ਖਸਤਾਹਾਲ ਇਮਾਰਤਾਂ ''ਚ ਚੱਲ ਰਿਹੈ ਜ਼ਿਲੇ ਦੇ 4 ਅਹਿਮ ਥਾਣਿਆਂ ਦਾ ਕੰਮ

03/09/2018 6:38:34 AM

ਕਪੂਰਥਲਾ, (ਭੂਸ਼ਣ)- ਪੰਜਾਬ ਸਰਕਾਰ ਵੱਲੋਂ ਸੂਬੇ 'ਚ ਪੁਲਸ ਦੇ ਕੰਮ ਨੂੰ ਹੋਰ ਵੀ ਆਧੁਨਿਕ ਬਣਾਉਣ ਦੇ ਦਾਅਵੇ ਦੇ ਬਾਵਜੂਦ ਬੀਤੇ ਕਈ ਸਾਲਾਂ ਤੋਂ ਇਨ੍ਹਾਂ ਚਾਰਾਂ ਥਾਣਿਆਂ ਦੀਆਂ ਇਮਾਰਤਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦੇ ਐਲਾਨ ਦੇ ਬਾਵਜੂਦ ਵੀ ਇਸ 'ਤੇ ਕੰਮ ਨਹੀਂ ਸ਼ੁਰੂ ਹੋ ਸਕਿਆ ਹੈ, ਜਿਸ ਕਾਰਨ ਫਿਲਹਾਲ ਇਹ ਚਾਰੋਂ ਪੁਲਸ ਥਾਣੇ ਪੁਰਾਣੀਆਂ ਇਮਾਰਤਾਂ 'ਚ ਹੀ ਕੰਮ ਕਰ ਰਹੇ ਹਨ। 
ਸੁਰੱਖਿਆ ਦੀ ਦ੍ਰਿਸ਼ਟੀ ਨਾਲ ਕਾਫ਼ੀ ਅਹਿਮ ਹਨ ਇਹ ਥਾਣੇ
ਦੇਸ਼ ਨੂੰ ਅੰਮ੍ਰਿਤਸਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਸੁਭਾਨਪੁਰ ਥਾਣਾ ਜਿਥੇ ਬੇਹੱਦ ਪੁਰਾਣੀ ਇਮਾਰਤ 'ਚ ਕੰਮ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਥਾਣਾ ਫੱਤੂਢੀਂਗਾ ਥਾਣਾ ਕਬੀਰਪੁਰ ਤੇ ਥਾਣਾ ਤਲਵੰਡੀ ਚੌਧਰੀਆਂ ਜਾਂ ਤਾਂ ਸਰਕਾਰੀ ਇਮਾਰਤਾਂ 'ਚ ਕੰਮ ਕਰ ਰਹੇ ਹਨ ਜਾਂ ਫਿਰ ਬੇਹੱਦ ਪੁਰਾਣੀਆਂ ਇਮਾਰਤਾਂ 'ਚ ਸ਼ਿਫਟ ਹੋ ਕੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਉਥੇ ਹੀ ਇਨ੍ਹਾਂ ਚਾਰਾਂ ਥਾਣਿਆਂ 'ਚ ਹਵਾਲਾਤਾਂ ਦੀ ਹਾਲਤ ਕੁਝ ਜ਼ਿਆਦਾ ਚੰਗੀ ਨਹੀਂ ਹੈ, ਜਿਸ ਦੌਰਾਨ ਕਈ ਵਾਰ ਕਿਸੇ ਖਤਰਨਾਕ ਮੁਲਜ਼ਮ ਨੂੰ ਹਵਾਲਾਤ 'ਚ ਰੱਖਣ 'ਤੇ ਪੁਲਸ ਦੀ ਚਿੰਤਾ ਵਧ ਜਾਂਦੀ ਹੈ ਤੇ ਇਨ੍ਹਾਂ ਮੁਲਜ਼ਮਾਂ ਨੂੰ ਦੂਜੇ ਥਾਣਿਆਂ ਦੀਆਂ ਆਧੁਨਿਕ ਇਮਾਰਤਾਂ 'ਚ ਸ਼ਿਫਟ ਕਰਨਾ ਪੈਂਦਾ ਹੈ । ਭਾਵੇਂ ਕਿ ਇਨ੍ਹਾਂ ਚਾਰਾਂ ਥਾਣਿਆਂ ਦੀਆਂ ਇਮਾਰਤਾਂ ਨੂੰ ਨਵਾਂ ਤੇ ਆਧੁਨਿਕ ਬਣਾਉਣ ਸਬੰਧੀ ਸੂਬਾ ਸਰਕਾਰ ਪਹਿਲਾਂ ਵੀ ਕਈ ਵਾਰ ਐਲਾਨ ਕਰ ਚੁੱਕੀ ਹੈ। 
ਜ਼ਿਕਰਯੋਗ ਹੈ ਕਿ ਥਾਣਾ ਸੁਭਾਨਪੁਰ ਜਿਥੇ ਕਈ ਦਹਾਕਿਆਂ ਤੋਂ ਕੰਮ ਕਰ ਰਿਹਾ ਹੈ ਉਥੇ ਹੀ ਫੱਤੂਢੀਂਗਾ, ਥਾਣਾ ਤਲਵੰਡੀ ਚੌਧਰੀਆਂ ਤੇ ਥਾਣਾ ਕਬੀਰਪੁਰ ਨੂੰ ਸਾਲ 2010 'ਚ ਪੱਕੇ ਥਾਣੇ ਦਾ ਦਰਜਾ ਮਿਲਿਆ ਸੀ, ਜਿਸ 'ਚੋਂ ਥਾਣਾ ਫੱਤੂਢੀਂਗਾ ਤੇ ਕਬੀਰਪੁਰ ਨੂੰ ਥਾਣਾ ਕੋਤਵਾਲੀ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਨਾਲੋਂ ਤੋੜ ਕੇ ਬਣਾਇਆ ਗਿਆ ਸੀ ਤੇ ਪਹਿਲਾਂ ਇਹ ਦੋਨੋਂ ਥਾਣੇ ਪੁਲਸ ਚੌਕੀਆਂ ਦੇ ਤੌਰ 'ਤੇ ਕੰਮ ਕਰ ਰਹੇ ਸਨ ।  
ਇਮਾਰਤਾਂ ਬਣਾਉਣ ਲਈ ਪੰਚਾਇਤਾਂ ਨੇ ਦਿੱਤੀਆਂ ਹਨ ਪੁਲਸ ਨੂੰ ਜ਼ਮੀਨਾਂ 
ਚਾਰਾਂ ਥਾਣਿਆਂ ਦੀਆਂ ਨਵੀਆਂ ਇਮਾਰਤਾਂ ਬਣਾਉਣ ਲਈ ਜਿਥੇ ਪੰਚਾਇਤਾਂ ਨੇ ਜ਼ਮੀਨਾਂ ਦਿੱਤੀਆਂ ਹਨ ਉੱਥੇ ਹੀ ਇਹ ਜ਼ਮੀਨਾਂ ਵੀ ਕਾਫ਼ੀ ਹੱਦ ਤਕ ਵਧੀਆ ਥਾਵਾਂ 'ਤੇ ਸਥਿਤ ਹਨ। ਨਵੇਂ ਪਰਪੋਜ਼ਲ ਮੁਤਾਬਕ ਥਾਣਾ ਫੱਤੂਢੀਂਗਾ ਨੂੰ ਜਿਥੇ ਨਜ਼ਦੀਕੀ ਪਿੰਡ ਅਟਨਾਵਾਲੀ 'ਚ ਬਣਾਇਆ ਜਾਣਾ ਹੈ, ਉਥੇ ਹੀ ਥਾਣਾ ਸੁਭਾਨਪੁਰ ਨੂੰ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪਿੰਡ ਰਮੀਦੀ 'ਚ ਬਣਾਏ ਜਾਣ ਦੀ ਯੋਜਨਾ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਫੰਡ ਦੀ ਕਮੀ ਕਾਰਨ ਫਿਲਹਾਲ ਇਸ ਯੋਜਨਾ ਨੂੰ ਅਮਲੀਜਾਮਾ ਨਹੀਂ ਪੁਆਇਆ ਜਾ ਸਕਿਆ ਹੈ ।


Related News