ਪੀੜਤ ਪਰਿਵਾਰ ਨੇ ਪੁਲਸ ''ਤੇ ਲਾਇਆ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦਾ ਦੋਸ਼

01/23/2018 5:53:48 AM

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਜ਼ਿਲਾ ਮੋਗਾ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਦੇ ਵਸਨੀਕ ਇਕ ਗੁਰਸਿੱਖ ਵਿਅਕਤੀ ਕੁਲਦੀਪ ਸਿੰਘ (55) ਨੂੰ ਕੰਧ ਦੇ ਰੌਲੇ ਦੌਰਾਨ ਕਥਿਤ ਤੌਰ 'ਤੇ 30 ਦਸੰਬਰ ਨੂੰ ਇੱਟਾਂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਸ ਵੱਲੋਂ ਭਾਵੇਂ ਇਕ ਔਰਤ ਸਮੇਤ 5 ਜਣਿਆਂ ਵਿਰੁੱਧ ਕਤਲ ਦਾ ਮਾਮਲਾ ਤਾਂ ਦਰਜ ਕੀਤਾ ਗਿਆ ਹੈ ਪਰ ਇਸ ਮਾਮਲੇ 'ਚ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਪੀੜਤ ਪਰਿਵਾਰ ਸਹਿਮ ਦੇ ਮਾਹੌਲ 'ਚ ਹੈ।  ਮ੍ਰਿਤਕ ਦੀ ਪਤਨੀ ਨਿਰਮਲਜੀਤ ਕੌਰ ਨੇ ਕਿਹਾ ਕਿ ਘਟਨਾ ਨੂੰ ਅੱਜ 23 ਦਿਨ ਬੀਤ ਚੁੱਕੇ ਹਨ ਪਰ ਅਜੇ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਕਥਿਤ ਦੋਸ਼ੀਆਂ ਦੇ ਸ਼ਰੇਆਮ ਘੁੰਮਣ ਕਰ ਕੇ ਸਾਡਾ ਸਮੁੱਚਾ ਪਰਿਵਾਰ ਡਰ ਰਿਹਾ ਹੈ। ਉਨ੍ਹਾਂ ਕਿਹਾ ਸਾਡੀ ਕਿੱਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ, ਜਦਕਿ ਘਟਨਾ ਨੂੰ ਅੱਖੀਂ ਦੇਖਣ ਵਾਲਿਆਂ ਨੇ ਵੀ ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ ਪਰ ਫਿਰ ਵੀ ਇਸ ਮਾਮਲੇ ਨੂੰ ਬਿਨਾਂ ਵਜ੍ਹਾ ਲਟਕਾ ਕੇ ਪੁਲਸ ਪ੍ਰਸ਼ਾਸਨ ਦੋਸ਼ੀਆਂ ਨੂੰ ਢਿੱਲ-ਮੱਠ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮਜਬੂਰੀਵੱਸ ਸੰਘਰਸ਼ਸ਼ੀਲ ਧਿਰਾਂ ਨਾਲ ਰਾਬਤਾ ਬਣਾ ਕੇ ਇਸ ਮਾਮਲੇ 'ਤੇ ਸੰਘਰਸ਼ ਦਾ ਰੁਖ ਅਖਤਿਆਰ ਕਰਨ ਲਈ ਮਜਬੂਰ ਹੋਣਗੇ। 
ਮਾਮਲੇ ਦੀ ਮੁੱਖ ਗਵਾਹ ਪਰਮਜੀਤ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਘਰ ਦੀ ਕੰਧ ਨਾਲ ਹੀ ਸਾਰੀ ਘਟਨਾ ਵਾਪਰੀ ਹੈ। ਉਨ੍ਹਾਂ ਉੱਚ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ। 
ਪੁਲਸ ਪ੍ਰਸ਼ਾਸਨ ਦਾ ਪੱਖ
ਇਸ ਮਾਮਲੇ ਦੀ ਜਾਂਚ ਕਰ ਕਰੇ ਪੁਲਸ ਅਧਿਕਾਰੀ ਸਬ-ਇੰਸਪੈਕਟਰ ਰਾਜਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਵੱਲੋਂ ਮੁੜ ਜਾਂਚ ਸ਼ੁਰੂ ਕੀਤੀ ਗਈ ਹੈ। ਮਾਮਲੇ 'ਚ ਨਾਮਜ਼ਦ ਦੋਸ਼ੀ ਕੁਲਵਿੰਦਰ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਹੈ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 


Related News