ਫਗਵਾੜਾ ''ਚ ਕੱਪੜਾ ਵਪਾਰੀ ਦੀ ਦੁਕਾਨ ''ਤੇ ਫਾਇਰਿੰਗ ਦਾ ਮਾਮਲਾ: ਪੁਲਸ ਨੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਕੀਤਾ ਕਾਬੂ
Tuesday, Dec 30, 2025 - 03:29 AM (IST)
ਫਗਵਾੜਾ (ਸੁਨੀਲ ਮਹਾਜਨ) : ਕਪੂਰਥਲਾ ਦੇ ਸੀਨੀਅਰ ਸੁਪਰਡੈਂਟ ਗੌਰਵ ਤੂਰਾ, ਆਈਪੀਐੱਸ ਦੇ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਬੀਤੀ 28 ਦਸੰਬਰ 2025 ਨੂੰ ਪਿੰਡ ਬੋਹਾਨੀ, ਥਾਣਾ ਰਾਵਲਪਿੰਡੀ, ਫਗਵਾੜਾ ਦੇ ਰਹਿਣ ਵਾਲੇ ਕੱਪੜਾ ਵਪਾਰੀ ਸੁਖਵਿੰਦਰ ਰਾਮ ਪੁੱਤਰ ਚਰਨ ਦਾਸ ਵਾਸੀ ਪਿੰਡ ਬੋਹਾਨੀ, ਥਾਣਾ ਰਾਵਲਪਿੰਡੀ, ਫਗਵਾੜਾ 'ਤੇ ਗੋਲੀ ਚਲਾਉਣ ਵਾਲੇ ਦੋਸ਼ੀ ਹਰਿੰਦਰ ਸਿੰਘ ਲਾਡੀ ਵਾਸੀ ਪਿੰਡ ਨੰਗਲ ਫਗਵਾੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਫਗਵਾੜਾ ’ਚ ਦੇਰ ਰਾਤ ਫਿਰ ਚੱਲੀਆਂ ਗੋਲੀਆਂ, ਸਰਪੰਚ ਢਾਬੇ ’ਤੇ ਨੌਜਵਾਨਾਂ ਨੇ ਕੀਤੀ ਭੰਨ-ਤੋੜ
ਜਾਣਕਾਰੀ ਦਿੰਦਿਆਂ ਮਾਧਵੀ ਸ਼ਰਮਾ, ਪੀਪੀਐੱਸ, ਪੁਲਸ ਸੁਪਰਡੈਂਟ ਸਬ-ਡਵੀਜ਼ਨ ਫਗਵਾੜਾ ਨੇ ਪ੍ਰੈੱਸ ਨੂੰ ਦੱਸਿਆ ਕਿ ਬੀਤੀ 28 ਅਕਤੂਬਰ, 2025 ਨੂੰ ਦੁਪਹਿਰ ਲਗਭਗ 1:30 ਵਜੇ ਪਿੰਡ ਬੋਹਾਨੀ, ਥਾਣਾ ਰਾਵਲਪਿੰਡੀ, ਫਗਵਾੜਾ ਦੇ ਰਹਿਣ ਵਾਲੇ ਕੱਪੜਾ ਵਪਾਰੀ ਸੁਖਵਿੰਦਰ ਰਾਮ ਪੁੱਤਰ ਚਰਨ ਦਾਸ ਵਾਸੀ ਪਿੰਡ ਬੋਹਾਨੀ ਥਾਣਾ ਪਤਾਰਾ, ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਦੁਕਾਨ 'ਤੇ ਦੋਸ਼ੀ ਹਰਿੰਦਰ ਸਿੰਘ ਲਾਡੀ ਆਇਆ ਅਤੇ ਉਸ ਨਾਲ ਗੱਲਬਾਤ ਦੌਰਾਨ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਦੇਰ ਬਾਅਦ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਸ ਨੂੰ ਨੇੜਲੇ ਦੁਕਾਨਦਾਰਾਂ ਨੇ ਦੋਸ਼ੀ ਪਾਸੋਂ ਬੜੀ ਮੁਸ਼ਕਲ ਨਾਲ ਛੁਡਾਇਆ। ਇਸ ਦੌਰਾਨ ਹਰਿੰਦਰ ਸਿੰਘ ਲਾਡੀ ਨੇ ਸੁਖਵਿੰਦਰ ਰਾਮ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਲਗਭਗ ਅੱਧੇ ਕੁ ਘੰਟੇ ਬਾਅਦ ਮੁੜ ਰਿਵਾਲਵਰ ਨਾਲ ਲੈਸ ਹੋ ਕੇ ਉਹ ਵਾਪਸ ਆਇਆ। ਇਸ ਦੌਰਾਨ ਸੁਖਵਿੰਦਰ ਰਾਮ ਘਬਰਾ ਗਿਆ ਅਤੇ ਲਾਡੀ ਨੇ ਉਸਦੀ ਦੁਕਾਨ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲਾਡੀ ਨੇ ਉਸ 'ਤੇ ਗੋਲੀ ਚਲਾ ਦਿੱਤੀ ਅਤੇ ਬਾਅਦ 'ਚ ਆਪਣੇ ਸਕੂਟਰ 'ਤੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਮੁੰਬਈ 'ਚ ਵੱਡਾ ਹਾਦਸਾ: ਰਿਵਰਸ ਕਰਦੇ ਸਮੇਂ BEST ਦੀ ਬੱਸ ਨੇ ਲੋਕਾਂ ਨੂੰ ਮਾਰੀ ਟੱਕਰ, 4 ਦੀ ਮੌਤ
ਇਸ ਸਬੰਧੀ ਕੇਸ ਨੰਬਰ 102 ਭੀਡੀ, 28.12.2025 A/P 109, 125 ਅਸਲਾ ਐਕਟ ਤਹਿਤ ਹਰਿੰਦਰ ਸਿੰਘ ਲਾਡੀ ਖਿਲਾਫ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਲਈ ਲੋੜੀਂਦੇ ਦੋਸ਼ੀ ਹਰਿੰਦਰ ਸਿੰਘ ਲਾਡੀ ਨੂੰ ਥਾਣਾ ਰਾਵਲਪਿੰਡੀ ਦੇ ਮੁੱਖ ਅਧਿਕਾਰੀ ਨੇ ਭਾਰਤ ਭੂਸ਼ਣ, ਪੀਪੀਐੱਸ, ਡਿਪਟੀ ਸੁਪਰਡੈਂਟ ਆਫ਼ ਪੁਲਸ, ਸਬ-ਡਵੀਜ਼ਨ ਫਗਵਾੜਾ ਦੀ ਨਿਗਰਾਨੀ ਹੇਠ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਦੌਰਾਨ ਉਸ ਕੋਲੋਂ ਮਾਮਲੇ ਸਬੰਧੀ ਹੋਰ ਵੀ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।
