ਚੋਰਾਂ ਨੇ NRI ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਨਕਦੀ ਤੇ ਸੋਨਾ ਗਾਇਬ
Wednesday, Jun 07, 2023 - 04:04 AM (IST)
ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਹਸਨਪੁਰ ਵਿਖੇ ਚੋਰਾਂ ਨੇ ਇਕ ਐੱਨ.ਆਰ.ਆਈ. ਦੀ ਕੋਠੀ ਨੂੰ ਨਿਸ਼ਾਨਾ ਬਣਾਉਂਦਿਆਂ ਉਸ ’ਚੋਂ 5 ਲੱਖ ਰੁਪਏ ਨਕਦੀ ਅਤੇ 15 ਤੋਲਾ ਸੋਨਾ ਚੋਰੀ ਕਰਕੇ ਵੱਡੀ ਘਟਨਾ ਨੂੰ ਅੰਜ਼ਾਮ ਦਿੱਤਾ। ਘਰ ਦੀ ਮਾਲਕ ਸੁਰਿੰਦਰ ਕੌਰ ਪਤਨੀ ਸਵ. ਸਰਦਾਰ ਸਿੰਘ ਵਾਸੀ ਹਸਨਪੁਰ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇਟਲੀ ਰਹਿੰਦੀ ਹੈ। ਉਹ 5 ਮਹੀਨੇ ਪਹਿਲਾਂ ਹੀ ਆਪਣੇ ਘਰ ਆਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਨੂੰ ਬਣਾਇਆ ਜਾਵੇਗਾ ਵਿਸ਼ਵ ਪੱਧਰੀ ਸੈਰਗਾਹ, CM ਮਾਨ ਨੇ ਕੀਤਾ ਇਹ ਐਲਾਨ
ਉਨ੍ਹਾਂ ਦੱਸਿਆ ਕਿ ਉਹ 29 ਮਈ ਨੂੰ ਆਪਣੇ ਪੇਕੇ ਘਰ ਲੁਬਾਣਗੜ੍ਹ ਚਲੀ ਗਈ ਅਤੇ ਅੱਜ ਜਦੋਂ ਵਾਪਸ ਪਰਤੀ ਤਾਂ ਦੇਖਿਆ ਕਿ ਕੋਠੀ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਸੁਰਿੰਦਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 5 ਲੱਖ ਰੁਪਏ ਨਕਦੀ ਤੋਂ ਇਲਾਵਾ ਘਰ ਦੀ ਅਲਮਾਰੀ ਵਿਚ ਪਿਆ 15 ਤੋਲਾ ਸੋਨਾ ਵੀ ਚੋਰੀ ਹੋ ਚੁੱਕਾ ਸੀ। ਚੋਰਾਂ ਨੇ ਘਰ ਵਿਚ ਪਈਆਂ ਸਾਰੀਆਂ ਅਲਮਾਰੀਆਂ ਅਤੇ ਹੋਰ ਸਾਮਾਨ ਦੀ ਚੰਗੀ ਤਰ੍ਹਾਂ ਫਰੌਲਾ-ਫਰਾਲੀ ਕੀਤੀ ਅਤੇ ਪੂਰੀ ਤਸੱਲੀ ਨਾਲ ਘਟਨਾ ਨੂੰ ਅੰਜ਼ਾਮ ਦਿੱਤਾ ਜਿਸ ਬਾਰੇ ਪਿੰਡ ’ਚ ਕਿਸੇ ਨੂੰ ਭਿਨਕ ਵੀ ਨਾ ਲੱਗੀ। ਹੋਰ ਤਾਂ ਹੋਰ ਚੋਰ ਘੜ ਵਿਚ ਬਣੇ ਧਾਰਮਿਕ ਸਥਾਨ 'ਤੇ ਚੜ੍ਹਾਏ ਗਏ ਪੈਸੇ ਵੀ ਚੋਰੀ ਕਰਕੇ ਲੈ ਗਏ।
ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਹੋ ਸਕਦੀ ਹੈ ਦੋਫਾੜ! ਇਸ ਆਗੂ ਵੱਲੋਂ ਵੱਖਰੀ ਪਾਰਟੀ ਬਣਾਉਣ ਦੇ ਚਰਚੇ; ਰੰਧਾਵਾ ਨੇ ਕਹੀ ਇਹ ਗੱਲ
ਕੋਠੀ ’ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਸਨ ਪਰ ਚੋਰ ਜਾਂਦੇ ਹੋਏ ਡੀ.ਵੀ.ਆਰ. ਵੀ ਨਾਲ ਲੈ ਗਏ ਜਿਸ ਕਾਰਨ ਕੋਈ ਸੁਰਾਗ ਨਾ ਪਤਾ ਲੱਗ ਸਕਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਰਾਲਾ ਦੇ ਡੀ.ਐੱਸ.ਪੀ. ਵਰਿਆਮ ਸਿੰਘ ਅਤੇ ਬਹਿਲੋਲਪੁਰ ਚੌਂਕੀ ਇੰਚਾਰਜ਼ ਪ੍ਰਮੋਦ ਕੁਮਾਰ ਵੀ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।