ਅਵਾਰਾ ਖੂੰਖਾਰ ਕੁੱਤੇ ਗਰੀਬ ਬਜ਼ੁਰਗ ਜੋੜੇ ਦੀਆਂ 8 ਬੱਕਰੀਆਂ ਤੇ 15 ਮੁਰਗੀਆਂ ਖਾ ਗਏ

Thursday, Jul 23, 2026 - 02:24 PM (IST)

ਅਵਾਰਾ ਖੂੰਖਾਰ ਕੁੱਤੇ ਗਰੀਬ ਬਜ਼ੁਰਗ ਜੋੜੇ ਦੀਆਂ 8 ਬੱਕਰੀਆਂ ਤੇ 15 ਮੁਰਗੀਆਂ ਖਾ ਗਏ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਪਿੰਡਾਂ 'ਚ ਖੂੰਖਾਰ ਅਤੇ ਅਵਾਰਾ ਕੁੱਤਿਆਂ ਦਾ ਆਤੰਕ ਘੱਟਣ ਦਾ ਨਾਂ ਨਹੀਂ ਲੈ ਰਿਹਾ। ਕੁੱਝ ਸਮਾਂ ਪਹਿਲਾਂ ਇਨ੍ਹਾਂ ਕੁੱਤਿਆਂ ਨੇ ਪਿੰਡ ਲੁਬਾਣਗੜ੍ਹ ਵਿਖੇ ਬੱਚਿਆਂ ਦੇ ਬਜ਼ੁਰਗ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਅਤੇ ਅੱਜ ਨੇੜੇ ਹੀ ਪਿੰਡ ਰਾਮਗੜ੍ਹ ਵਿਖੇ ਇੱਕ ਗਰੀਬ ਬਜ਼ੁਰਗ ਜੋੜੇ ਦੀਆਂ 8 ਬੱਕਰੀਆਂ ਤੇ 15 ਮੁਰਗੀਆਂ ਨੂੰ ਨੋਚ ਕੇ ਖਾ ਗਏ, ਜਿਨ੍ਹਾਂ ਦੀ ਮੌਤ ਹੋ ਗਈ। ਪੀੜਤ ਪਰਿਵਾਰ ਦੀ ਬਜ਼ੁਰਗ ਔਰਤ ਸੁਰਜੀਤ ਕੌਰ ਨੇ ਦੱਸਿਆ ਕਿ ਉਹ ਅਤੇ ਉਸਦਾ ਪਤੀ ਪਿੰਡ ਰਾਮਗੜ੍ਹ ਵਿਖੇ ਬੱਕਰੀਆਂ ਪਾਲ ਕੇ ਉਨ੍ਹਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਕੁਝ ਮੁਰਗੀਆਂ ਵੀ ਪਾਲੀਆਂ ਹੋਈਆਂ ਸਨ। ਸੁਰਜੀਤ ਕੌਰ ਅਨੁਸਾਰ ਉਹ ਦੁਪਹਿਰ ਵੇਲੇ ਪਿੰਡ ਵਿਚ ਕਿਸੇ ਸਮਾਗਮ 'ਚ ਸ਼ਾਮਲ ਹੋਣ ਲਈ ਗਈ ਅਤੇ ਕੁੱਝ ਸਮੇਂ ਬਾਅਦ ਜਦੋਂ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਜਿਸ ਛੋਟੇ ਜਿਹੇ ਕਮਰੇ ਵਿਚ ਬੱਕਰੀਆਂ ਤੇ ਮੁਰਗੀਆਂ ਰੱਖੀਆਂ ਸਨ, ਕੁੱਤਿਆਂ ਨੇ ਉਸਦਾ ਜਾਅਲੀ ਵਾਲਾ ਦਰਵਾਜ਼ਾ ਤੋੜਿਆ ਹੋਇਆ ਸੀ।

ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਦ੍ਰਿਸ਼ ਦੇਖ ਕੇ ਉਸ ਦੀਆਂ ਭੁੱਬਾਂ ਨਿਕਲ ਗਈਆਂ ਕਿ ਉਸ ਦੀਆਂ 8 ਬੱਕਰੀਆਂ ਅਤੇ 15 ਮੁਰਗੀਆਂ ਨੂੰ ਕੁੱਤੇ ਨੋਚ ਕੇ ਖਾ ਚੁੱਕੇ ਸਨ ਅਤੇ ਸਾਰੇ ਜਾਨਵਰ ਮ੍ਰਿਤਕ ਹਾਲਤ ਵਿਚ ਪਏ ਸਨ। ਬਜ਼ੁਰਗ ਅਨੁਸਾਰ ਉਸਦਾ 1 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਸੀ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਅਵਾਰਾ ਖੂੰਖਾਰ ਕੁੱਤਿਆਂ ਨੇ ਅੱਜ ਗਰੀਬ ਪਰਿਵਾਰ ਦੇ ਪਸ਼ੂ ਖਾ ਲਏ ਅਤੇ ਭਵਿੱਖ ਵਿਚ ਇਹ ਮਨੁੱਖੀ ਜੀਵਨ ਲਈ ਵੀ ਘਾਤਕ ਸਾਬਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਿਸਾਨ ਦੇਰ ਰਾਤ ਨੂੰ ਖੇਤਾਂ ਵਿਚ ਇਕੱਲੇ ਪਾਣੀ ਲਗਾਉਣ ਜਾਂਦੇ ਹਨ, ਬੱਚੇ ਗਲੀਆਂ ਵਿਚ ਖੇਡਦੇ ਹਨ ਅਤੇ ਅੱਜ ਸੰਘਣੀ ਅਬਾਦੀ ਵਿਚ ਇਨ੍ਹਾਂ ਅਵਾਰਾ ਕੁੱਤਿਆਂ ਨੇ ਜਾਨਵਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜੋ ਭਵਿੱਖ ਵਿਚ ਆਮ ਲੋਕਾਂ ਤੇ ਬੱਚਿਆਂ ਲਈ ਘਾਤਕ ਸਿੱਧ ਹੋ ਸਕਦੇ ਹਨ। ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਗਰੀਬ ਪਰਿਵਾਰ ਦਾ ਜੋ ਨੁਕਸਾਨ ਹੋਇਆ ਹੈ, ਪ੍ਰਸ਼ਾਸਨ ਉਸਦਾ ਬਣਦਾ ਮੁਆਵਜਾ ਦੇਵੇ ਅਤੇ ਨਾਲ ਹੀ ਜੋ ਬੇਟ ਖੇਤਰ ਦੇ ਪਿੰਡਾਂ ਵਿਚ ਅਵਾਰਾ ਤੇ ਖੂੰਖਾਰ ਕੁੱਤੇ ਘੁੰਮਦੇ ਹਨ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਦਾ ਵੀ ਜਾਨੀ, ਮਾਲੀ ਨੁਕਸਾਨ ਨਾ ਹੋਵੇ।


author

Babita

Content Editor

Related News