ਪੰਜਾਬ ਵਿਚ ਤਸ਼ੱਦਦ ਦਾ ਦੌਰ ਚੱਲੇਗਾ ਤੇ ਧੱਕੇਸ਼ਾਹੀਆਂ ਹੋਣਗੀਆਂ : ਭਾਈ ਗਰੇਵਾਲ
Friday, Oct 15, 2021 - 04:54 PM (IST)
ਫਿਰੋਜ਼ਪੁਰ (ਕੁਮਾਰ) : ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਪੰਜਾਬ ਦੀ ਸਰਹੱਦ ’ਤੇ ਹੁਣ 50 ਕਿਲੋਮੀਟਰ ਤੱਕ ਬੀ. ਐੱਸ. ਐੱਫ. ਨੂੰ ਕਾਰਵਾਈ ਕਰਨ ਦੇ ਅਧਿਕਾਰ ਦੇਣ ਦੀ ਸਿੱਖ ਸਟੂਡੈਂਟਸ ਫੈੱਡਰੇਸ਼ਨ (ਗਰੇਵਾਲ) ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਇਥੇ ਇਕ ਪੱਤਰਕਾਰ ਸੰਮੇਲਨ ਵਿਚ ਭਾਈ ਗਰੇਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਦੇ ਬਾਅਦ ਕੇਂਦਰ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਜੇਕਰ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕੀਤਾ ਹੁੰਦਾ ਤਾਂ ਇਹ ਤਾਨਾਸ਼ਾਹੀ ਫੈਸਲਾ ਨਹੀਂ ਲਿਆ ਜਾਣਾ ਸੀ। ਉਨ੍ਹਾਂ ਕਿਹਾ ਕਿ ਫੈੱਡਰੇਸ਼ਨ ਗਰੇਵਾਲ ਇਸ ਫੈਸਲਾ ਦਾ ਡੱਟ ਕੇ ਵਿਰੋਧ ਕਰੇਗੀ। ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਬਾਰਡਰਾਂ ਨੂੰ ਸੀਲ ਕਰਨ ਦੀ ਆਡ਼ ਵਿਚ ਕੇਂਦਰ ਸਰਕਾਰ ਵੱਲੋਂ ਇਕ ਸਾਜਿਸ਼ ਤਹਿਤ ਅੱਧੇ ਪੰਜਾਬ ’ਤੇ ਕਬਜ਼ਾ ਕਰ ਲਿਆ ਗਿਆ ਹੈ, ਜਿਸਦੇ ਨਤੀਜੇ ਬਹੁਤ ਖਤਰਨਾਕ ਨਿਕਲਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਮੁੱਦੇ ਨੂੰ ਲੈ ਕੇ ਸ਼ੁਰੂ ਹੋਏ ਕਿਸਾਨੀ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਨੂੰ ਦਬਾਉਣਾ ਚਾਹੁੰਦੀ ਸੀ ਤੇ ਉਸੇ ਸਾਜਿਸ਼ ਦੇ ਕਾਰਨ ਕੇਂਦਰ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਐੱਨ. ਆਈ. ਏ. ਵਰਗੀਆਂ ਏਜੰਸੀਆਂ ਪੈਦਾ ਕਰ ਕੇ ਪੰਜਾਬ ’ਤੇ ਆਪਣੇ ਤਾਨਾਸ਼ਾਹੀ ਹੁਕਮ ਲਾਗੂ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਸਿੱਧੂ ਦੇ ਤੇਵਰ ਬਰਕਰਾਰ, ਕਿਹਾ-ਹਾਈਕਮਾਨ ਨੂੰ ਦੱਸੀਆਂ ਚਿੰਤਾਵਾਂ, ਅਸਤੀਫੇ ’ਤੇ ਫੈਸਲਾ ਅੱਜ
ਭਾਈ ਗਰੇਵਾਲ ਨੇ ਕਿਹਾ ਕਿ ਉਹ ਸਾਰੇ ਇਕੱਠੇ ਹੋ ਕੇ ਇਸ ਹੁਕਮ ਦੇ ਖਿਲਾਫ ਸੰਘਰਸ਼ ਕਰਨਗੇ ਕਿਉਂਕਿ ਇਸ ਹੁਕਮ ਦੇ ਲਾਗੂ ਹੋਣ ਨਾਲ ਪੰਜਾਬ ਵਿਚ ਤਸ਼ੱਦਦ ਦਾ ਦੌਰ ਚੱਲੇਗਾ ਤੇ ਧੱਕੇਸ਼ਾਹੀਆਂ ਹੋਣਗੀਆਂ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਤਾਨਾਸ਼ਾਹੀ ਫੈਸਲੇ ਨੂੰ ਵਾਪਸ ਲੈਣ। ਇਸ ਸਮੇਂ ਰਾਸ਼ਟਰੀ ਜਨਰਲ ਸੈਕਟਰੀ ਦਿਲਬਾਗ ਸਿੰਘ ਵਿਰਕ, ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਕਲਸੀ, ਮਨਪ੍ਰੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਢਿੱਲੋਂ, ਜਸਵੀਰ ਸਿੰਘ, ਬਲਜਿੰਦਰ ਸਿੰਘ, ਕੈਪਟਨ ਪਿਆਰਾ ਸਿੰਘ, ਬੂਟਾ ਸਿੰਘ, ਡਾ. ਭਜਨ ਸਿੰਘ, ਜਸਬੀਰ ਸਿੰਘ ਕਲਸੀ, ਪਰਮਜੀਤ ਸਿੰਘ, ਗੁਰਬਖਸ਼ ਸਿੰਘ ਸੇਖੋਂ, ਡਾ. ਨਿਰਵੈਰ ਸਿੰਘ, ਮਲਕੀਤ ਸਿੰਘ ਲਾਇਲਪੁਰੀ, ਮੇਹਰ ਸਿੰਘ, ਕੁਲਬੀਰ ਸਿੰਘ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਲਾਲੀਪਾਪ ਆਖਰੀ ਚਾਰ-ਪੰਜ ਮਹੀਨਿਆਂ ’ਚ ਹੀ ਕਿਉਂ ਦਿੱਤੇ ਜਾ ਰਹੇ ਹਨ? : ਸਿੱਧੂ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ