ ਨਵੀਂ ਰੇਲਵੇ ਲਾਈਨ ਜਾਂ ਕਰਵ ਦੇ ਨੇੜੇ ਟ੍ਰੈਕ ਨੂੰ ਠੀਕ ਕੀਤਾ ਜਾਏ। ਇੰਨਾ ਹੀ ਨਹੀਂ, ਚੰਡੀਗੜ੍ਹ-ਅੰਬਾਲਾ ਵਿਚਕਾਰ 60 ਡਿਗਰੀ ਦੇ 3 ਕਰਵ ਹਨ, ਜਿੱਥੇ ਟ੍ਰੇਨ ਨੂੰ ਸਪੀਡ ਦੇ ਨਾਲ ਨਹੀਂ ਮੋੜਿਆ ਜਾ ਸਕਦਾ। ਇਸ ਲਈ ਰੇਲਵੇ ਨੂੰ ਸਭ ਤੋਂ ਪਹਿਲਾਂ ਇਨ੍ਹਾਂ ਕਰਵ ਨੂੰ ਠੀਕ ਕਰਨਾ ਪਵੇਗਾ।

-ਅਜੇ ਰੇਲਵੇ ਟ੍ਰੈਕ 52 ਕੇ. ਜੀ. ਪ੍ਰਤੀ ਮੀਟਰ ਦਾ ਹੈ, ਜੋ ਕਿ ਸਪੀਡ ਲਈ ਘੱਟੋ-ਘੱਟ 60 ਕੇ. ਜੀ. ਪ੍ਰਤੀ ਮੀਟਰ ਦਾ ਹੋਣਾ ਜ਼ਰੂਰੀ ਹੈ।
-ਰੇਲਵੇ ਲਾਈਨ ਖੁੱਲ੍ਹੀ ਹੈ ਅਤੇ ਕਈ ਥਾਵਾਂ ’ਤੇ ਫਾਟਕ ਨਹੀਂ ਹਨ। ਸਾਰੇ ਫਾਟਕ ਹਟਾ ਕੇ ਅੰਡਰਪਾਸ ਜਾਂ ਅੰਡਰ ਬ੍ਰਿਜ ਬਣਾਉਣੇ ਪੈਣਗੇ।
-ਮੋੜਾਂ ਨੂੰ ਘੱਟ ਕਰਨ ਲਈ ਟ੍ਰੈਕ ਦੇ ਆਸ-ਪਾਸ ਬਣੇ ਮਕਾਨਾਂ ਨੂੰ ਢਾਹੁਣਾ ਹੋਵੇਗਾ।

ਅਧਿਐਨ ਤੋਂ ਬਾਅਦ ਰੇਲ ਮੰਤਰਾਲੇ ਨੂੰ ਦਿੱਤੇ ਸਨ ਸੁਝਾਅ
ਫ੍ਰੈਂਚ ਰੇਲਵੇ ਦੇ ਐੱਸ. ਐੱਨ. ਸੀ. ਐੱਫ. ਦੇ ਅਧਿਐਨ ਤੋਂ ਬਾਅਦ ਰੇਲਵੇ ਮੰਤਰਾਲੇ ਨੂੰ 3 ਸੁਝਾਅ ਦਿੱਤੇ ਗਏ ਸਨ, ਜਿਨ੍ਹਾਂ ’ਚ ਰੇਲਵੇ ਵਲੋਂ ਚੰਡੀਗੜ੍ਹ-ਦਿੱਲੀ ਰੇਲਵੇ ਟ੍ਰੈਕ ’ਤੇ 200 ਕਿ. ਮੀ. ਦੀ ਸਪੀਡ ਨਾਲ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ, ਜਿਸ ’ਚ ਰੇਲਵੇ ਦੀ ਲਾਗਤ ਵੀ ਘੱਟ ਆਏਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਚਮਰੋੜ ਪੱਤਣ ਵਿਖੇ ਅਹਿਮ ਐਲਾਨ, ਸੈਲਾਨੀਆਂ ਨੂੰ ਮਿਲੇਗਾ ਇਹ ਖ਼ਾਸ ਤੋਹਫ਼ਾ

ਫ੍ਰੈਂਚ ਰੇਲਵੇ ਵਲੋਂ ਦਿੱਤੇ ਗਏ ਸੁਝਾਅ
-ਪਹਿਲੇ ਬਦਲ ਵਜੋਂ ਕੰਪਨੀ ਨੇ ਕਿਹਾ ਸੀ ਕਿ ਰੇਲਵੇ ਲਾਈਨ ’ਚ ਸੁਧਾਰ ਦੇ ਨਾਲ-ਨਾਲ ਬਿਜਲੀ ਸਪਲਾਈ ਅਤੇ ਸਿਗਨਲ ਸਿਸਟਮ ’ਚ ਸੁਧਾਰ
-ਇਸ ਟ੍ਰੈਕ ’ਤੇ 220 ਕਿ. ਮੀ. ਦੀ ਰਫਤਾਰ ਨਾਲ ਟ੍ਰੇਨ ਚਲਾਈ ਜਾ ਸਕਦੀ ਹੈ ਪਰ ਇਸ ਲਈ 7 ਹਜ਼ਾਰ ਕਰੋੜ ਰੁਪਏ ਖ਼ਰਚ ਕਰਨੇ ਪੈਣਗੇ।
ਜੇਕਰ ਤੁਸੀਂ ਇਸ ਟ੍ਰੈਕ ’ਤੇ 200 ਕਿ. ਮੀ. ਦੀ ਸਪੀਡ ਨਾਲ ਟ੍ਰੇਨ ਚਲਾਉਣਾ ਚਾਹੁੰਦੇ ਹੋ ਤਾਂ ਟ੍ਰੈਕ ਨੂੰ ਅਪਗ੍ਰੇਡ ਕਰ ਕੇ ਚਲਾਇਆ ਜਾ ਸਕਦਾ ਹੈ ਪਰ ਇਸ ਲਈ ਤੁਹਾਨੂੰ 1 ਕਿ. ਮੀ. ਲਈ 46 ਲੱਖ ਰੁਪਏ ਖ਼ਰਚ ਕਰਨੇ ਪੈਣਗੇ।

ਸੈਲਫ ਪ੍ਰੋਪੈਲਡ ਹਾਈਡ੍ਰੋਲਿਕ ਮਲਟੀਪਲ ਯੂਨਿਟ ਦਾ ਫਾਈਨਲ ਟ੍ਰਾਇਲ ਬਾਕੀ
ਕਾਲਕਾ-ਸ਼ਿਮਲਾ ਰੇਲਵੇ ਟਰੈਕ ’ਤੇ ਟ੍ਰੇਨਾਂ ਦੀ ਰਫ਼ਤਾਰ ਵਧਾਉਣ ਲਈ ਰੇਲਵੇ ਵੱਖ-ਵੱਖ ਤਰ੍ਹਾਂ ਦੇ ਯਤਨ ਕਰ ਰਿਹਾ ਹੈ। ਤਿੰਨ ਬੋਗੀ ਵਾਲੇ ਟ੍ਰੇਨ ਸੈੱਟ (ਸੈਲਫ਼ ਹਾਈਡ੍ਰੋਲਿਕ ਮਲਟੀਪਲ ਯੂਨਿਟ) ਇਸ ਦਿਸ਼ਾ ’ਚ ਮੀਲ ਦਾ ਪੱਥਰ ਸਾਬਤ ਹੋਣ ਵਾਲੇ ਹਨ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਸ ਟ੍ਰੇਨ ਸੈੱਟ ਦਾ ਟ੍ਰਾਇਲ ਵੀ ਪੂਰੀ ਤਰ੍ਹਾਂ ਸਫਲ ਰਿਹਾ ਹੈ। ਅੰਬਾਲਾ ਮੰਡਲ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਕੋਚ ਨਿਰਮਾਤਾ ਕੰਪਨੀ ਜਲਦੀ ਹੀ ਰੇਲਵੇ ਦੇ ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜ਼ੇਸ਼ਨ (ਆਰ. ਡੀ. ਐੱਸ. ਓ.) ਦੇ ਸਾਹਮਣੇ ਫਾਈਨਲ ਟ੍ਰਾਇਲ ਦੇਵੇਗੀ। ਇਸ ਦੌਰਾਨ ਇਸ ਟ੍ਰੇਨ ਦੀਆਂ ਸੀਟਾਂ ’ਤੇ ਰੇਤ ਦੀਆਂ ਬੋਰੀਆਂ ਦੇ ਨਾਲ ਕਾਲਕਾ ਤੋਂ ਸ਼ਿਮਲਾ ਤਕ ਯਾਤਰਾ ਕਰ ਕੇ ਇਸ ਦੀ ਸਮਰੱਥਾ ਦੀ ਜਾਂਚ ਕੀਤੀ ਜਾਵੇਗੀ। ਇਹ ਟ੍ਰਾਇਲ ਸਫਲ ਹੋ ਜਾਂਦਾ ਹੈ ਤਾਂ ਇਸ ਟ੍ਰੇਨ ਨੂੰ ਵਿਸ਼ਵ ਵਿਰਾਸਤ ’ਚ ਸ਼ਾਮਲ ਇਸ ਟ੍ਰੈਕ ’ਤੇ ਚੱਲਣ ਦੀ ਮਨਜ਼ੂਰੀ ਮਿਲ ਜਾਵੇਗੀ। ਸਵੈ-ਚਾਲਿਤ ਹਾਈਡ੍ਰੋਲਿਕ ਮਲਟੀਪਲ ਯੂਨਿਟ ਹਲਕੇ ਅਤੇ ਨਵੀਂ ਤਕਨੀਕ ਨਾਲ ਬਣਾਇਆ ਗਿਆ ਹੈ। ਇਸ ਦੇ ਚੱਲਣ ਨਾਲ ਮੌਜੂਦਾ ਔਸਤ ਗਤੀ ਵਧੇਗੀ। ਕਿੰਨੀ ਵਧੇਗੀ, ਇਸ ਦੀ ਜਾਣਕਾਰੀ ਫਾਈਨਲ ਟ੍ਰਾਇਲ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ।

ਚੰਡੀਗੜ੍ਹ-ਅੰਬਾਲਾ ਰੂਟ ’ਤੇ ਸਪੀਡ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ, ਜਿਸ ਲਈ ਕਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਕਾਲਕਾ-ਸ਼ਿਮਲਾ ਵਿਚਾਲੇ ਸੈਲਫ-ਪ੍ਰੋਪੈਲਡ ਹਾਈਡ੍ਰੋਲਿਕ ਮਲਟੀਪਲ ਯੂਨਿਟ ਦਾ ਫਾਈਨਲ ਟ੍ਰਾਇਲ ਬਾਕੀ ਹੈ ਤੇ ਜਿਵੇਂ ਹੀ ਟ੍ਰਾਇਲ ਸਫਲ ਹੋਵੇਗਾ ਤਾਂ ਇਹ ਟ੍ਰੇਨ ਸ਼ੁਰੂ ਹੋਵੇਗੀ ਅਤੇ ਸਮਾਂ ਵੀ ਬਚੇਗਾ।
-ਮਨਦੀਪ ਸਿੰਘ ਭਾਟੀਆ, ਡੀ. ਆਰ. ਐੱਮ. ਅੰਬਾਲਾ ਮੰਡਲ 

ਇਹ ਵੀ ਪੜ੍ਹੋ : ਪੰਜਾਬ ’ਚ ਮੁਫ਼ਤ ਰਾਸ਼ਨ ਸਕੀਮ ਨੂੰ ਲੈ ਕੇ ਅਹਿਮ ਖ਼ਬਰ, ਇਹ ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਪੰਜਾਬ ਸਰਕਾਰ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ। 
 


author

Anuradha

Content Editor

Related News