ਕਿਸੇ ਵੀ ਜਾਂਚ ''ਚੋਂ ਮੇਰੇ ਖਿਲਾਫ਼ ਕੁੱਝ ਨਹੀਂ ਨਿੱਕਲਣ ਵਾਲਾ : ਰਾਣਾ ਗੁਰਜੀਤ

Friday, Jun 09, 2017 - 08:26 AM (IST)

ਕਿਸੇ ਵੀ ਜਾਂਚ ''ਚੋਂ ਮੇਰੇ ਖਿਲਾਫ਼ ਕੁੱਝ ਨਹੀਂ ਨਿੱਕਲਣ ਵਾਲਾ : ਰਾਣਾ ਗੁਰਜੀਤ

ਚੰਡੀਗੜ੍ਹ (ਭੁੱਲਰ)  - ਰੇਤ ਬੋਲੀ ਮਾਮਲੇ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਪੰਜਾਬ ਦੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਆਪਣੀ ਚੁੱਪ ਤੋੜਦਿਆਂ ਪੂਰੇ ਵਿਸ਼ਵਾਸ ਨਾਲ ਕਿਹਾ ਹੈ ਕਿ ਉਨ੍ਹਾਂ ਖਿਲਾਫ਼ ਕਿਸੇ ਵੀ ਜਾਂਚ 'ਚੋਂ ਕੁੱਝ ਨਹੀਂ ਨਿੱਕਲਣ ਵਾਲਾ। ਅੱਜ ਇਥੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਰੇਤ ਬੋਲੀ ਮਾਮਲੇ ਵਿਚ ਉਨ੍ਹਾਂ ਖਿਲਾਫ਼ ਈ. ਡੀ. ਅਤੇ ਇਨਕਮ ਟੈਕਸ ਜਾਂਚ ਦੀ ਮੰਗ ਉਠਾਏ ਜਾਣ ਬਾਰੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਖਿਲਾਫ਼ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।
ਉਨ੍ਹਾਂ ਖਹਿਰਾ ਨੂੰ ਕਾਗਜ਼ੀ ਸ਼ੇਰ ਦੱਸਦਿਆਂ ਕਿਹਾ ਕਿ ਉਹ ਸਿਰਫ ਇਸ ਲਈ ਲੋਕਪਾਲ, ਈ. ਡੀ. (ਡਾਇਰੈਕਟੋਰੇਟ ਆਫ ਐਨਫੋਰਸਮੈਂਟ) ਅਤੇ ਆਮਦਨ ਕਰ ਦੇ ਦਫਤਰਾਂ ਵਿਚ ਚੱਕਰ ਮਾਰ ਰਿਹਾ ਹੈ ਤਾਂ ਜੋ ਖਬਰਾਂ ਵਿਚ ਰਹਿ ਸਕੇ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਖਹਿਰੇ ਵਰਗੇ ਬੰਦੇ ਉਨ੍ਹਾਂ ਦੀ ਸ਼ਖਸੀਅਤ ਤਾਰੋਪੀਡ ਕਰਨ ਦੇ ਚੱਕਰਾਂ ਵਿਚ ਹਨ ਪਰ ਉਸ ਵੱਲੋਂ ਕੀਤੀ ਗਈ ਕਿਸੇ ਵੀ ਜਾਂਚ ਦੀ ਮੰਗ ਮੇਰੀ ਬੇਗੁਨਾਹੀ ਸਾਬਤ ਕਰੇਗੀ।
ਉਨ੍ਹਾਂ ਅੱਗੇ ਕਿਹਾ ਕਿ ਰੇਤ ਖੱਡਾਂ ਦੀ ਨਿਲਾਮੀ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਲਈ ਜੁਡੀਸ਼ੀਅਲ ਕਮਿਸ਼ਨ ਦੇ ਗਠਨ ਦਾ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਸਵਾਗਤ ਕੀਤਾ ਸੀ।  ਉਨ੍ਹਾਂ ਕਿਹਾ ਕਿ ਕਿਸੇ 'ਤੇ ਦੋਸ਼ ਤਾਂ ਲਾਏ ਜਾ ਸਕਦੇ ਹਨ ਪਰ ਕਿਸੇ ਬੇਕਸੂਰ ਨੂੰ ਦੋਸ਼ੀ ਸਿੱਧ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾੜੀ ਸੋਚ ਵਾਲੇ ਕੁਝ ਆਗੂ ਜਾਣ ਬੁੱਝ ਕੇ ਉਨ੍ਹਾਂ ਖਿਲਾਫ ਗਲਤ ਮੁਹਿੰਮ ਚਲਾ ਰਹੇ ਹਨ ਪਰ ਜਲਦ ਹੀ ਉਹ ਧੂੜ ਚੱਟਦੇ ਨਜ਼ਰ ਆਉਣਗੇ। ਰਾਣਾ ਨੇ ਕਿਹਾ ਕਿ ਖਹਿਰਾ ਦੀ ਨਿਰਾਸ਼ਾ ਇਸ ਗੱਲੋਂ ਸਮਝੀ ਜਾ ਸਕਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਉਹ ਵਿਚਾਰਾ ਵਿਰੋਧੀ ਧਿਰ ਦਾ ਆਗੂ ਨਹੀਂ ਬਣ ਸਕਿਆ ਅਤੇ ਫਿਰ ਭਗਵੰਤ ਮਾਨ ਨੂੰ ਸ਼ਰਾਬੀ ਕਹਿਣ ਦੇ ਬਾਵਜੂਦ ਉਸ ਦੇ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਹੱਥ ਨਹੀਂ ਲੱਗੀ।


Related News