ਘਰ ਚਲਾਉਣ ਅਤੇ ਵਕੀਲਾਂ ਦੀ ਫ਼ੀਸ ਲਈ ਕਰਦੇ ਸਨ ਚੋਰੀ, 2 ਗ੍ਰਿਫ਼ਤਾਰ

Thursday, Jan 16, 2020 - 03:34 PM (IST)

ਘਰ ਚਲਾਉਣ ਅਤੇ ਵਕੀਲਾਂ ਦੀ ਫ਼ੀਸ ਲਈ ਕਰਦੇ ਸਨ ਚੋਰੀ, 2 ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) : ਘਰਾਂ ਦੇ ਬਾਹਰੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਸੈਕਟਰ-39 ਥਾਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਯੂ. ਪੀ. ਦੇ ਮੁਰਾਦਾਬਾਦ ਨਿਵਾਸੀ ਮਨੋਜ ਕੁਮਾਰ ਅਤੇ ਜ਼ੀਰਕਪੁਰ ਦੇ ਬਲਟਾਣਾ ਨਿਵਾਸੀ ਅਬਰਾਰ ਖਾਨ ਦੇ ਰੂਪ 'ਚ ਹੋਈ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਕੁਲ 16 ਵਾਹਨ ਬਰਾਮਦ ਕੀਤੇ ਹਨ। ਇਨ੍ਹਾਂ 'ਚ 6 ਕਾਰਾਂ ਅਤੇ 10 ਦੋਪਹੀਆ ਵਾਹਨ ਸ਼ਾਮਲ ਹਨ। ਸੈਕਟਰ-39 ਥਾਣਾ ਪੁਲਸ ਨੇ ਮੁਲਜ਼ਮਾਂ ਤੋਂ ਬਰਾਮਦ ਵਾਹਨਾਂ ਦੀ ਕੀਮਤ ਲਗਭਗ 50 ਲੱਖ ਰੁਪਏ ਆਂਕੀ ਹੈ। ਵਾਹਨ ਚੋਰ ਅਬਰਾਰ ਖਾਨ 'ਤੇ 11 ਅਤੇ ਮਨੋਜ ਕੁਮਾਰ 'ਤੇ 6 ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਨੇ ਦੋਵਾਂ ਨੂੰ ਬੁੱਧਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਮੁਲਜ਼ਮਾਂ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ।

ਚੋਰੀ ਦੀ ਗੱਡੀ ਨਾਲ ਕੀਤਾ ਸੀ ਮਨੋਜ ਨੂੰ ਕਾਬੂ
ਸੈਕਟਰ-39 ਥਾਣਾ ਇੰਚਾਰਜ ਅਮਨਜੋਤ ਸਿੰਘ ਨੂੰ 10 ਜਨਵਰੀ ਨੂੰ ਸੂਚਨਾ ਮਿਲੀ ਕਿ ਸੈਕਟਰ-37 ਤੋਂ ਚੋਰੀ ਹੋਈ ਹੌਂਡਾ ਸਿਟੀ ਗੱਡੀ ਲੈ ਕੇ ਚੋਰ ਜੀਰੀ ਮੰਡੀ ਕੋਲ ਘੁੰਮ ਰਿਹਾ ਹੈ। ਸੂਚਨਾ ਮਿਲਦੇ ਹੀ ਅਮਨਜੋਤ ਦੀ ਅਗਵਾਈ 'ਚ ਬਣਾਈ ਟੀਮ ਨੇ ਹੌਂਡਾ ਸਿਟੀ ਕਾਰ ਚਾਲਕ ਨੂੰ ਰੋਕ ਕੇ ਕਾਗਜ਼ਾਤ ਮੰਗੇ। ਚਾਲਕ ਬਹਾਨੇ ਬਣਾਉਣ ਲੱਗਾ। ਪੁਲਸ ਟੀਮ ਨੇ ਜਦੋਂ ਚਾਲਕ ਤੋਂ ਸਖਤੀ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਨੇ ਹੌਂਡਾ ਸਿਟੀ ਕਾਰ ਸੈਕਟਰ-37 ਤੋਂ ਚੋਰੀ ਕੀਤੀ ਸੀ। ਪੁਲਸ ਨੇ ਕਾਰ ਚਾਲਕ ਮੱਖਣ ਮਾਜਰਾ ਨਿਵਾਸੀ ਮਨੋਜ ਕੁਮਾਰ ਨੂੰ ਚੋਰੀ ਦੀ ਗੱਡੀ ਨਾਲ ਦਬੋਚ ਲਿਆ। ਪੁਲਸ ਨੇ ਮੁਲਜ਼ਮ ਮਨੋਜ ਕੁਮਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕਰ ਕੇ ਪੰਜ ਦਿਨਾ ਰਿਮਾਂਡ ਹਾਸਲ ਕੀਤਾ। ਇਸ ਤੋਂ ਬਾਅਦ ਪੁਲਸ ਨੇ ਸੈਕਟਰ-26 ਥਾਣਾ ਖੇਤਰ ਤੋਂ ਚੋਰੀ ਕੀਤੀਆਂ ਦੋ ਹੌਂਡਾ ਸਿਟੀ ਕਾਰਾਂ ਬਰਾਮਦ ਕੀਤੀਆਂ। ਪੁੱਛਗਿੱਛ 'ਚ ਮੁਲਜ਼ਮ ਨੇ ਦੱਸਿਆ ਕਿ ਉਹ ਚੋਰੀ ਦੀ ਵਾਰਦਾਤ ਆਪਣੇ ਸਾਥੀ ਅਬਰਾਰ ਨਾਲ ਕਰਦਾ ਹੈ, ਪੁਲਸ ਨੇ ਉਸੇ ਸਮੇਂ ਅਬਰਾਰ ਖਾਨ ਨੂੰ ਦਬੋਚ ਲਿਆ।  

ਮਾਸਟਰ ਕੀ ਨਾਲ ਵਾਰਦਾਤ ਨੂੰ ਦਿੰਦੇ ਸਨ ਅੰਜਾਮ
ਪੁਲਸ ਨੇ ਦਾਅਵਾ ਕੀਤਾ ਕਿ ਵਾਹਨ ਚੋਰ ਅਬਰਾਰ ਖਾਨ ਅਤੇ ਮਨੋਜ ਕੁਮਾਰ ਆਪਣਾ ਘਰ ਚਲਾਉਣ ਅਤੇ ਵਕੀਲਾਂ ਦੀ ਫ਼ੀਸ ਦੇਣ ਲਈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਦੋਵੇਂ ਮੁਲਜ਼ਮ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਮਾਸਟਰ ਕੀ ਰਾਹੀਂ ਚੋਰੀ ਕਰਦੇ ਸਨ। ਪੁਲਸ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਵਾਹਨ ਚੋਰੀ ਕਰਨ ਤੋਂ ਬਾਅਦ ਉਹ ਸ਼ਾਹਬਾਦ, ਅੰਬਾਲਾ ਅਤੇ ਡੇਰਾਬੱਸੀ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਜੇਲ 'ਚ ਮੁਲਾਕਾਤ ਤੋਂ ਬਾਅਦ ਮਨੋਜ ਕੁਮਾਰ ਅਤੇ ਅਬਰਾਰ ਖਾਨ ਨੇ ਚੋਰੀ ਦੀ ਵਾਰਦਾਤ ਕਰਨ ਲਈ ਗਿਰੋਹ ਬਣਾਇਆ ਸੀ। ਮਨੋਜ ਕੁਮਾਰ ਮੂਲ ਰੂਪ 'ਚ ਮੁਰਾਦਾਬਾਦ ਦਾ ਰਹਿਣ ਵਾਲਾ ਹੈ। 16 ਫਰਵਰੀ, 2017 'ਚ ਦੋ ਕੇਸਾਂ 'ਚ ਅਦਾਲਤ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾ ਚੁੱਕੀ ਹੈ। ਅਬਰਾਰ ਖਾਨ ਬਲਟਾਣਾ ਦਾ ਰਹਿਣ ਵਾਲਾ ਹੈ, ਉਸ 'ਤੇ ਯੂ. ਪੀ., ਪੰਜਾਬ, ਹਰਿਆਣਾ ਅਤੇ ਦਿੱਲੀ 'ਚ 11 ਅਪਰਾਧਿਕ ਕੇਸ ਦਰਜ ਹਨ। 8 ਜੂਨ, 2017 ਨੂੰ ਅਦਾਲਤ ਨੇ ਉਸ ਨੂੰ 7 ਸਾਲ ਦੀ ਸਜ਼ਾ ਸੁਣਾਈ ਸੀ।


author

Anuradha

Content Editor

Related News