ਰਿਕਾਰਡ ਦੀ ਜਾਂਚ ਕਰਨ ''ਤੇ ਹੋਰ ਵੀ ਹੋ ਸਕਦੇ ਹਨ ਵੱਡੇ ਖੁਲਾਸੇ

Friday, Sep 29, 2017 - 02:06 AM (IST)

ਬਾਲਿਆਂਵਾਲੀ,   (ਸ਼ੇਖਰ)-  ਸਥਾਨਕ ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਕੁਝ ਅਰਜ਼ੀ ਨਵੀਸਾਂ ਵੱਲੋਂ ਆਪਣੇ ਖੋਖੇ 'ਤੇ ਬਿਜਲੀ ਮੀਟਰ ਲਵਾਉਣ ਲਈ ਨਾਇਬ ਤਹਿਸੀਲਦਾਰ ਦੇ ਜਾਅਲੀ ਦਸਤਖਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਜਾਣਕਾਰੀ ਦਿੰਦਿਆਂ ਨਰਿੰਦਰਪਾਲ ਸਿੰਘ ਮੰਡੀ ਕਲਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਬ-ਤਹਿਸੀਲ ਵਿਖੇ ਅਰਜ਼ੀਆਂ, ਰਜਿਸਟਰੀਆਂ ਲਿਖਣ ਵਾਲੇ ਪਰਮਜੀਤ ਸਿੰਘ, ਟਿੱਕਾ ਖਾਨ ਤੇ ਜਸਵੀਰ ਸਿੰਘ ਦੀ ਦੁਕਾਨ 'ਤੇ ਬਿਜਲੀ ਮੀਟਰ ਲੱਗਿਆ ਸੀ ਜਦ ਕਿ ਸਰਕਾਰੀ ਜਗ੍ਹਾ 'ਤੇ ਮੀਟਰ ਲਵਾਉਣ ਲਈ ਸਰਕਾਰੀ ਮੰਜ਼ੂਰੀ ਦੀ ਲੋੜ ਹੁੰਦੀ ਹੈ । ਜਦ ਉਨ੍ਹਾਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮੀਟਰ ਲਵਾਉਣ ਵਾਲੀ ਫਾਈਲ 'ਚ ਪਰਮਜੀਤ ਸਿੰਘ ਵੱਲੋਂ ਨਾਇਬ ਤਹਿਸੀਲਦਾਰ ਤੋਂ ਮੰਜ਼ੂਰੀ ਲੈਣ ਵਾਲਾ ਕਾਗਜ਼ ਲੱਗਿਆ ਹੋਇਆ ਸੀ, ਜਿਸ 'ਤੇ ਨਾਇਬ ਤਹਿਸੀਲਦਾਰ ਦੀ ਮੋਹਰ ਲਾ ਕੇ ਦਸਤਖਤ ਕੀਤੇ ਹੋਏ ਸਨ ਅਤੇ ਮੀਟਰ ਲੈਣ ਦੀ ਮੰਜ਼ੂਰੀ ਦਿੱਤੀ ਹੋਈ ਸੀ । ਉਪਰੰਤ ਇਹ ਤੱਥ ਸਾਹਮਣੇ ਆਏ ਕਿ ਨਾਇਬ ਤਹਿਸੀਲਦਾਰ ਵੱਲੋਂ ਇਹ ਮੰਜ਼ੂਰੀ ਦਿੱਤੀ ਹੀ ਨਹੀਂ ਗਈ ਸਗੋਂ ਦਸਤਖਤ ਜਾਅਲੀ ਕੀਤੇ ਹੋਏ ਸਨ । ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਦੀ ਜਾਂਚ ਕਰਨ 'ਤੇ ਇਥੇ ਹੋਰ ਵੀ ਜਾਅਲੀ ਦਸਤਖਤਾਂ ਦੇ ਵੱਡੇ ਘਪਲੇ ਸਾਹਮਣੇ ਆ ਸਕਦੇ ਹਨ। ਇਸ ਮਾਮਲੇ ਬਾਰੇ ਟਿੱਕਾ ਖਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਨਾਲ ਇਸ ਦਾ ਕੋਈ ਸੰਬੰਧ ਨਹੀਂ, ਇਹ ਮੀਟਰ ਪਰਮਜੀਤ ਸਿੰਘ ਦੇ ਨਾਂ 'ਤੇ ਲੱਗਿਆ ਹੈ। ਜਦ ਕਿ ਪਰਮਜੀਤ ਸਿੰਘ ਨੇ ਫੋਨ ਨਹੀਂ ਚੁੱਕਿਆ।
ਕੀ ਕਹਿੰਦੇ ਨੇ ਨਾਇਬ ਤਹਿਸੀਲਦਾਰ? 
ਇਸ ਸਬੰਧੀ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਸਤਖਤ ਜਾਅਲੀ ਹਨ ਤੇ ਇਸ ਬਾਰੇ ਡੀ.ਸੀ. ਬਠਿੰਡਾ ਨੂੰ ਜਾਣੂ ਕਰਵਾ ਦਿੱਤਾ ਹੈ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੀ ਕਹਿੰਦੇ ਨੇ ਡੀ.ਸੀ. ਬਠਿੰਡਾ? 
ਜਦ ਇਸ ਮਾਮਲੇ ਬਾਰੇ ਡੀ.ਸੀ. ਬਠਿੰਡਾ ਦੀਪਰਵਾ ਲਾਕਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਜਲਦ ਹੀ ਨਾਇਬ ਤਹਿਸੀਲਦਾਰ ਰਾਹੀਂ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਇਆ ਜਾਵੇਗਾ।


Related News