ਨਸ਼ੇ ਵਾਲਾ ਪਦਾਰਥ ਸਪਲਾਈ ਕਰਨ ਵਾਲੀ ਅੌਰਤ ਕਾਬੂ
Thursday, Aug 30, 2018 - 07:10 AM (IST)

ਚੰਡੀਗਡ਼੍ਹ, (ਸੁਸ਼ੀਲ)- ਦਿੱਲੀ ਤੋਂ ਪਾਬੰਦੀਸ਼ੁਦਾ ਟੀਕਿਆਂ ਤੇ ਹੈਰੋਇਨ ਲਿਆ ਕੇ ਚੰਡੀਗਡ਼੍ਹ ’ਚ ਸਪਲਾਈ ਕਰਨ ਵਾਲੀ ਮਹਿਲਾ ਸਮੱਗਲਰ ਨੂੰ ਪੁਲਸ ਨੇ ਸੈਕਟਰ-41 ਦੇ ਪੈਟਰੋਲ ਪੰਪ ਕੋਲ ਦਬੋਚ ਲਿਆ। ਉਸਦੀ ਪਛਾਣ ਸੈਕਟਰ-40ਏ ਨਿਵਾਸੀ ਪੂਨਮ ਵਜੋਂ ਹੋਈ। ਉਸਦੇ ਬੈਗ ’ਚੋਂ 200 ਪਾਬੰਦੀਸ਼ੁਦਾ ਟੀਕੇ, 270 ਗ੍ਰਾਮ ਹੈਰੋਇਨ ਤੇ 6 ਲੱਖ 600 ਰੁਪਏ ਬਰਾਮਦ ਹੋਏ ਹਨ। ਸੈਕਟਰ-39 ਥਾਣਾ ਪੁਲਸ ਨੇ ਪੂਨਮ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਬੁੱਧਵਾਰ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸਨੂੰ ਦੋ ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ।
ਗਾਹਕ ਵਟਸਐਪ ਕਾਲ ਕਰ ਕੇ ਮੰਗਵਾਉਂਦੇ ਸਨ ਨਸ਼ੇ ਵਾਲਾ ਪਦਾਰਥ
ਡੀ. ਐੱਸ. ਪੀ. ਕ੍ਰਾਈਮ ਪਵਨ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਸੂਚਨਾ ਮਿਲੀ ਕਿ ਪੂਨਮ ਨਸ਼ੇ ਵਾਲੇ ਪਦਾਰਥ ਕਾਲੋਨੀਆਂ ’ਚ ਸਪਲਾਈ ਕਰਨ ਜਾ ਰਹੀ ਹੈ। ਪੁਲਸ ਟੀਮ ਨੇ ਸੈਕਟਰ-41 ਦੇ ਪੈਟਰੋਲ ਪੰਪ ਕੋਲ ਨਾਕਾ ਲਾਇਆ। ਪੁਲਸ ਨੂੰ ਵੇਖ ਕੇ ਉਹ ਵਾਪਸ ਜਾਣ ਲੱਗੀ। ਪੁਲਸ ਕਰਮਚਾਰੀਆਂ ਨੇ ਪਿੱਛਾ ਕਰਕੇ ਉਸਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਉਸਦੇ ਬੈਗ ’ਚੋਂ ਨਸ਼ੇ ਵਾਲਾ ਪਦਾਰਥ ਤੇ 6 ਲੱਖ 600 ਰੁਪਏ ਬਰਾਮਦ ਹੋਏ। ਪੁੱਛਗਿੱਛ ’ਚ ਉਸਨੇ ਦੱਸਿਆ ਕਿ ਉਹ ਮੰਗ ਦੇ ਹਿਸਾਬ ਨਾਲ ਨਸ਼ੇ ਵਾਲੇ ਪਦਾਰਥ ਖੁਦ ਹੀ ਸਪਲਾਈ ਕਰਦੀ ਹੈ, ਤਾਂ ਕਿ ਪੁਲਸ ਨੂੰ ਉਸ ’ਤੇ ਸ਼ੱਕ ਨਾ ਹੋਵੇ। ਹਰ ਰੋਜ਼ ਉਹ 30 ਤੋਂ 40 ਹਜ਼ਾਰ ਰੁਪਏ ਦੇ ਨਸ਼ੇ ਵਾਲੇ ਪਦਾਰਥ ਵੇਚਦੀ ਸੀ। ਗਾਹਕ ਉਸ ਤੋਂ ਨਸ਼ੇ ਵਾਲਾ ਪਦਾਰਥ ਖਰੀਦਣ ਲਈ ਵਟਸਐਪ ਕਾਲ ਕਰਦੇ ਸਨ।
ਭੈਣ-ਭਰਾ ’ਤੇ ਵੀ ਦਰਜ ਹਨ ਮਾਮਲੇ
ਪੁਲਸ ਨੇ ਦੱਸਿਆ ਕਿ ਸਮੱਗਲਰ ਪੂਨਮ ਦੀ ਭੈਣ ਤੇ ਭਰਾ ਵੀ ਸਮੱਗਲਿੰਗ ਦੇ ਮਾਮਲੇ ’ਚ ਫਡ਼ੇ ਜਾ ਚੁੱਕੇ ਹਨ। ਪਿਛਲੇ ਮਹੀਨੇ ਮਲੋਆ ਥਾਣਾ ਪੁਲਸ ਨੇ ਪੂਨਮ ਦੀ ਭੈਣ ਨਿੰਮੋ ਤੇ ਉਸਦੇ ਭਰਾ ਕੁੱਲੂ ਨੂੰ ਪਾਬੰਦੀਸ਼ੁਦਾ ਟੀਕਿਆਂ ਸਮੇਤ ਕਾਬੂ ਕੀਤਾ ਸੀ। ਉਸਦਾ ਭਰਾ ਕੁਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਜੇਲ ਤੋਂ ਬਾਹਰ ਆਇਆ ਹੈ।