ਸਰਕਾਰੀ ਸਕੂਲ ''ਚ ਹੋ ਗਿਆ ਕਾਂਡ, ਸਟਾਫ਼ ਵੀ ਦੇਖ ਕੇ ਰਹਿ ਗਿਆ ਹੈਰਾਨ
Tuesday, Feb 18, 2025 - 11:40 AM (IST)

ਫਾਜ਼ਿਲਕਾ (ਕੇ. ਸਿੰਘ) : ਸਰਕਾਰੀ ਹਾਈ ਸਕੂਲ ਕਾਵਾਂ 'ਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸਕੂਲ ਦੇ ਕੈਮਰੇ ਦੀ ਡੀ. ਵੀ. ਆਰ ਦੀ ਤੋੜ-ਭੰਨ ਕੀਤੀ ਗਈ ਅਤੇ ਹਾਰਡ ਡਿਸਕ ਗਾਇਬ ਕਰ ਦਿੱਤੀ ਗਈ। ਸਕੂਲ ਇੰਚਾਰਜ ਮੈਡਮ ਮੀਨੂ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 8:45 ਵਜੇ ਜਦੋਂ ਉਨ੍ਹਾਂ ਦੇ ਸਟਾਫ਼ ਨੇ ਸਕੂਲ ਦਫ਼ਤਰ ਖੋਲ੍ਹਿਆ ਤਾਂ ਵੇਖਿਆ ਕਿ ਦਫ਼ਤਰ ਅੰਦਰ ਸਾਰਾ ਸਮਾਨ ਉੱਥਲ-ਪੁੱਥਲ ਹੋਇਆ ਪਿਆ ਸੀ। ਇਸ ਤੋਂ ਬਾਅਦ ਜਦੋਂ ਸਟਾਫ਼ ਵੱਲੋਂ ਗੌਰ ਨਾਲ ਵੇਖਿਆ ਗਿਆ ਤਾਂ ਕੈਮਰੇ ਦੀ ਡੀ. ਵੀ. ਆਰ. ਦੀ ਤੋੜ-ਭੰਨ ਕੀਤੀ ਹੋਈ ਸੀ ਅਤੇ ਹਾਰਡ ਡਿਸਕ ਗਾਇਬ ਸੀ।
ਇਸ ਤੋਂ ਇਲਾਵਾ ਸਾਰਾ ਰਿਕਾਰਡ ਅਲਮਾਰੀਆਂ ਵਿਚੋਂ ਕੱਢ ਕੇ ਸੁੱਟਿਆ ਪਿਆ ਸੀ। ਸਕੂਲ ਦਫ਼ਤਰ ਅੰਦਰ ਪਈਆਂ ਅਲਮਾਰੀ ਦੀਆਂ ਚਾਬੀਆਂ ਅਤੇ ਮਿਡ-ਡੇਅ-ਮੀਲ ਰਾਸ਼ਨ ਵਾਲੇ ਕਮਰੇ, ਰਸੋਈ ਅਤੇ ਹੋਰ ਬਾਕੀ ਚਾਬੀਆਂ ਵੀ ਗਾਇਬ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 6-1-25 ਨੂੰ ਇਸ ਤਰ੍ਹਾਂ ਦੀ ਘਟਨਾ ਹੋਈ ਸੀ। ਉਸ ਦੌਰਾਨ ਵੀ ਸਕੂਲ ਵੱਲੋਂ ਸ਼ਰਾਰਤੀ ਅਨਸਰਾਂ ’ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ ਸੀ। ਹੁਣ ਵੀ ਸਮੂਹ ਸਕੂਲ ਸਟਾਫ਼ ਵਲੋਂਪ੍ਰਸ਼ਾਸਨ ਵੱਲੋਂ ਸ਼ਰਾਰਤੀ ਅਨਸਰਾਂ ’ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ।