ਜੇਬ ''ਚੋਂ ਪੈਸੇ ਕੱਢਦੀ ਔਰਤ ਕਾਬੂ
Tuesday, Aug 22, 2017 - 06:53 AM (IST)

ਅਬੋਹਰ, (ਸੁਨੀਲ, ਰਹੇਜਾ)— ਅੱਜ ਸਵੇਰੇ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਇਕ ਵਿਅਕਤੀ ਦੀ ਜੇਬ 'ਚੋਂ ਲਾਈਨ ਵਿਚ ਹੀ ਲੱਗੀਆਂ ਤਿੰਨ ਔਰਤਾਂ ਨੇ ਰੁਪਏ ਕੱਢ ਲਏ। ਇਸ ਗੱਲ ਦਾ ਪਤਾ ਚਲਣ 'ਤੇ ਉਕਤ ਔਰਤਾਂ ਨੇ ਭੱਜਣ ਦਾ ਯਤਨ ਕੀਤਾ ਤਾਂ ਨੇੜੇ-ਤੇੜੇ ਦੇ ਲੋਕਾਂ ਨੇ ਇਕ ਔਰਤ ਨੂੰ ਕਾਬੂ ਕਰ ਲਿਆ, ਜਦਕਿ ਦੋ ਔਰਤਾਂ ਭੱਜਣ 'ਚ ਕਾਮਯਾਬ ਹੋ ਗਈਆਂ। ਫੜੀ ਗਈ ਔਰਤ ਤੋਂ ਰੁਪਏ ਬਰਾਮਦ ਹੋਣ ਬਾਅਦ ਉਸਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪਿੰਡ ਭਾਗਸਰ ਵਾਸੀ ਭੀਮਸੈਨ ਪੁੱਤਰ ਬੀਰਬਲ ਰਾਮ ਅੱਜ ਸਵੇਰੇ ਆਪਣਾ ਮੈਡੀਕਲ ਚੈੱਕਅਪ ਕਰਵਾਉਣ ਲਈ ਹਸਪਤਾਲ ਵਿਚ ਆਇਆ ਅਤੇ ਪਰਚੀ ਲੈਣ ਦੇ ਲਈ ਖਿੜਕੀ ਸਾਹਮਣੇ ਲੱਗੀ ਲਾਈਨ ਵਿਚ ਖੜ੍ਹਾ ਹੋ ਗਿਆ। ਇਸੇ ਦੌਰਾਨ 3 ਔਰਤਾਂ ਉਸ ਕੋਲ ਆ ਕੇ ਖੜ੍ਹੀਆਂ ਹੋ ਗਈਆਂ ਅਤੇ ਉਸਦੀ ਜੇਬ 'ਚੋਂ 1500 ਰੁਪਏ ਕੱਢ ਲਏ। ਜਦ ਆਪਣੀ ਬਾਰੀ ਆਉਣ 'ਤੇ ਭੀਮਸੈਨ ਆਪਣੀ ਜੇਬ 'ਚੋਂ ਪੈਸੇ ਕੱਢਣ ਲੱਗਾ ਤਾਂ ਦੇਖਿਆ ਕਿ ਉਸਦੀ ਜੇਬ 'ਚੋਂ ਪੈਸੇ ਗਾਇਬ ਸਨ। ਉਸ ਵੱਲੋਂ ਰੌਲਾ ਪਾਉਣ 'ਤੇ ਉਸਦੇ ਕੋਲ ਖੜ੍ਹੀਆਂ ਉਕਤ ਤਿੰਨ ਔਰਤਾਂ ਉਥੋਂ ਭੱਜ ਨਿਕਲੀਆਂ। ਨੇੜੇ-ਤੇੜੇ ਦੇ ਲੋਕਾਂ ਨੇ ਉਨ੍ਹਾਂ 'ਚੋਂ ਇਕ ਔਰਤ ਨੂੰ ਕਾਬੂ ਕਰ ਲਿਆ, ਜਿਸਦੇ ਕੋਲੋਂ ਉਕਤ ਨਕਦੀ ਵੀ ਬਰਾਮਦ ਹੋ ਗਈ।
ਸੂਚਨਾ ਮਿਲਦੇ ਹੀ ਹਸਪਤਾਲ ਵਿਚ ਬਣੀ ਪੁਲਸ ਚੌਕੀ ਦਾ ਮੁਲਾਜ਼ਮ ਰਾਕੇਸ਼ ਸ਼ਰਮਾ ਵੀ ਮੌਕੇ 'ਤੇ ਪਹੁੰਚਿਆ ਅਤੇ ਨਗਰ ਥਾਣਾ ਨੰ. 1 ਦੀ ਪੁਲਸ ਨੂੰ ਸੂਚਿਤ ਕੀਤਾ, ਜਿਸ 'ਤੇ ਦੋ ਮਹਿਲਾ ਪੁਲਸ ਮੁਲਾਜ਼ਮਾਂ ਮੌਕੇ 'ਤੇ ਪੁੱਜੀਆਂ ਅਤੇ ਉਕਤ ਔਰਤ ਨੂੰ ਪੁਛਗਿੱਛ ਦੇ ਲਈ ਆਪਣੇ ਨਾਲ ਲੈ ਗਈਆਂ। ਫੜੀ ਗਈ ਮਹਿਲਾ ਦੀ ਪਛਾਣ ਹਨੂਮਾਨਗੜ੍ਹ ਵਾਸੀ ਅਨਿਤਾ ਰਾਣੀ ਦੇ ਰੂਪ 'ਚ ਹੋਈ ਹੈ, ਜਦਕਿ ਮੌਕੇ ਤੋਂ ਭੱਜੀਆਂ ਔਰਤਾਂ ਦੇ ਨਾਂ ਕਿਰਨ ਤੇ ਰੇਖਾ ਦੱਸੇ ਜਾ ਰਹੇ ਹਨ।