ਚੋਰਾਂ ਨੇ ਇੱਕੋਂ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਦੁਕਾਨਾਦਾਰਾਂ ਨੇ ਕੀਤਾ ਹਾਈਵੇਅ ਜਾਮ
Thursday, Mar 05, 2020 - 03:03 PM (IST)
ਭਵਾਨੀਗੜ੍ਹ (ਵਿਕਾਸ,ਅੱਤਰੀ) : ਪੁਲਸ ਪ੍ਰਸ਼ਾਸ਼ਨ ਦੀ ਮੁਸਤੈਦੀ ਦੇ ਬਾਵਜੂਦ ਇਲਾਕੇ 'ਚ ਚੋਰੀਆਂ ਦਾ ਸਿਲਸਿਲਾ ਜਾਰੀ ਹੈ। ਬੀਤੀ ਰਾਤ ਵੀ ਹਥਿਆਰਾਂ ਨਾਲ ਲੈਸ ਨਕਾਬਪੋਸ਼ ਵਿਅਕਤੀਆਂ ਨੇ ਬੇਖੌਫ ਹੋ ਕੇ ਸ਼ਹਿਰ ਦੇ ਬਲਿਆਲ ਰੋਡ 'ਤੇ ਸਥਿਤ ਚਾਰ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਦਿਲਚਸਪ ਗੱਲ ਇਹ ਹੈ ਕਿ ਚੋਰਾਂ ਨੇ ਕੁਝ ਮਹੀਨੇ ਪਹਿਲਾਂ ਵੀ ਰਾਤ ਦੇ ਸਮੇਂ ਇਨ੍ਹਾਂ ਦੁਕਾਨਾਂ 'ਚ ਦਾਖਲ ਹੋ ਕੇ ਚੋਰੀ ਕੀਤੀ ਸੀ, ਜਿਸ ਦਾ ਪੁਲਸ ਅੱਜ ਤੱਕ ਕੋਈ ਸੁਰਾਗ ਨਹੀਂ ਲੱਭ ਸਕੀ ਸੀ। ਬੀਤੀ ਰਾਤ ਵੀ ਠੀਕ ਉਸੇ ਤਰੀਕੇ ਨਾਲ ਚੋਰ ਨਵੀਂ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਦੁਕਾਨਾਂ ਦੇ ਮਾਲਕਾਂ ਨੂੰ ਸਵੇਰੇ ਦੁਕਾਨਾਂ 'ਤੇ ਆਉਣ 'ਤੇ ਚੋਰੀ ਹੋਣ ਦਾ ਪਤਾ ਲੱਗਿਆ। ਚੋਰੀ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਇਕ ਪੁਲਸ ਮੁਲਾਜ਼ਮ ਨਾਲ ਦੁਕਾਨਦਾਰਾਂ ਦੀ ਤਿੱਖੀ ਬਹਿਸ ਹੋਈ। ਬਾਅਦ 'ਚ ਭੜਕੇ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਜਗੁਜ਼ਾਰੀ ਖਿਲਾਫ਼ ਰੋਸ ਵਜੋਂ ਬਲਿਆਲ ਰੋਡ ਨੇੜੇ ਨੈਸ਼ਨਲ ਹਾਈਵੇਅ ਨੂੰ ਜਾਮ ਕਰਦਿਆਂ ਪ੍ਰਸ਼ਾਸ਼ਨ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ। ਕਰੀਬ ਇੱਕ ਘੰਟੇ ਦੇ ਜਾਮ ਦੌਰਾਨ ਨੈਸ਼ਨਲ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਲੋਕ ਜਾਮ 'ਚ ਫਸ ਗਏ। ਜਾਣਕਾਰੀ ਅਨੁਸਾਰ ਚੋਰ ਰਾਮਾ ਫਲੋਰ ਮਿਲ ਤੋਂ 20 ਹਜ਼ਾਰ ਰੁਪਏ, ਕ੍ਰਿਸ਼ਨਾ ਹਾਰਡਵੇਅਰ ਤੋਂ 25 ਹਜ਼ਾਰ, ਸੋਨੂੰ ਮਿੱਤਲ ਕਰਿਆਣਾ ਸਟੋਰ ਤੋਂ 21 ਹਜ਼ਾਰ, ਮਿੱਤਲ ਪੈਸਟੀਸਾਇਡ 'ਚੋਂ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕਾਂ ਨੇ ਦੱਸਿਆ ਕਿ ਚੋਰ ਜਾਂਦੇ-ਜਾਂਦੇ ਸਾਰੀਆਂ ਦੁਕਾਨਾਂ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀ. ਵੀ. ਆਰ, ਐੱਲ. ਈ. ਡੀ. ਤੇ ਇਕ ਲੈਪਟਾਪ ਵੀ ਨਾਲ ਲੈ ਗਏ। ਦੁਕਾਨਦਾਰਾਂ ਦੀ ਰਿਹਾਇਸ਼ 'ਚ ਲੱਗੇ ਖੂਫੀਆ ਕੈਮਰੇ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਆਏ ਲੁਟੇਰੇ ਕੈਦ ਹੋ ਗਏ।
ਰੋਡ ਜਾਮ ਕਰਕੇ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੇ ਕਿਹਾ ਕਿ 6 ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਚੋਰਾਂ ਨੇ ਉਨ੍ਹਾਂ ਦੀਆਂ ਦੁਕਾਨਾਂ 'ਚ ਦਾਖਲ ਹੋ ਕੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਪਰ ਪੁਲਸ ਉਸ ਵਾਰਦਾਤ ਨੂੰ ਸੁਲਝਾਉਣ 'ਚ ਅਸਫਲ ਸਾਬਿਤ ਹੋਈ ਸੀ। ਮੌਕੇ 'ਤੇ ਪੁੱਜੇ ਥਾਣਾ ਮੁਖੀ ਰਮਨਦੀਪ ਸਿੰਘ ਵੱਲੋਂ ਇੱਕ ਹਫਤੇ 'ਚ ਚੋਰਾਂ ਨੂੰ ਫੜਨ ਦੇ ਦਿੱਤੇ ਭਰੋਸੇ ਤੋਂ ਬਾਅਦ ਕਰੀਬ ਇੱਕ ਘੰਟੇ ਬਾਅਦ ਦੁਕਾਨਦਾਰ ਧਰਨੇ ਤੋਂ ਉੱਠੇ। ਡੀ. ਐੱਸ. ਪੀ. ਭਵਾਨੀਗੜ ਗੁਬਿੰਦਰ ਸਿੰਘ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਦੁਕਾਨਾਦਾਰਾਂ ਨੂੰ ਭਰੋਸਾ ਦਵਾਇਆ ਕਿ ਪੁਲਸ ਚੋਰਾਂ ਨੂੰ ਜਲਦ ਕਾਬੂ ਕਰ ਲਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਫਿਗਰ ਪ੍ਰਿੰਟ ਮਾਹਿਰ ਅਤੇ ਡਾਗ ਸਕਵਾਇਡ ਬੁਲਾ ਕੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 18 ਲੱਖ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ