ਠੇਕੇ ਦੇ ਜਿੰਦੇ ਤੋੜ ਕੇ 24 ਪੇਟੀਆਂ ਅੰਗਰੇਜ਼ੀ ਸ਼ਰਾਬ ''ਉਡਾਈ''
Friday, Nov 24, 2017 - 07:11 AM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਚੋਰਾਂ ਨੇ ਹੁਣ ਫਿਰ ਤੋਂ ਸ਼ਹਿਰ 'ਚ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਚੋਰਾਂ ਨੇ ਸ਼ਰਾਬ ਦੇ ਠੇਕੇ ਦੇ ਜਿੰਦੇ ਤੋੜ ਕੇ 24 ਪੇਟੀਆਂ ਅੰਗਰੇਜ਼ੀ ਸ਼ਰਾਬ ਚੋਰੀ ਕਰ ਲਈ, ਜਿਸ ਦੀ ਕੁੱਲ ਕੀਮਤ 1 ਲੱਖ 55 ਹਜ਼ਾਰ ਰੁਪਏ ਬਣਦੀ ਹੈ। ਚੋਰੀ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਇੰਚਾਰਜ ਬਲਵੰਤ ਸਿੰਘ ਮੌਕੇ 'ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਸ਼ਰਾਬ ਠੇਕੇਦਾਰ ਜਾਵੇਦ ਖਾਨ, ਚੇਅਰਮੈਨ ਤੇਜਾ ਸਿੰਘ ਅਤੇ ਵਿਜੇ ਕੁਮਾਰ ਅਬੋਹਰ ਨੇ ਦੱਸਿਆ ਕਿ ਰਾਤ 10.30 ਵਜੇ ਰਾਏਕੋਟ ਰੋਡ ਸਥਿਤ ਧਾਗਾ ਫੈਕਟਰੀ ਦੇ ਸਾਹਮਣੇ ਠੇਕਾ ਬੰਦ ਕਰ ਕੇ ਕਰਿੰਦਾ ਵਾਪਿਸ ਆਇਆ ਸੀ। ਅੱਜ ਸਵੇਰੇ ਜਦੋਂ ਉਹ ਠੇਕਾ ਖੋਲ੍ਹਣ ਲਈ ਗਿਆ ਤਾਂ ਠੇਕੇ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਅੰਦਰੋਂ ਅੰਗਰੇਜ਼ੀ ਸ਼ਰਾਬ ਦੀਆਂ 24 ਪੇਟੀਆਂ ਗਾਇਬ ਸਨ। ਠੇਕੇਦਾਰਾਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਜ਼ਿਲੇ 'ਚ ਨਾਜਾਇਜ਼ ਸ਼ਰਾਬ ਵਿਕਣ ਕਾਰਨ ਘਾਟੇ 'ਚ ਚੱਲ ਰਹੇ ਹਾਂ। ਉਪਰੋਂ ਦੀ ਇਹ ਚੋਰੀ ਹੋ ਗਈ। ਪੁਲਸ ਦਾ ਰਾਤ ਸਮੇਂ ਕੋਈ ਪਹਿਰਾ ਨਹੀਂ। ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।