ਪੁਲਸ ਮੁਲਾਜ਼ਮ ਦੇ ਘਰ ਚੋਰੀ
Tuesday, Jun 26, 2018 - 03:57 AM (IST)
ਹਰਿਆਣਾ, (ਰਾਜਪੂਤ)- ਕਸਬਾ ਹਰਿਆਣਾ ਦੇ ਢੋਲਵਾਹਾ ਰੋਡ ’ਤੇ ਸਥਿਤ ਮੁਹੱਲਾ ਹੀਰਾ ਕਾਲੋਨੀ ’ਚ ਪੁਲਸ ਮੁਲਾਜ਼ਮ ਦੇ ਘਰ ’ਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਥਾਣਾ ਹਰਿਆਣਾ ’ਚ ਸਾਂਝ ਕੇਂਦਰ ਦੇ ਇੰਚਾਰਜ ਏ. ਐੱਸ. ਆਈ. ਬਲਵਿੰਦਰ ਕੁਮਾਰ ਪੁੱਤਰ ਵਿਧੀ ਚੰਦ ਨੇ ਦੱਸਿਆ ਕਿ ਸਾਡਾ ਪਰਿਵਾਰ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ ਗਡ਼੍ਹਸ਼ੰਕਰ ਵਿਖੇ ਰਿਸ਼ਤੇਦਾਰਾਂ ਦੇ ਗਿਆ ਹੋਇਆ ਸੀ ਅਤੇ ਜਦੋਂ ਵਾਪਸ ਆ ਕੇ ਦੇਖਿਆ ਤਾਂ ਮੇਨ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ।
ਚੋਰਾਂ ਵੱਲੋਂ ਬੈੱਡ ਬਾਕਸ ਤੇ ਅਲਮਾਰੀ ਆਦਿ ਦੀ ਤੋਡ਼-ਭੰਨ ਕਰਕੇ 50,000 ਰੁਪਏ ਦੀ ਨਕਦੀ, ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ, ਅੰਗੂਠੀ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਤੋਂ ਇਲਾਵਾ ਚੋਰ ਘਰ ’ਚ ਬਣੇ ਹੋਏ ਮੰਦਰ ’ਚ ਚਡ਼੍ਹਾਇਆ ਚਡ਼੍ਹਾਵਾ ਵੀ ਚੋਰੀ ਕਰਕੇ ਲੈ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਸਬੇ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਟਾਂਡਾ, (ਮੋਮੀ)-ਚੋਰਾਂ ਨੇ ਅੱਡਾ ਸਰ੍ਹਾਂ ਸਥਿਤ ਇਕ ਬਿਜਲੀ ਦੀ ਦੁਕਾਨ ’ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਨਾਦੀ ਤੇ ਹੋਰ ਸਮਾਨ ਚੋਰੀ ਕਰ ਲਿਆ। ਚੋਰੀ ਦਾ ਸ਼ਿਕਾਰ ਹੋਏ ਸ਼ਰਧਾ ਇਲੈਕਟ੍ਰੀਕਲ ਦੇ ਮਾਲਕ ਲਖਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਨੇ ਦੱਸਿਆ ਕਿ ਬਾਬਾ ਬੁੱਢਾ ਪਬਲਿਕ ਸਕੂਲ ਨਜ਼ਦੀਕ ਸਥਿਤ ਉਹ ਆਪਣੀ ਦੁਕਾਨ ਨੂੰ ਬੀਤੇ ਸ਼ਨੀਵਾਰ ਬੰਦ ਕਰਕੇ ਘਰ ਚਲਾ ਗਿਆ ਸੀ।
ਅੱਜ ਜਦੋਂ ਸਵੇਰੇ ਦੁਕਾਨ ’ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਚੋਰਾਂ ਨੇ ਦੁਕਾਨ ਅੰਦਰ ਦਾਖ਼ਲ ਹੋ ਕੇ 8 ਹ²ਜ਼ਾਰ ਰੁਪਏ ਦੀ ਨਾਦੀ, 4 ਸਬਮਰਸੀਬਲ ਮੋਟਰਾਂ ਤੇ ਹੋਰ ਸਮਾਨ ਚੋਰੀ ਕਰ ਲਿਆ। ਉਸਨੇ ਦੱਸਿਆ ਕਿ ਇਸ ਸਬੰਧੀ ਥਾਣਾ ਟਾਂਡਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
