ਜਲੰਧਰ ਦੇ ਪ੍ਰਸਿੱਧ ਸ੍ਰੀ ਦੇਵੀ ਤਲਾਬ ਮੰਦਰ ਦੇ ਤਲਾਬ 'ਚ ਨੌਜਵਾਨ ਨੇ ਮਾਰੀ ਛਾਲ
Tuesday, Oct 03, 2017 - 01:34 PM (IST)

ਜਲੰਧਰ, (ਰਾਜੇਸ਼)—ਬੀਤੀ ਸ਼ਾਮ ਘਰ ਤੋਂ ਧਾਰਮਿਕ ਥਾਂ 'ਤੇ ਮੱਥਾ ਟੇਕਣ ਗਏ ਨੌਜਵਾਨ ਦੀ ਲਾਸ਼ ਜਲੰਧਰ ਦੇ ਪ੍ਰਸਿੱਧ ਸ੍ਰੀ ਦੇਵੀ ਤਲਾਬ ਮੰਦਰ ਦੇ ਤਲਾਬ 'ਚੋਂ ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਨੂਰਮੀਤ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਪ੍ਰੀਤ ਨਗਰ ਦੇ ਰੂਪ 'ਚ ਹੋਈ ਹੈ। ਥਾਣਾ ਨੰ. 8 ਦੇ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਵੇਰੇ ਜਸਵੰਤ ਸਿੰਘ ਵਾਸੀ ਪ੍ਰੀਤ ਨਗਰ ਨੇ ਸੂਚਨਾ ਲਿਖਵਾਈ ਸੀ ਕਿ ਬੀਤੀ ਸ਼ਾਮ ਉਨ੍ਹਾਂ ਦਾ 21 ਸਾਲਾ ਬੇਟਾ ਨੂਰਮੀਤ ਸਿੰਘ ਘਰ ਤੋਂ ਦੋਆਬਾ ਚੌਕ ਨੇੜੇ ਮਸ਼ਹੂਰ ਧਾਰਮਿਕ ਥਾਂ 'ਤੇ ਮੱਥਾ ਟੇਕਣ ਲਈ ਗਿਆ ਸੀ ਪਰ ਦੇਰ ਰਾਤ ਤਕ ਵਾਪਸ ਨਹੀਂ ਆਇਆ, ਜਿਸ ਦੀ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਜਾਂਚ ਕੀਤੀ ਤਾਂ ਦੋਆਬਾ ਚੌਕ ਨੇੜੇ ਧਾਰਮਿਕ ਥਾਂ ਦੀ ਪਾਰਕਿੰਗ 'ਚ ਨੂਰਮੀਤ ਦਾ ਮੋਟਰਸਾਈਕਲ ਮਿਲ ਗਿਆ, ਜਿਸ ਤੋਂ ਬਾਅਦ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ 'ਚ ਨੂਰਮੀਤ ਧਾਰਮਿਕ ਥਾਂ ਦੇ ਅੰਦਰ ਜਾਂਦਾ ਦਿਖਾਈ ਦਿੱਤਾ ਪਰ ਉਥੋਂ ਬਾਹਰ ਨਹੀਂ ਆਇਆ, ਜਿਸ ਨੂੰ ਕਾਫੀ ਲੱਭਿਆ ਪਰ ਉਹ ਨਾ ਮਿਲਿਆ। ਬਾਅਦ 'ਚ ਪੁਲਸ ਨੇ ਪੀ. ਏ. ਪੀ. ਤੋਂ ਗੋਤਾਖੋਰ ਬੁਲਵਾਏ ਤਾਂ ਤਲਾਬ 'ਚੋਂ ਗੋਤਾਖੋਰਾਂ ਨੇ ਕਾਫੀ ਦੇਰ ਬਾਅਦ ਨੂਰਮੀਤ ਸਿੰਘ ਦੀ ਲਾਸ਼ ਬਰਾਮਦ ਕੀਤੀ।
ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਨੂਰਮੀਤ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਜਿਸ ਨੇ ਤਲਾਬ 'ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਦੇ ਬਿਆਨਾਂ 'ਤੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।