ਵਿਜੀਲੈਂਸ ਬਿਊਰੋ ਨੇ ਆਪਣੇ ਹੀ ਇੰਸਪੈਕਟਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਕਾਬੂ
Tuesday, Nov 01, 2022 - 10:16 PM (IST)
ਚੰਡੀਗੜ੍ਹ (ਬਿਊਰੋ) : ਸੂਬੇ ’ਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਿਊਰੋ ਦੇ ਰੇਂਜ ਦਫ਼ਤਰ ਅੰਮ੍ਰਿਤਸਰ ਵਿਖੇ ਤਾਇਨਾਤ ਆਪਣੇ ਹੀ ਇਕ ਇੰਸਪੈਕਟਰ ਅਮੋਲਕ ਸਿੰਘ ਨੂੰ 5000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਵਿਜੀਲੈਂਸ ਇੰਸਪੈਕਟਰ ਨੂੰ ਪ੍ਰਭਮੇਸ਼ ਮੋਹਨ ਵਾਸੀ ਨਿਊ ਮਹਿੰਦਰਾ ਕਾਲੋਨੀ, ਅੰਮ੍ਰਿਤਸਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਨਲਾਈਨ ਸ਼ਿਕਾਇਤ ਨੰਬਰ ’ਤੇ ਇਕ ਵੀਡੀਓ ਅਪਲੋਡ ਕਰਕੇ ਦੋਸ਼ ਲਗਾਇਆ ਹੈ ਕਿ ਉਸ ਨੂੰ ਅਤੇ ਉਸ ਦੀ ਪਤਨੀ, ਜੋ ਨਗਰ ਨਿਗਮ ਅੰਮ੍ਰਿਤਸਰ ’ਚ ਕਰਮਚਾਰੀ ਹੈ, ਨੂੰ ਬਿਊਰੋ ਵੱਲੋਂ 2021 ’ਚ ਭ੍ਰਿਸ਼ਟਾਚਾਰ ਦੇ ਇਕ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : LPG ਖਪਤਕਾਰਾਂ ਨੂੰ ਵੱਡੀ ਰਾਹਤ, ਭੋਗਪੁਰ ਤੋਂ ਸਪੈਸ਼ਲ ਕਾਊਂਟਰ ਇੰਟੈਲੀਜੈਂਸ ਨੇ ਕਾਬੂ ਕੀਤੇ 5 ਗੈਂਗਸਟਰ, ਪੜ੍ਹੋ Top 10
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਅਮੋਲਕ ਸਿੰਘ ਇਸ ਮਾਮਲੇ ਦਾ ਤਫ਼ਤੀਸ਼ੀ ਅਫਸਰ ਹੋਣ ਦੇ ਨਾਤੇ ਉਸ ਤੋਂ 5000 ਰੁਪਏ ਬਤੌਰ ਰਿਸ਼ਵਤ ਵਜੋਂ ਮੰਗ ਰਿਹਾ ਸੀ ਅਤੇ ਬਹਾਨਾ ਉਨ੍ਹਾਂ ਦੇ ਕੇਸ ’ਚ ਨਮੂਨੇ ਵਜੋਂ ਉਸ ਦੀ ਆਵਾਜ਼ ਰਿਕਾਰਡ ਕਰਨ ਦਾ ਲਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਸਬੂਤ ਵਜੋਂ ਇਸ ਗੱਲਬਾਤ ਨੂੰ ਆਪਣੇ ਫੋਨ ’ਤੇ ਰਿਕਾਰਡ ਕਰਕੇ ਵਿਜੀਲੈਂਸ ਨੂੰ ਵੀ ਸੌਂਪ ਦਿੱਤਾ ਹੈ। ਸ਼ਿਕਾਇਤ ਵਿਚਲੇ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਨੇ ਉਕਤ ਇੰਸਪੈਕਟਰ ਨੂੰ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕਰ ਲਿਆ। ਇਸ ਸਬੰਧ ’ਚ ਦੋਸ਼ੀ ਪੁਲਸ ਅਧਿਕਾਰੀ ਦੇ ਖ਼ਿਲਾਫ਼ ਵਿਜੀਲੈਂਸ ਦੇ ਉੱਡਣ ਦਸਤਾ-1 ਪੰਜਾਬ, ਥਾਣਾ ਐੱਸ. ਏ. ਐੱਸ. ਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਪੁਲਸ ’ਤੇ ਲਾਏ ਵੱਡੇ ਇਲਜ਼ਾਮ