ਅਣਪਛਾਤੇ ਚੋਰਾਂ ਨੇ ਇਲੈਕਟ੍ਰਾਨਿਕਸ ਸ਼ੋਅਰੂਮ ਦੇ ਤਾਲੇ ਤੋੜ ਕੀਤੀ ਲੱਖਾਂ ਦੀ ਚੋਰੀ

10/13/2017 3:59:27 AM

ਭਾਮੀਆਂ ਕਲਾਂ(ਜ.ਬ.)-ਥਾਣਾ ਜਮਾਲਪੁਰ ਦੇ ਇਲਾਕੇ 'ਚ ਸਰਗਰਮ ਹੋਏ ਅਣਪਛਾਤੇ ਚੋਰਾਂ ਨੇ ਦੀਵਾਲੀ ਤੋਂ ਪਹਿਲਾਂ ਹੀ 33 ਫੁੱਟ ਰੋਡ 'ਤੇ ਸੁੰਦਰ ਨਗਰ ਚੌਕ ਨੇੜੇ ਸਥਿਤ ਇਕ ਇਲੈਕਟ੍ਰਾਨਿਕਸ ਦੇ ਸ਼ੋਅਰੂਮ ਦੇ ਸ਼ਟਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀਆਂ ਐੱਲ. ਈ. ਡੀਜ਼ ਅਤੇ ਹੋਰ ਸਾਮਾਨ ਸਮੇਤ ਨਕਦੀ ਚੋਰੀ ਕਰ ਲਈ। ਘਟਨਾ ਸਬੰਧੀ ਪਤਾ ਉਸ ਸਮੇਂ ਲੱਗਿਆ ਜਦੋਂ ਸ਼ੋਅਰੂਮ ਦੇ ਉਪਰ ਚਲਾਏ ਜਾ ਰਹੇ ਜਿਮ ਦਾ ਮਾਲਕ ਆਪਣਾ ਜਿਮ ਖੋਲ੍ਹਣ ਲਈ ਆਇਆ ਤਾਂ ਉਸ ਨੇ ਦੇਖਿਆ ਕਿ ਸ਼ੋਅਰੂਮ ਦੇ ਤਾਲੇ ਟੁੱਟੇ ਹੋਏ ਹਨ, ਜਿਸ ਦੇ ਬਾਅਦ ਉਸ ਨੇ ਸ਼ੋਅਰੂਮ ਮਾਲਕ ਨੂੰ ਇਸਦੀ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੇ ਸ਼ੋਅਰੂਮ ਮਾਲਕ ਨੇ ਸਬੰਧਤ ਥਾਣਾ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ੋਅਰੂਮ ਮਾਲਕ ਅਰਸ਼ਦ ਅਲੀ ਵਾਸੀ ਸੁੰਦਰ ਨਗਰ, ਮੂੰਡੀਆਂ ਕਲਾਂ, ਲੁਧਿਆਣਾ ਨੇ ਦੱਸਿਆ ਕਿ ਉਸ ਦਾ ਸੁੰਦਰ ਨਗਰ ਚੌਕ 'ਚ ਇਲੈਕਟ੍ਰਾਨਿਕਸ ਦਾ ਸ਼ੋਅਰੂਮ ਹੈ। ਬੀਤੀ ਰਾਤ ਉਸ ਨੇ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਸ਼ੋਅਰੂਮ ਦਾ ਤਾਲਾ ਲਾਇਆ ਸੀ। ਅੱਜ ਸਵੇਰੇ ਜਿਮ ਮਾਲਕ ਨੇ ਫੋਨ 'ਤੇ ਦੱਸਿਆ ਕਿ ਸ਼ੋਅਰੂਮ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਉਸ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਅੰਦਰੋਂ 25 ਦੇ ਕਰੀਬ ਐੱਲ. ਈ. ਡੀਜ਼, 2 ਓਪੋ ਕੰਪਨੀ ਦੇ ਮੋਬਾਇਲ ਫੋਨ ਅਤੇ ਇਕ ਲੈਪਟਾਪ ਸਮੇਤ ਲਗਭਗ 15 ਹਜ਼ਾਰ ਦੀ ਨਕਦੀ ਗਾਇਬ ਸੀ। ਸ਼ੋਅਰੂਮ ਮਾਲਕ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਅੰਦਾਜ਼ਨ ਕੀਮਤ ਲਗਭਗ 3 ਤੋਂ 4 ਲੱਖ ਦੇ ਕਰੀਬ ਹੋ ਸਕਦੀ ਹੈ। ਅਰਸ਼ਦ ਅਲੀ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ। ਚੌਕੀ ਮੁੰਡੀਆਂ ਕਲਾਂ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਵੱਡੀ ਗੱਡੀ 'ਚ ਆਏ ਚੋਰ
ਜਾਣਕਾਰੀ ਅਨੁਸਾਰ ਪੁਲਸ ਨੇ ਚੋਰਾਂ ਦੀ ਪਛਾਣ ਕਰ ਲਈ ਹੈ, ਜੋ ਇਕ ਇਨੋਵਾ ਵਰਗੀ ਲੰਬੀ ਗੱਡੀ 'ਚ ਆਏ, ਜਿਨ੍ਹਾਂ ਦੀ ਗਿਣਤੀ 3 ਤੋਂ 4 ਸੀ। ਪੁਲਸ ਨੇ ਆਸ-ਪਾਸ ਤੋਂ ਚੋਰਾਂ ਦੀ ਪਛਾਣ ਦੇ ਸਬੂਤ ਇਕੱਤਰ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


Related News