ਸਟੋਰੇਜ਼ ਤਕਨੀਕਾਂ ਦੇ ਅਧਿਐਨ ਲਈ ਅੱਜ ਪੰਜਾਬ ਦਾ ਦੌਰਾ ਕਰੇਗੀ ਵਿਸ਼ਵ ਖੁਰਾਕ ਪ੍ਰੋਗਰਾਮ ਦੀ ਟੀਮ

05/04/2022 12:11:12 PM

ਚੰਡੀਗੜ੍ਹ(ਬਿਊਰੋ) : ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐੱਫ.ਪੀ.) ਵੱਲੋਂ ਪੰਜਾਬ ਵਿੱਚ ਕਣਕ ਦੇ ਭੰਡਾਰਨ ਲਈ ਅਪਣਾਈਆਂ ਜਾ ਰਹੀਆਂ ਸਾਂਭ ਸੰਭਾਲ ਸਬੰਧੀ ਤਕਨੀਕਾਂ ਦੀ ਸ਼ਲਾਘਾ ਕੀਤੀ ਗਈ ਹੈ। ਇਸ ਸਾਲ ਫ਼ਰਵਰੀ-ਮਾਰਚ ਵਿੱਚ ਅਫ਼ਗਾਨਿਸਤਾਨ ਵਿੱਚ ਭੇਜੀ ਕਣਕ ਦੀ ਖ਼ਰੀਦ, ਟੈਸਟਿੰਗ ਅਤੇ ਢੋਆ-ਢੁਆਈ ਦੀ ਪ੍ਰਕਿਰਿਆ ਨੂੰ ਸਮਝਣ ਲਈ ਅਧਿਕਾਰੀਆਂ ਦੀ ਇੱਕ ਟੀਮ ਪੰਜਾਬ ਭੇਜਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ ਤਾਂ ਜੋ ਡਬਲਯੂ.ਐੱਫ.ਪੀ. ਵੱਲੋਂ ਵੀ ਅਜਿਹੀ ਹੀ ਐੱਸਓਪੀ ਨੂੰ ਅਪਣਾਇਆ ਜਾ ਸਕੇ।ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦਿਆਂ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪੰਜ ਮੈਂਬਰੀ ਟੀਮ ਜਿਸ ਵਿੱਚ ਸੈਂਡਰੋ ਬਨਾਲ, ਫਿਲਿਪੋ ਜ਼ੁਨੀਨੋ, ਸਟੈਫਨੀ ਹਰਡ, ਅਮਿਤ ਵਢੇਰਾ ਅਤੇ ਡਾ. ਸ਼ਰੂਤੀ ਸ਼ਾਮਲ ਹਨ, ਅੱਜ ਅੰਮ੍ਰਿਤਸਰ ਦਾ ਦੌਰਾ ਕਰੇਗੀ ਤਾਂ ਜੋ ਇਸ ਗੱਲ ਦਾ ਮੁਲਾਂਕਣ ਕੀਤਾ ਜਾ ਸਕੇ ਕਿ ਪੰਜਾਬ ਵਿੱਚ ਕਣਕ ਦੀ ਗੁਣਵੱਤਾ ਵਿੱਚ ਕਮੀ ਆਉਣ ਦਿੱਤੇ ਬਿਨਾਂ ਕਿੰਨੇ ਸਮੇਂ ਤੱਕ ਇਸ ਦਾ ਭੰਡਾਰਨ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:  ਚਰਚਾ ਦਾ ਵਿਸ਼ਾ ਬਣਿਆ ਜਲੰਧਰ ਦੇ ਥਾਣੇ 'ਚ ਹੋਇਆ ਵਿਆਹ, ਪੁਲਸ ਵਾਲੇ ਬਣੇ ਗਵਾਹ

ਡਬਲਯੂ.ਐੱਫ.ਪੀ. ਵੱਲੋਂ ਦਿੱਤੀ ਇਸ ਮਾਨਤਾ ਨੂੰ ਮਾਣ ਵਾਲੀ ਗੱਲ ਦੱਸਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨ ਦਾਤਾ ਹੈ ਅਤੇ ਹੁਣ ਪੰਜਾਬ ਵਿੱਚ ਪੈਦਾ ਹੋਣ ਵਾਲਾ ਅਨਾਜ ਵਿਦੇਸ਼ਾਂ ਵਿੱਚ ਵੀ ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਵੀ ਮਾਣ ਵਾਲੀ ਗੱਲ ਹੈ ਕਿ ਪੱਛਮੀ ਦੇਸ਼ ਹੁਣ ਅਨਾਜ ਦੀ ਸੰਭਾਲ ਦੀਆਂ ਤਕਨੀਕਾਂ ਦਾ ਅਧਿਐਨ ਕਰਨ ਲਈ ਭਾਰਤ ਵੱਲ ਦੇਖ ਰਹੇ ਹਨ ਅਤੇ ਇਹ ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਟੀਮ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਅਤੇ ਐੱਫ.ਸੀ.ਆਈ. ਦੇ ਸੀਨੀਅਰ ਅਧਿਕਾਰੀ ਟੀਮ ਦੇ ਨਾਲ ਹੋਣਗੇ।

ਇਹ ਵੀ ਪੜ੍ਹੋ:  ਹਿੰਦੀ ਰਾਸ਼ਟਰ ਭਾਸ਼ਾ ਨਹੀਂ, ਦੇਸ਼ ਨੂੰ ਜੋੜਣ ਦਾ ਸਾਧਨ ਬਣ ਸਕਦੀ ਹੈ

ਜ਼ਿਕਰਯੋਗ ਹੈ ਕਿ 27 ਅਪ੍ਰੈਲ, 2022 ਨੂੰ ਵਿਦੇਸ਼ ਮੰਤਰਾਲੇ ਵੱਲੋਂ ਭਾਰਤ ਸਰਕਾਰ ਦੇ ਖ਼ੁਰਾਕ ਅਤੇ ਜਨਤਕ ਵੰਡ ਵਿਭਾਗ ਨੂੰ ਇੱਕ ਵੱਖਰੇ ਪੱਤਰ ਵਿੱਚ ਦੱਸਿਆ ਗਿਆ ਸੀ ਕਿ ਡਬਲਯੂ.ਐੱਫ.ਪੀ. 10000 ਮੀਟਰਕ ਟਨ ਕਣਕ ਦੀ ਗੁਣਵੱਤਾ ਤੋਂ ਬਹੁਤ ਸੰਤੁਸ਼ਟ ਹੈ ਜੋ ਕਿ ਭਾਰਤ ਵੱਲੋਂ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ ਪ੍ਰਦਾਨ ਕੀਤੀ ਗਈ ਹੈ। ਇਹ ਕਣਕ ਪੰਜਾਬ ਤੋਂ ਪਾਕਿਸਤਾਨ ਦੇ ਜ਼ਮੀਨੀ ਰਸਤੇ ਰਾਹੀਂ ਅਫਗਾਨਿਸਤਾਨ ਪਹੁੰਚਾਈ ਗਈ ਸੀ। ਟਰਾਂਸਪੋਰਟ ਕੀਤੀ ਕਣਕ ਨੂੰ ਮੈਸਰਜ਼ ਐੱਲ.ਟੀ. ਫੂਡਜ਼ ਲਿਮਟਿਡ ਦੇ ਨਾਲ ਪੀਪੀਪੀ ਮੋਡ ਦੁਆਰਾ ਨਿਰਮਿਤ ਮੂਲੇ ਚੱਕ ਭਗਤਾਣਾ ਵਾਲਾ, ਅੰਮ੍ਰਿਤਸਰ ਵਿਖੇ 50,000 ਮੀਟਰਕ ਟਨ ਸਮਰੱਥਾ ਵਾਲੇ ਪਨਗ੍ਰੇਨ ਸਟੀਲ ਸਿਲੋਜ਼ ਵਿੱਚ ਸਟੋਰ ਕੀਤਾ ਗਿਆ ਸੀ, ਜਿਸ ਦਾ ਡਬਲਯੂ.ਐੱਫ.ਪੀ ਟੀਮ ਵੱਲੋਂ ਅੱਜ ਦੌਰਾ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Harnek Seechewal

Content Editor

Related News