ਸੋਸ਼ਲ ਮੀਡੀਆ ''ਤੇ ਵਾਇਰਲ ਵੀਡੀਓ ਕਲਿਪ ਨੇ ਪਾਇਆ ਭੜਥੂ
Sunday, Jul 01, 2018 - 06:41 AM (IST)
ਲੁਧਿਆਣਾ, (ਖੁਰਾਣਾ)- ਪੈਟਰੋਲੀਅਮ ਕੰਪਨੀਆਂ ਵਲੋਂ ਵਾਹਨਾਂ 'ਚ ਤੇਲ ਭਰਦੇ ਸਮੇਂ ਵਰਤੀ ਜਾਂਦੀ ਪਾਰਦਰਸ਼ਤਾ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਪ੍ਰਤੀਤ ਹੁੰਦੇ ਹਨ। ਇਸ ਤਰ੍ਹਾਂ ਦੇ ਕਈ ਮਾਮਲੇ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਹਨ, ਜਿਨ੍ਹਾਂ 'ਚ ਪੰਪ ਕਰਮਚਾਰੀਆਂ ਅਤੇ ਵਾਹਨ ਚਾਲਕਾਂ ਦੀ ਤੇਲ ਘੱਟ ਪਾਉਣ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋਈ ਹੈ। ਉਥੇ ਤਾਜ਼ਾ ਮਾਮਲੇ ਦੇ ਤਹਿਤ ਸੋਸ਼ਲ ਮੀਡੀਆ 'ਤੇ ਇਕ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਇਸ 'ਚ ਦਿਖਾਇਆ ਹੈ ਕਿ ਇਕ 5 ਲੀਟਰ ਵਾਲੇ ਨਾਪ (ਪੈਮਾਨਾ) 'ਚ ਕੁਝ ਲੋਕਾਂ ਵਲੋਂ ਪੰਪ ਕਰਿੰਦੇ ਤੋਂ ਡੀਜ਼ਲ ਭਰਵਾਇਆ ਜਾ ਰਿਹਾ ਹੈ ਪਰ ਨਾਪ ਭਰ ਨਹੀਂ ਰਿਹਾ ਤੇ ਮੀਟਰ ਰੀਡਿੰਗ ਚੱਲ ਰਹੀ ਹੈ। ਇੰਨਾ ਹੀ ਨਹੀਂ ਨੋਜ਼ਲ ਤੋਂ ਤੇਲ ਘੱਟ ਅਤੇ ਪ੍ਰੈਸ਼ਰ ਰੂਪੀ ਹਵਾ ਜ਼ਿਆਦਾ ਨਿਕਲਦੀ ਦਿਖਾਈ ਦੇ ਰਹੀ ਹੈ।
ਜੇਕਰ ਉਕਤ ਵੀਡੀਓ ਕਲਿਪ ਨੂੰ ਸਹੀ ਮੰਨਿਆ ਜਾਵੇ ਤਾਂ ਰੋਜ਼ਾਨਾ ਪੈਟਰੋਲ ਪੰਪਾਂ 'ਤੇ ਹਜ਼ਾਰਾਂ ਗਾਹਕ ਜਿਥੇ ਦੋਹਰੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਉਥੇ ਪੰਪ ਮਾਲਕਾਂ ਨੂੰ ਦੋਹਰਾ ਫਾਇਦਾ ਹੋ ਰਿਹਾ ਹੈ। ਇਸ ਤਰ੍ਹਾਂ ਹੋਣ ਨਾਲ ਵਾਹਨ 'ਚ ਤੇਲ ਭਰਵਾਉਣ ਵਾਲੇ ਗਾਹਕ ਦਾ ਪੈਸਾ ਹੀ ਖਰਚ ਨਹੀਂ ਹੋ ਰਿਹਾ, ਸਗੋਂ ਤੇਲ ਵੀ ਘੱਟ ਮਿਲ ਰਿਹਾ ਹੈ ਅਤੇ ਪੰਪ ਮਾਲਕ ਨੂੰ ਪੈਸਾ ਵੀ ਮਿਲ ਰਿਹਾ ਹੈ ਅਤੇ ਤੇਲ ਦੀ ਵੀ ਬੱਚਤ ਹੋ ਰਹੀ ਹੈ। ਦੱਸ ਦੇਈਏ ਕਿ ਜ਼ਿਆਦਾਤਰ ਗਾਹਕ ਪੰਪਾਂ 'ਤੇ ਵਾਹਨਾਂ 'ਚ ਡੀਜ਼ਲ ਪੈਟਰੋਲ ਭਰਵਾਉਂਦੇ ਸਮੇਂ ਮੀਟਰ ਰੀਡਿੰਗ 'ਤੇ ਹੀ ਧਿਆਨ ਰੱਖਦੇ ਹਨ ਅਤੇ ਰੀਡਿੰਗ ਦੇ ਅਨੁਰੂਪ ਪੈਸੇ ਪੂਰੇ ਦਿਖਾਏ ਜਾਣ 'ਤੇ ਭੁਗਤਾਨ ਕਰ ਕੇ ਚਲਦੇ ਬਣਦੇ ਹਨ। ਸਵਾਲ ਇਹ ਹੈ ਕਿ ਮੀਟਰ ਰੀਡਿੰਗ ਤਾਂ ਸਾਹਮਣੇ ਦਿਖਾਈ ਦੇ ਰਹੀ ਹੁੰਦੀ ਹੈ ਪਰ ਵਾਹਨ ਦੀ ਟੈਂਕੀ 'ਚ ਪਾਈ ਗਈ ਨੋਜ਼ਲ ਤੋਂ ਤੇਲ ਨਿਕਲ ਰਿਹਾ ਜਾਂ ਘੱਟ ਤਾਂ ਨਹੀਂ ਨਿਕਲ ਰਿਹਾ, ਇਸਦਾ ਕਿਵੇਂ ਪਤਾ ਲਾਉਣ? ਕਿਉਂਕਿ ਇਸ ਦੌਰਾਨ ਨੋਜ਼ਲ ਪੂਰੀ ਤਰ੍ਹਾਂ ਨਾਲ ਵਾਹਨ ਟੈਂਕ ਦੇ ਅੰਦਰ ਰਹਿੰਦੀ ਹੈ। ਇਸ ਤਰ੍ਹਾਂ ਦੇ ਹਾਲਾਤ ਵਿਚ ਇਹ ਦੇਖਣਾ ਮੁਸ਼ਕਲ ਹੁੰਦਾ ਹੈ ਕਿ ਨੋਜ਼ਲ ਤੋਂ ਤੇਲ ਕਿਸ ਗਤੀ ਨਾਲ ਨਿਕਲ ਰਿਹਾ ਹੈ।
ਪਹਿਲਾਂ ਵੀ ਖੜ੍ਹੇ ਹੋ ਚੁੱਕੇ ਹਨ ਕਈ ਵਿਵਾਦ
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲਿਆਂ 'ਚ ਪੈਟਰੋਲ ਪੰਪ ਮਾਲਕਾਂ ਅਤੇ ਆਮ ਜਨਤਾ ਦੇ ਵਿਚਕਾਰ ਕਈ ਪ੍ਰਕਾਰ ਦੇ ਵਿਵਾਦ ਖੜ੍ਹੇ ਹੋ ਚੁੱਕੇ ਹਨ। ਇਨ੍ਹਾਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਕੁਝ ਵੀਡੀਓ ਕਲਿਪ 'ਚ ਇਥੋਂ ਤੱਕ ਦਿਖਾਇਆ ਗਿਆ ਹੈ ਕਿ ਪੈਟਰੋਲ ਪੰਪਾਂ 'ਤੇ ਤਾਇਨਾਤ ਕਰਮਚਾਰੀ ਗਾਹਕਾਂ ਦੀਆਂ ਅੱਖਾਂ 'ਚ ਧੂੜ ਝੋਕਣ ਲਈ ਨੋਜ਼ਲ ਨੂੰ ਝਟਕੇ ਦੇ ਕੇ ਤੇਲ ਭਰਦੇ ਹਨ। ਇਸ ਪ੍ਰਕਾਰ ਨਾਲ ਆਮ ਸ਼ਹਿਰਵਾਸੀਆਂ 'ਚ ਇਹ ਸ਼ੱਕ ਬਣਿਆ ਹੋਇਆ ਸੀ ਕਿ ਪੈਟਰੋਲ ਤੈਅ ਨਾਪ ਤੋਂ ਘੱਟ ਮਾਤਰਾ ਵਿਚ ਪਾ ਕੇ ਉਨ੍ਹਾਂ ਨੂੰ ਚੂਨਾ ਲਾਇਆ ਜਾ ਰਿਹਾ ਹੈ। ਇਸ ਵਿਸ਼ੇ 'ਤੇ ਪੈਟਰੋਲ ਪੰਪ ਮਾਲਕਾਂ ਦੀ ਇਕ ਸੰਸਥਾ ਵਲੋਂ ਉਸ ਸਮੇਂ ਏ. ਡੀ. ਸੀ. ਕੁਲਦੀਪ ਸਿੰਘ ਵੈਦ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਸੀ। ਇਥੇ ਹੈਰਾਨੀ ਦੀ ਗੱਲ ਹੈ ਕਿ ਉਸ ਸਮੇਂ ਏ. ਡੀ. ਸੀ. ਤੇ ਮੌਜੂਦਾ ਵਿਧਾਇਕ ਵੈਦ ਨੇ ਪੈਟਰੋ ਕਾਰੋਬਾਰੀਆਂ ਨੂੰ ਇਹ ਕਹਿੰਦੇ ਹੋਏ ਆਪਣਾ ਪੱਖ ਰੱਖਿਆ ਸੀ ਕਿ ਉਕਤ ਵੀਡੀਓ ਦੇਖਣ ਦੇ ਬਾਅਦ ਉਨ੍ਹਾਂ ਨੂੰ ਸ਼ੱਕ ਹੁੰਦਾ ਹੈ ਕਿ ਕਿਤੇ ਪੰਪ ਕਰਮਚਾਰੀ ਸੱਚ 'ਚ ਵਾਹਨਾਂ 'ਚ ਘੱਟ ਮਾਤਰਾ 'ਚ ਤੇਲ ਤਾਂ ਨਹੀਂ ਪਾ ਰਹੇ।
ਕੀ ਕਹਿੰਦੇ ਹਨ ਅਧਿਕਾਰੀ
ਉਪਰੋਕਤ ਵਿਸ਼ੇ ਸਬੰਧੀ ਜਦ ਪੈਟਰੋਲੀਅਮ ਕੰਪਨੀ ਦੇ ਸੀਨੀਅਰ ਅਧਿਕਾਰੀ ਗਗਨਦੀਪ ਸਿੰਘ ਸੋਢੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਪੈਟਰੋਲ ਪੰਪ 'ਚ ਤਕਨੀਕੀ ਫਾਲਟ ਦੇ ਕਾਰਨ ਹੋ ਰਿਹਾ ਹੈ, ਜਿਸ ਕਾਰਨ ਨੋਜ਼ਲ ਤੋਂ ਤੇਲ ਦੀ ਮਾਤਰਾ ਘੱਟ ਅਤੇ ਹਵਾ ਦਾ ਦਬਾਅ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ 'ਚ ਪੈਟਰੋਲ ਪੰਪ ਮਾਲਕਾਂ ਨੂੰ ਆਪਣੀ ਸੇਲ ਤੁਰੰਤ ਬੰਦ ਕਰ ਦੇਣੀ ਚਾਹੀਦੀ ਅਤੇ ਤਦ ਤੱਕ ਇੰਤਜ਼ਾਰ ਕਰਨਾ ਚਾਹੀਦਾ, ਜਦ ਤੱਕ ਸਬੰਧਤ ਕੰਪਨੀ ਵਲੋਂ ਉਕਤ ਫਾਲਟ ਨੂੰ ਠੀਕ ਨਹੀਂ ਕਰ ਦਿੱਤਾ ਜਾਂਦਾ।
ਪੈਟਰੋਲ ਪੰਪ ਡਰਾਈ ਹੋਣ 'ਤੇ ਇਸ ਤਰ੍ਹਾਂ ਸੰਭਵ : ਪ੍ਰਧਾਨ ਦੁਆਬਾ
ਇਸ ਸਬੰਧੀ ਪੈਟਰੋਲੀਅਮ ਪੰਪ ਡੀਲਰਸ ਐਸੋ. ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਪੈਟਰੋਲ ਪੰਪ ਡਰਾਈ ਹੋਣ ਦੀ ਹਾਲਤ ਵਿਚ ਹੋ ਸਕਦਾ ਹੈ। ਇਸ ਤਰ੍ਹਾਂ ਦੀ ਹਾਲਤ ਵਿਚ ਹਵਾ ਦੇ ਪ੍ਰੈਸ਼ਰ ਨਾਲ ਮੀਟਰ ਰੀਡਿੰਗ ਕੁਝ ਸਮੇਂ ਦੇ ਲਈ ਚੱਲ ਜਾਂਦੀ ਹੈ ਪਰ ਬਾਅਦ ਵਿਚ ਬੰਦ ਹੋ ਜਾਂਦੀ ਹੈ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵੀਡੀਓ ਕਲਿਪ ਦੇ ਅਨੁਸਾਰ ਪੰਪ ਡਰਾਈ ਹੋਣ ਦੇ ਬਾਵਜੂਦ ਕਰਮਚਾਰੀ ਵਲੋਂ ਗਾਹਕਾਂ ਨੂੰ ਤੇਲ ਕਿਉਂ ਪਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਇਹ ਕਹਿੰਦੇ ਹੋਏ ਗੱਲ ਦਾ ਰੁਖ ਮੋੜਨ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਇਸ ਤਰ੍ਹਾਂ ਕਰਮਚਾਰੀ ਵਲੋਂ ਪੈਟਰੋਲ ਪੰਪ ਮਾਲਕ ਨਾਲ ਹੋਈ ਨੋਕ-ਝੋਕ ਜਾਂ ਸਾਜ਼ਿਸ਼ ਦੇ ਤਹਿਤ ਚੁੱਕਿਆ ਕਦਮ ਹੋ ਸਕਦਾ ਹੈ।
