ਪਤਨੀ ਦੀ ਲਾਸ਼ ਹਸਪਤਾਲ ''ਚ ਛੱਡ ਕੇ ਪਤੀ ਹੋਇਆ ਫਰਾਰ

01/19/2018 3:27:01 AM

ਸ੍ਰੀ ਮੁਕਤਸਰ ਸਾਹਿਬ/ ਮੰਡੀ ਲੱਖੇਵਾਲੀ,  (ਪਵਨ, ਸੁਖਪਾਲ)- ਪੁਲਸ ਥਾਣਾ ਲੱਖੇਵਾਲੀ ਅਧੀਨ ਆਉਂਦੇ ਪਿੰਡ ਚੱਕ ਸ਼ੇਰੇਵਾਲਾ ਵਿਖੇ ਇਕ ਪਤੀ ਵੱਲੋਂ ਆਪਣੀ ਹੀ ਪਤਨੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਛੱਡ ਕੇ ਉੱਥੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਅਨੁਸਾਰ ਪਿੰਡ ਉਦੇਕਰਨ ਦੀ ਵਸਨੀਕ ਪਵਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਦਾ ਵਿਆਹ ਚੱਕ ਸ਼ੇਰੇਵਾਲਾ ਦੇ ਵਾਸੀ ਅਜੇ ਕੁਮਾਰ ਪੁੱਤਰ ਪਰਮਾ ਨੰਦ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਲੜਕੇ ਹਨ। 
ਲੜਕੀ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਅਜੇ ਕੁਮਾਰ ਦੇ ਆਪਣੀ ਮਾਮੀ ਨਾਲ ਨਾਜਾਇਜ਼ ਸਬੰਧ ਸਨ। ਇਸ ਕਰ ਕੇ ਉਨ੍ਹਾਂ ਦੀ ਧੀ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ, ਜਿਸ ਕਰ ਕੇ ਉਹ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਬੀਤੀ ਰਾਤ ਪਵਨਦੀਪ ਕੌਰ ਦੀ ਅਜੇ ਨੇ ਬਹੁਤ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਾਨੂੰ 11:00 ਵਜੇ ਫੋਨ ਕੀਤਾ ਗਿਆ ਕਿ ਤੁਹਾਡੀ ਲੜਕੀ ਬੀਮਾਰ ਹੈ ਪਰ ਜਦੋਂ ਅਸੀਂ ਆਏ ਤਾਂ ਸਾਨੂੰ ਕੋਲ ਵੀ ਨਹੀਂ ਜਾਣ ਦਿੱਤਾ ਗਿਆ ਸੀ, ਜਦਕਿ ਡਾਕਟਰਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਪਵਨਦੀਪ ਨੂੰ ਹਸਪਤਾਲ ਲਿਆਂਦਾ ਗਿਆ ਸੀ, ਉਹ ਮਰੀ ਹੋਈ ਸੀ। ਅਜੇ ਨੇ ਹਸਪਤਾਲ 'ਚ ਆ ਕੇ ਇਹ ਵੀ ਕਿਹਾ ਸੀ ਕਿ ਉਸ ਦੀ ਪਤਨੀ ਨੇ ਫਾਹਾ ਲੈ ਲਿਆ ਹੈ ਪਰ ਲਾਸ਼ ਨੂੰ ਵੇਖਣ ਤੋਂ ਪਤਾ ਲੱਗਦਾ ਹੈ ਕਿ ਸਿਰ 'ਚੋਂ ਖੂਨ ਵੀ ਨਿਕਲਿਆ ਹੈ। 
ਜ਼ਿਕਰਯੋਗ ਹੈ ਕਿ ਸਹੁਰਾ ਪਰਿਵਾਰ ਦਾ ਹਸਪਤਾਲ ਵਿਚ ਕੋਈ ਮੈਂਬਰ ਮੌਜੂਦ ਨਹੀਂ ਸੀ ਅਤੇ ਉਦੇਕਰਨ ਦੇ ਲੋਕ ਇਹ ਮੰਗ ਕਰ ਰਹੇ ਹਨ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ। 
ਥਾਣਾ ਲੱਖੇਵਾਲੀ ਦੇ ਥਾਣੇਦਾਰ ਸੁਰਜੀਤ ਸਿੰਘ ਮਾਮਲੇ ਦੀ ਪੜਤਾਲ ਕਰ ਰਹੇ ਹਨ ਅਤੇ ਲੜਕੀ ਦੀ ਲਾਸ਼ ਸਿਵਲ ਹਸਪਤਾਲ ਵਿਚ ਹੀ ਪਈ ਸੀ ਪਰ ਅਜੇ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ। 


Related News