ਪੰਜਾਬ ''ਚ 108 ਐਂਬੂਲੈਂਸ ਸੇਵਾਵਾਂ ਦਾ ਹੋ ਸਕਦੈ ਚੱਕਾ ਜਾਮ
Friday, Feb 23, 2018 - 01:01 AM (IST)

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਸਰਕਾਰੀ ਹਸਪਤਾਲਾਂ 'ਚ ਕੰਮ ਕਰਦੇ 108 ਐਂਬੂਲੈਂਸ ਸੇਵਾ ਦੇ ਸਟਾਫ਼ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰ ਕੇ ਉਹ ਕਾਫੀ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਇਸ ਤਰ੍ਹਾਂ ਦੀਆਂ 240 ਐਂਬੂਲੈਂਸਾਂ ਸੂਬੇ ਭਰ ਵਿਚ ਕੰਮ ਕਰ ਰਹੀਆਂ ਹਨ। ਹੁਸ਼ਿਆਰਪੁਰ ਜ਼ਿਲਾ ਹੈੱਡਕੁਆਰਟਰ 'ਤੇ ਸਿਵਲ ਹਸਪਤਾਲ ਵਿਖੇ ਜ਼ਿਲੇ 'ਚ ਸੇਵਾਵਾਂ ਦੇ ਰਹੀਆਂ 14 ਐਂਬੂਲੈਂਸਾਂ ਦੇ ਸਟਾਫ਼ ਨੇ ਅੱਜ ਦੁਖੀ ਹੋ ਕੇ ਮੁੰਬਈ ਦੀ ਸਾਫ਼ਟ ਪ੍ਰੋਵਾਈਡਰ ਕੰਪਨੀ ਖਿਲਾਫ਼ ਰੋਸ ਮੁਜ਼ਾਹਰਾ ਕੀਤਾ।
ਸਟਾਫ਼ ਯੂਨੀਅਨ ਦੀ ਸੂਬਾ ਕਮੇਟੀ ਦੇ ਕੈਸ਼ੀਅਰ ਰਵਿੰਦਰ ਸਿੰਘ, ਜ਼ੋਨ ਪ੍ਰਧਾਨ ਬਲਜਿੰਦਰ ਸਿੰਘ, ਜ਼ਿਲਾ ਪ੍ਰਧਾਨ ਸੰਦੀਪ ਕੁਮਾਰ, ਜ਼ਿਲਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਤੋਂ ਇਲਾਵਾ ਸੁਰੇਸ਼ ਕੁਮਾਰ, ਅਨਿਲ ਕੁਮਾਰ, ਅਬਦੁਲ, ਦਲਜੀਤ ਸਿੰਘ ਤੇ ਪ੍ਰਦੀਪ ਕੁਮਾਰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੰਪਨੀ ਵੱਲੋਂ ਸਾਡਾ ਬੁਰੀ ਤਰ੍ਹਾਂ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਤਨਖ਼ਾਹ ਤੋਂ ਤੀਸਰਾ ਮਹੀਨਾ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਉਨ੍ਹਾਂ ਨੂੰ ਫਾਕੇ ਕੱਟਣ ਲਈ ਮਜਬੂਰ ਹੋਣਾ ਪਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਸੂਬੇ ਭਰ ਦੇ ਕਿਸੇ ਵੀ ਜ਼ਿਲੇ 'ਚ ਕੰਪਨੀ ਵੱਲੋਂ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ।
ਨਹੀਂ ਦਿੱਤੀ ਜਾ ਰਹੀ ਇੰਕਰੀਮੈਂਟ
ਐਂਬੂਲੈਂਸ ਸਟਾਫ਼ ਨੇ ਦੁਖੀ ਮਨ ਨਾਲ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਕੋਈ ਇੰਕਰੀਮੈਂਟ ਨਹੀਂ ਮਿਲੀ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਕੋਈ ਕਰਮਚਾਰੀ ਵਿਰੋਧ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਆਵਾਜ਼ ਦਬਾਉਣ ਲਈ ਜਾਂ ਤਾਂ ਬਦਲੀ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਬਦਲੇ ਦੀ ਭਾਵਨਾ ਨਾਲ ਉਸ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਯੂਨੀਅਨ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮਰੀਜ਼ਾਂ ਦੇ ਹਿੱਤ 'ਚ ਇਨ੍ਹਾਂ ਸੇਵਾਵਾਂ ਨੂੰ ਜਾਰੀ ਰੱਖਣ ਵਾਸਤੇ ਉਨ੍ਹਾਂ ਨੂੰ ਨਿਯਮਤ ਤਨਖ਼ਾਹਾਂ ਦਿੱਤੀਆਂ ਜਾਣ। ਆਗੂਆਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਉਪਰੋਕਤ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਯੂਨੀਅਨ ਵੱਲੋਂ ਸੂਬੇ ਭਰ 'ਚ 108 ਐਂਬੂਲੈਂਸਾਂ ਦਾ ਚੱਕਾ ਜਾਮ ਕਰਨ ਦਾ ਐਕਸ਼ਨ ਵੀ ਲਿਆ ਜਾ ਸਕਦਾ ਹੈ।
12 ਘੰਟੇ ਡਿਊਟੀ, ਕੋਈ ਓਵਰ ਟਾਈਮ ਨਹੀਂ
ਉਕਤ ਕਰਮਚਾਰੀਆਂ ਨੇ ਦੱਸਿਆ ਕਿ 108 ਐਂਬੂਲੈਂਸ ਸੇਵਾ ਪੰਜਾਬ ਵਿਚ ਸਾਲ 2011 'ਚ ਸ਼ੁਰੂ ਕੀਤੀ ਗਈ ਸੀ। ਸਟਾਫ਼ ਕੋਲੋਂ 8 ਘੰਟੇ ਦੀ ਡਿਊਟੀ ਦੀ ਬਜਾਏ 12 ਘੰਟੇ ਕੰਮ ਲਿਆ ਜਾ ਰਿਹਾ ਹੈ ਪਰ ਓਵਰ ਟਾਈਮ ਨਹੀਂ ਮਿਲ ਰਿਹਾ। ਉਨ੍ਹਾਂ ਸੰਕੇਤ ਦਿੱਤਾ ਕਿ ਅਜਿਹੇ ਹਾਲਾਤ ਵਿਚ ਉਹ ਕੰਮ ਨਹੀਂ ਕਰ ਸਕਣਗੇ, ਜਿਸ ਨਾਲ ਐਮਰਜੈਂਸੀ ਵਾਸਤੇ ਮੁਹੱਈਆ ਕਰਵਾਈ ਗਈ ਐਂਬੂਲੈਂਸ ਸੇਵਾ ਪ੍ਰਭਾਵਿਤ ਹੋ ਸਕਦੀ ਹੈ।