ਸਰਹੱਦ ਪਾਰੋਂ ਫ਼ਿਰੌਤੀ ਤੇ ਕਤਲ ਦੀ ਸਾਜ਼ਿਸ਼ ਦਾ ਪਰਦਾਫ਼ਾਸ਼! ਪਾਕਿਸਤਾਨੀ ਹੈਂਡਲਰਾਂ ਨਾਲ ਜੁੜੇ 2 ਮੁਲਜ਼ਮ ਕਾਬੂ

Monday, Oct 12, 2026 - 08:42 PM (IST)

ਸਰਹੱਦ ਪਾਰੋਂ ਫ਼ਿਰੌਤੀ ਤੇ ਕਤਲ ਦੀ ਸਾਜ਼ਿਸ਼ ਦਾ ਪਰਦਾਫ਼ਾਸ਼! ਪਾਕਿਸਤਾਨੀ ਹੈਂਡਲਰਾਂ ਨਾਲ ਜੁੜੇ 2 ਮੁਲਜ਼ਮ ਕਾਬੂ

ਮਾਲੇਰਕੋਟਲਾ (ਜ਼ਹੂਰ)- ਮਾਲੇਰਕੋਟਲਾ ਪੁਲਸ ਨੇ ਤੇਜ਼ੀ ਨਾਲ ਕੀਤੀ ਕਾਰਵਾਈ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲਾਂ ਰਾਹੀਂ ਫ਼ਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਸ ਅਨੁਸਾਰ ਇਸ ਮਾਮਲੇ ’ਚ ਪਾਕਿਸਤਾਨ ਸਥਿਤ ਹੈਂਡਲਰਾਂ ਦੀ ਭੂਮਿਕਾ ਸਾਹਮਣੇ ਆਈ ਹੈ। ਇਸ ਸਬੰਧੀ ਦੋ ਸਥਾਨਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਕ ਨਾਬਾਲਗ ਨੂੰ ਹਿਰਾਸਤ ’ਚ ਲਿਆ ਗਿਆ ਹੈ। ਮੁਲਜ਼ਮਾਂ ’ਤੇ ਸ਼ਿਕਾਇਤਕਰਤਾ ਦੇ ਘਰ ਦੀ ਰੇਕੀ ਕਰਕੇ ਉਸ ਦੀ ਵੀਡੀਓ ਅਤੇ ਲੋਕੇਸ਼ਨ ਸਰਹੱਦ ਪਾਰ ਬੈਠੇ ਹੈਂਡਲਰਾਂ ਨਾਲ ਸਾਂਝੀ ਕਰਨ ਦੇ ਦੋਸ਼ ਹਨ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨੁਮਾਨ ਅੰਸਾਰੀ ਪੁੱਤਰ ਨੁਸ਼ਾਂਤ ਅਹਿਮਦ ਵਾਸੀ ਲੁਧਿਆਣਾ ਬਾਈਪਾਸ ਗੁਲਜ਼ਾਰ ਹਸਪਤਾਲ ਨੇੜੇ ਮਾਲੇਰਕੋਟਲਾ ਅਤੇ ਮੁਹੰਮਦ ਗੁਲਫ਼ਾਮ ਪੁੱਤਰ ਰਹੀਸ ਅਹਿਮਦ ਵਾਸੀ ਪੰਡਿਆਂ ਮੁਹੱਲਾ ਮਾਲੇਰਕੋਟਲਾ ਵਜੋਂ ਹੋਈ ਹੈ। ਇਸ ਮਾਮਲੇ ’ਚ ਇਕ ਨਾਬਾਲਗ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਪੁਲਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਪੂਰੀ ਕਾਰਵਾਈ ਦੀ ਯੋਜਨਾ ਅਤੇ ਅਮਲ ਜ਼ਿਲਾ ਸਾਈਬਰ ਟੀਮ ਵੱਲੋਂ ਡੀ. ਐੱਸ. ਪੀ. (ਜਾਂਚ) ਦੀ ਨਿਗਰਾਨੀ ਹੇਠ ਕੀਤਾ ਗਿਆ। ਸ਼ਿਕਾਇਤਕਰਤਾ ਲਵਨੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਧੂਰੀ ਰੋਡ ਮਾਲੇਰਕੋਟਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਵਟਸਐਪ ਕਾਲਾਂ ਆ ਰਹੀਆਂ ਸਨ। ਫ਼ੋਨ ਕਰਨ ਵਾਲਿਆਂ ਨੇ ਉਸ ਨੂੰ ਇਕ ਵੀਡੀਓ ਅਤੇ ਉਸ ਦੇ ਘਰ ਦੀ ਲੋਕੇਸ਼ਨ ਭੇਜੀ, ਪੈਸਿਆਂ ਦੀ ਮੰਗ ਕੀਤੀ ਅਤੇ ਮੰਗ ਪੂਰੀ ਨਾ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਸ਼ਿਕਾਇਤ ਮਿਲਦਿਆਂ ਹੀ ਜ਼ਿਲਾ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਲਗਾਤਾਰ ਤਕਨੀਕੀ ਤੇ ਮੈਦਾਨੀ ਜਾਂਚ ਰਾਹੀਂ ਇਸ ਸਾਜ਼ਿਸ਼ ਦਾ ਪਰਦਾਫ਼ਾਸ਼ ਕੀਤਾ।

ਸ਼ਿਕਾਇਤ ਦੇ ਆਧਾਰ ’ਤੇ ਪੁਲਸ ਟੀਮ ਨੇ ਸੀ. ਸੀ. ਟੀ. ਵੀ. ਫ਼ੁਟੇਜ ਦੀ ਜਾਂਚ ਕੀਤੀ, ਜਿਸ ਨਾਲ ਸ਼ਿਕਾਇਤਕਰਤਾ ਦੇ ਘਰ ਦੀ ਵੀਡੀਓ ਬਣਾਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ’ਚ ਮਦਦ ਮਿਲੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਮੋਬਾਈਲ ਦਾ ਤਕਨੀਕੀ ਵਿਸ਼ਲੇਸ਼ਣ ਕੀਤਾ ਗਿਆ, ਜਿਸ ਤੋਂ ਪਾਕਿਸਤਾਨ ਸਥਿਤ ਹੈਂਡਲਰਾਂ ਨਾਲ ਉਨ੍ਹਾਂ ਦੇ ਸੰਪਰਕਾਂ ਸਬੰਧੀ ਅਹਿਮ ਜਾਣਕਾਰੀ ਸਾਹਮਣੇ ਆਈ। ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ’ਤੇ ਥਾਣਾ ਸਾਈਬਰ ਕ੍ਰਾਈਮ, ਮਾਲੇਰਕੋਟਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਐੱਸ. ਐੱਸ. ਪੀ. ਖੱਖ ਨੇ ਦੱਸਿਆ ਕਿ ਸਾਈਬਰ ਟੀਮ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੁਮਾਨ ਅੰਸਾਰੀ ਦੀ ਪਾਕਿਸਤਾਨ ਸਥਿਤ ਅੰਤਰਰਾਸ਼ਟਰੀ ਹੈਂਡਲਰਾਂ ਨਾਲ ਪਹਿਲਾਂ ਇੰਸਟਾਗ੍ਰਾਮ ਅਤੇ ਬਾਅਦ ’ਚ ਵਟਸਐਪ ਰਾਹੀਂ ਜਾਣ-ਪਛਾਣ ਹੋਈ ਸੀ। ਦੋਸ਼ ਹੈ ਕਿ ਉਸ ਨੇ ਮੁਹੰਮਦ ਗੁਲਫ਼ਾਮ ਨਾਲ ਮਿਲ ਕੇ ਪਾਕਿਸਤਾਨ ਸਥਿਤ ਵਿਅਕਤੀਆਂ ਰਾਹੀਂ ਸ਼ਿਕਾਇਤਕਰਤਾ ਦਾ ਕਤਲ ਕਰਵਾਉਣ ਦੀ ਸਾਜ਼ਿਸ਼ ਰਚੀ। ਮੁਹੰਮਦ ਗੁਲਫ਼ਾਮ, ਜੋ ਨੁਮਾਨ ਅੰਸਾਰੀ ਰਾਹੀਂ ਹੈਂਡਲਰਾਂ ਦੇ ਸੰਪਰਕ ’ਚ ਸੀ, ਨੇ ਸ਼ਿਕਾਇਤਕਰਤਾ ਦੇ ਘਰ ਦੀ ਵੀਡੀਓ ਬਣਾਈ ਅਤੇ ਉਸ ਦੀ ਲੋਕੇਸ਼ਨ ਉਨ੍ਹਾਂ ਨਾਲ ਸਾਂਝੀ ਕੀਤੀ। ਪੁਲਸ ਅਨੁਸਾਰ ਮੁਹੰਮਦ ਗੁਲਫ਼ਾਮ ਦੀ ਸ਼ਿਕਾਇਤਕਰਤਾ ਨਾਲ ਪੁਰਾਣੀ ਰੰਜਿਸ਼ ਸੀ।

ਐੱਸ.ਐੱਸ.ਪੀ. ਨੇ ਅੱਗੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੇ ਨਾਲ ਇਕ ਨਾਬਾਲਗ ਵੀ ਮੌਜੂਦ ਸੀ, ਜੋ ਘਰ ਦੀ ਵੀਡੀਓ ਬਣਾਉਣ ਸਮੇਂ ਮੋਟਰਸਾਈਕਲ ਚਲਾ ਰਿਹਾ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੂੰ ਕਥਿਤ ਸਾਜ਼ਿਸ਼ ਬਾਰੇ ਜਾਣਕਾਰੀ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਸਮਰੱਥ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਨੈੱਟਵਰਕ ਦੇ ਅਗਲੇ ਤੇ ਪਿਛਲੇ ਸਬੰਧਾਂ ਦਾ ਪਤਾ ਲਾਉਣ ਲਈ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।


author

Anmol Tagra

Content Editor

Related News