ਆਪ ਵਾਲੰਟੀਅਰਾਂ ਨੇ ਖਹਿਰਾ ਖਿਲਾਫ ਲੱਗੇ ਬੋਰਡ ਪਾੜੇ

11/26/2017 4:21:35 AM

ਚੌਕ ਮਹਿਤਾ,  (ਪਾਲ)-   ਵਿਰੋਧੀ ਧਿਰ ਦੇ ਨੇਤਾ ਆਪ ਆਗੂ ਸੁਖਪਾਲ ਸਿੰਘ ਖਹਿਰਾ 'ਤੇ ਡਰੱਗ ਮਾਫੀਆ ਨਾਲ ਸਬੰਧ ਹੋਣ ਦੇ ਲੱਗੇ ਦੋਸ਼ਾਂ ਨੂੰ ਲੈ ਕੇ ਜਗ੍ਹਾ-ਜਗ੍ਹਾ ਲਾਏ ਜਾ ਰਹੇ ਬੋਰਡਾਂ ਦਾ ਆਮ ਆਦਮੀ ਪਾਰਟੀ ਦੇ ਸਰਗਰਮ ਵਾਲੰਟੀਅਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਸਬੰਧ 'ਚ ਅੱਜ ਇਥੇ ਸਥਾਨਕ ਕਸਬੇ ਦੇ 'ਆਪ' ਵਾਲੰਟੀਅਰਾਂ ਨੇ ਹਲਕਾ ਮਜੀਠਾ ਦੇ ਸਰਗਰਮ ਆਗੂ ਸਤਨਾਮ ਸਿੰਘ ਜੱਜ ਨਵਾਂ ਤਨੇਲ ਤੇ ਹਲਕਾ ਜੰਡਿਆਲਾ ਸਰਕਲ ਮਹਿਤਾ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਅੰਗਰੇਜ਼ ਸਿੰਘ ਗੱਗੜਭਾਣਾ ਦੀ ਅਗਵਾਈ 'ਚ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕੀਤਾ ਤੇ ਚੌਕ 'ਚ ਲੱਗੇ ਫਲੈਕਸ ਬੋਰਡ ਉਤਾਰ ਕੇ ਪਾੜ ਦਿੱਤੇ। ਉਕਤ ਆਗੂਆਂ ਨੇ ਕਿਹਾ ਕਿ ਅਜਿਹੇ ਬੋਰਡ ਲਾਉਣਾ ਅਕਾਲੀਆਂ ਤੇ ਕਾਂਗਰਸੀਆਂ ਦੀ ਬੌਖਲਾਹਟ ਦੀ ਨਿਸ਼ਾਨੀ ਹੈ, ਜੋ ਖਹਿਰਾ ਵਰਗੇ ਬੇਬਾਕ ਤੇ ਨਿਡਰ ਆਗੂ ਤੋਂ ਬੁਰੀ ਤਰ੍ਹਾਂ ਡਰੇ ਹੋਏ ਹਨ।
ਇਸ ਮੌਕੇ ਜੁਆਇੰਟ ਸਕੱਤਰ ਸੁਰਜੀਤ ਸਿੰਘ ਭੋਏਵਾਲ, ਹਰਜੋਤ ਸਿੰਘ ਮਹਿਤਾ, ਸੁਰਜੀਤ ਸਿੰਘ ਡਰਾਈਵਰ ਭੋਏਵਾਲ, ਅਜੈਬ ਸਿੰਘ, ਨਰਿੰਦਰ ਸਿੰਘ ਫੌਜੀ, ਮਲਕੀਤ ਸਿੰਘ (ਸਾਰੇ ਗੱਗੜਭਾਣਾ) ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੇ ਗੁੰਮਨਾਮ ਭੱਦੀ ਸ਼ਬਦਾਵਲੀ ਵਾਲੇ ਬੋਰਡ-ਪੋਸਟਰ ਲਾਉਣ ਵਾਲੇ ਲੋਕਾਂ ਵਿਰੁੱਧ ਅਤੇ ਬਿਨਾਂ ਨਾਂ ਤੋਂ ਬੋਰਡ ਛਾਪਣ ਵਾਲੇ ਪ੍ਰੈੱਸ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।


Related News