ਗੁੱਜਰਾਂ ਦੇ ਡੇਰੇ ਤੋਂ ਢਾਈ ਲੱਖ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ

Tuesday, Sep 15, 2020 - 03:15 PM (IST)

ਗੁੱਜਰਾਂ ਦੇ ਡੇਰੇ ਤੋਂ ਢਾਈ ਲੱਖ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ

ਮਾਛੀਵਾੜਾ ਸਾਹਿਬ (ਟੱਕਰ) : ਨੇੜ੍ਹਲੇ ਪਿੰਡ ਬੋਹਾਪੁਰ ਦੇ ਗੁੱਜਰਾਂ ਦੇ ਡੇਰੇ ਤੋਂ ਬੀਤੀ ਰਾਤ ਚੋਰਾਂ ਨੇ ਕੰਧਾਂ ਨੂੰ ਪਾੜ੍ਹ ਲਗਾ ਕੇ ਢਾਈ ਲੱਖ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਏ। ਗੁੱਜਰ ਭਾਈਚਾਰੇ ਨਾਲ ਸਬੰਧਿਤ ਸੁਰਾਜਦੀਨ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਪਰਿਵਾਰ ਸਮੇਤ ਘਰ ਦੇ ਵਿਹੜੇ ’ਚ ਸੁੱਤੇ ਪਏ ਸਨ ਕਿ ਚੋਰਾਂ ਨੇ ਖੇਤਾਂ ਵਾਲੇ ਪਾਸਿਓਂ ਉਸਦੇ ਮਕਾਨ ਦੀ ਕੰਧ ਨੂੰ 2-3 ਜਗ੍ਹਾ ਤੋਂ ਪਾੜ੍ਹ ਲਾਇਆ ਅਤੇ ਅੰਦਰ ਦਾਖ਼ਲ ਹੋਏ।

ਸੁਰਾਜਦੀਨ ਅਨੁਸਾਰ ਉਸ ਨੇ ਬੀਤੇ ਦਿਨ ਹੀ 15 ਹਜ਼ਾਰ ਰੁਪਏ ਡੇਅਰੀ ਵਾਲੇ ਤੋਂ ਦੁੱਧ ਵੇਚਣ ਬਦਲੇ ਲਏ ਸਨ ਅਤੇ 11 ਹਜ਼ਾਰ ਰੁਪਏ ਉਸ ਦਾ ਲੜਕਾ ਫੈਕਟਰੀ ’ਚੋਂ ਤਨਖਾਹ ਲੈ ਕੇ ਆਇਆ ਸੀ, ਜੋ ਚੋਰਾਂ ਨੇ ਚੋਰੀ ਕਰ ਲਏ। ਇਸ ਤੋਂ ਇਲਾਵਾ ਕਮਰੇ ਅੰਦਰ ਸਮਾਨ ਦੀ ਫਰੌਲਾ-ਫਰਾਲੀ ਕਰ ਚੋਰ ਉਸ ਦੀ ਨੂੰਹ ਤੇ ਧੀ ਦੇ ਸੋਨੇ ਦੇ ਗਹਿਣੇ ਵੀ ਉਡਾ ਕੇ ਲੈ ਗਏ। ਸੁਰਾਜਦੀਨ ਅਨੁਸਾਰ 26 ਹਜ਼ਾਰ ਦੀ ਨਕਦੀ ਤੇ ਗਹਿਣਿਆਂ ਸਮੇਤ ਉਸ ਦਾ ਢਾਈ ਲੱਖ ਰੁਪਏ ਦਾ ਸਮਾਨ ਚੋਰੀ ਹੋ ਗਿਆ। ਸੁਰਾਜਦੀਨ ਨੇ ਇਸ ਸਬੰਧੀ ਪੁਲਸ ਥਾਣਾ ਸਮਰਾਲਾ ਨੂੰ ਵੀ ਸੂਚਿਤ ਕਰ ਦਿੱਤਾ ਹੈ।


author

Babita

Content Editor

Related News