ਟ੍ਰੈਫਿਕ ਪੁਲਸ ਨੇ ਤੋੜਿਆ ਆਪਣਾ ਹੀ ਰਿਕਾਰਡ, 11 ਮਹੀਨਿਆਂ ’ਚ ਕੀਤੇ ਇੰਨੇ ਚਲਾਨ
Thursday, Dec 14, 2023 - 03:41 PM (IST)
ਲੁਧਿਆਣਾ (ਸੰਨੀ) : ਸ਼ਹਿਰ ਦੀ ਟ੍ਰੈਫਿਕ ਪੁਲਸ ਨੇ ਇਸ ਸਾਲ ਦੇ 11 ਮਹੀਨਿਆਂ ’ਚ ਹੀ ਆਪਣਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ। ਸਾਲ 2023 ਦੇ 11 ਮਹੀਨਿਆਂ ’ਚ ਟ੍ਰੈਫਿਕ ਪੁਲਸ ਨੇ ਲੋਕਾਂ ਵੱਲੋਂ ਟ੍ਰੈਫਿਕ ਨਿਯਮ ਤੋੜਨ ’ਤੇ 1,87,613 ਚਲਾਨ ਕੀਤੇ ਹਨ, ਜੋ ਕਿ ਬੀਤੇ ਸਾਲ ਦੇ 12 ਮਹੀਨਿਆਂ ’ਚ ਇਹੀ ਅੰਕੜਾ 1,64,048 ਸੀ। ਇਸ ਸਾਲ ਟ੍ਰੈਫਿਕ ਪੁਲਸ ਵੱਲੋਂ ਰਾਂਗ ਪਾਰਕਿੰਗ ਦੇ ਚਲਾਨਾਂ ’ਚ ਵੀ ਕਾਫ਼ੀ ਇਜ਼ਾਫਾ ਕੀਤਾ ਗਿਆ ਹੈ, ਜੋ ਕੁੱਲ ਚਲਾਨਾਂ ਦੀ ਗਿਣਤੀ ਦਾ ਕਰੀਬ 25 ਫੀਸਦੀ ਹੈ। ਇਸ ਸਾਲ ਟ੍ਰੈਫਿਕ ਪੁਲਸ ਵੱਲੋਂ ਰਾਂਗ ਪਾਰਕਿੰਗ ਦੇ 30 ਨਵੰਬਰ ਤੱਕ 46,139 ਚਲਾਨ ਕੀਤੇ ਗਏ ਹਨ, ਜਦੋਂਕਿ ਬੀਤੇ ਸਾਲ 2022 ’ਚ ਇਹ ਗਿਣਤੀ 38,698 ਸੀ। ਇਸ ਦੇ ਨਾਲ ਹੀ ਦੂਜਾ ਨੰਬਰ ਬਿਨਾਂ ਹੈਲਮੇਟ ਦੇ ਚਲਾਨਾਂ ਦਾ ਆਉਂਦਾ ਹੈ। ਇਸ ਸਾਲ 30 ਨਵੰਬਰ ਤੱਕ ਟ੍ਰੈਫਿਕ ਪੁਲਸ 35,815 ਵਿਅਕਤੀਆਂ ਦੇ ਬਿਨਾਂ ਹੈਲਮੇਟ ਚਲਾਨ ਕਰ ਚੁੱਕੀ ਹੈ, ਜੋ ਹੁਣ ਤੱਕ ਬੀਤੇ ਸਾਲ ਤੋਂ ਘੱਟ ਹੈ। ਬੀਤੇ ਸਾਲ ਇਹ ਅੰਕੜਾ 40,929 ਰਿਹਾ ਸੀ। ਇਸ ਤੋਂ ਇਲਾਵਾ ਬੀਤੇ ਸਾਲ ਓਵਰਸਪੀਡ ਦੇ 1554 ਅਤੇ ਇਸ ਸਾਲ ਹੁਣ ਤੱਕ 1319 ਚਲਾਨ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਕਿਰਨ ਖੇਰ ਦੀ SSP ਨੂੰ ਗੁਹਾਰ, ਕਿਹਾ,‘‘ਮੈਂ ਬਜ਼ੁਰਗ ਔਰਤ ਹਾਂ,ਮਿਹਨਤ ਦੀ ਕਮਾਈ ਦਿਵਾਓ ਵਾਪਸ’’
ਦੋਪਹੀਆ ਚਾਲਕ ਗਵਾ ਰਹੇ ਆਦਸਿਆਂ ’ਚ ਜਾਨਾਂ
2022 ’ਚ ਹੋਏ 467 ਸੜਕ ਹਾਦਸਿਆਂ ’ਚ 364 ਵਿਅਕਤੀਆਂ ਦੀ ਜਾਨ ਚਲੀ ਗਈ, ਜਦੋਂਕਿ 174 ਵਿਅਕਤੀ ਜ਼ਖਮੀ ਹੋਏ। ਹਾਦਸਿਆਂ ’ਚ ਮਰਨ ਵਾਲੇ 364 ਵਿਅਕਤੀਆਂ ’ਚੋਂ 148 ਵਿਅਕਤੀ ਦੋਪਹੀਆ ਵਾਹਨਾਂ ’ਤੇ ਸਵਾਰ ਸਨ, ਜੋ ਕੁੱਲ ਮ੍ਰਿਤਕਾਂ ਦਾ 40 ਫੀਸਦੀ ਹੈ। ਦੋਪਹੀਆ ਵਾਹਨਾਂ ’ਤੇ ਹਾਦਸੇ ਸਮੇਂ ਜਾਨ ਜਾਣ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਵੱਲੋਂ ਹੈਲਮੇਟ ਦੀ ਵਰਤੋਂ ਨਾ ਕਰਨਾ ਹੈ। ਅਜਿਹੇ ’ਚ ਪੁਲਸ ਵੱਲੋਂ ਹੈਲਮੇਟ ਦੀ ਵਰਤੋਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਲਈ ਇੰਨੀ ਵੱਡੀ ਗਿਣਤੀ ’ਚ ਚਲਾਨ ਕਰਨਾ ਜਾਇਜ਼ ਮੰਨਿਆ ਜਾ ਸਕਦਾ ਹੈ।
ਓਵਰਸਪੀਡ ਹਾਦਸਿਆਂ ’ਚ ਮੌਤਾਂ ਦਾ ਵੱਡਾ ਕਾਰਨ
ਮਨਿਸਟਰੀ ਆਫ ਰੋਡ ਟਰਾਂਸਪੋਰਟ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2022 ਵਿਚ ਸ਼ਹਿਰ ’ਚ ਹੋਏ ਕੁੱਲ ਹਾਦਸਿਆਂ ’ਚ 65 ਫੀਸਦੀ ਹਾਦਸਿਆਂ ਦਾ ਕਾਰਨ ਓਵਰਸਪੀਡ ਰਿਹਾ, ਜਿਸ ਵਿਚ 222 ਵਿਅਕਤੀ ਆਪਣੀ ਜਾਨ ਗੁਆ ਬੈਠੇ, ਜੋ ਕੁੱਲ 364 ਮੌਤਾਂ ਦਾ 60 ਫੀਸਦੀ ਹੈ। ਬੀਤੇ ਸਾਲ ਸ਼ਹਿਰ ’ਚ ਰਿਕਾਰਡ 498 ਹਾਦਸਿਆਂ ’ਚੋਂ ਓਵਰਸਪੀਡ ਕਾਰਨ 298 ਹਾਦਸੇ ਹੋਏ, ਜਿਨ੍ਹਾਂ ਵਿਚ 222 ਵਿਅਕਤੀਆਂ ਦੀ ਜਾਨ ਚਲੀ ਗਈ। ਪੁਲਸ ਵੱਲੋਂ ਓਵਰਸਪੀਡ ’ਤੇ ਲਗਾਮ ਕੱਸਣ ਲਈ 2 ਸਪੀਡ ਰਾਡਾਰ ਤਾਇਨਾਤ ਕੀਤੇ ਗਏ ਅਤੇ ਰੋਜ਼ਾਨਾ ਦਰਜਨਾਂ ਵਿਅਕਤੀਆਂ ਦੇ ਚਲਾਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : 5 ਸੂਬਿਆਂ ’ਚ ਮੌਜੂਦਾ ਅਤੇ ਸਾਬਕਾ ਮੰਤਰੀਆਂ ਦੀ ਹੋਈ ਛੁੱਟੀ
ਇਸ ਸਾਲ ਤੋਂ ਸ਼ੁਰੂ ਹੋਏ ਹੈਂਡ ਹੈਲਡ ਮਸ਼ੀਨਾਂ ਨਾਲ ਚਲਾਨ
ਪੁਲਸ ਵਿਭਾਗ ਵੱਲੋਂ ਇਸ ਸਾਲ ਤੋਂ ਹੈਂਡ ਹੈਲਡ ਈ-ਪੋਸ਼ ਮਸ਼ੀਨਾਂ ਦੀ ਮਦਦ ਨਾਲ ਵਾਹਨ ਚਾਲਕਾਂ ਦੇ ਈ-ਚਲਾਨ ਵੀ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਲਈ ਪਹਿਲੇ ਪੜਾਅ ’ਚ 30 ਮਸ਼ੀਨਾਂ ਹੈੱਡ ਆਫਿਸ ਵੱਲੋਂ ਲੁਧਿਆਣਾ ਪੁਲਸ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਦੇ ਲਈ ਟ੍ਰੈਫਿਕ ਮੁਲਾਜ਼ਮਾਂ ਨੂੰ ਬਾਕਾਇਦਾ ਟ੍ਰੇਨਿੰਗ ਵੀ ਦਿੱਤੀ ਗਈ। ਇਨ੍ਹਾਂ ਚਲਾਨ ਮਸ਼ੀਨਾਂ ’ਚ ਬਿਨੈਕਾਰ ਦੇ ਵਾਹਨ ਦਾ ਨੰਬਰ ਪਾਉਂਦੇ ਹੀ ਪਿਛਲਾ ਸਾਰਾ ਰਿਕਾਰਡ ਵੀ ਸਾਹਮਣੇ ਆ ਜਾਂਦਾ ਹੈ।
ਲੋਕ ਕਰਨ ਨਿਯਮਾਂ ਦੀ ਪਾਲਣਾ : ਏ. ਸੀ. ਪੀ. ਲਾਂਬਾ
ਏੇ. ਸੀ. ਪੀ. ਟ੍ਰੈਫਿਕ ਚਰਣਜੀਵ ਲਾਂਬਾ ਦਾ ਕਹਿਣਾ ਹੈ ਕਿ ਪੁਲਸ ਵਿਭਾਗ ਵੱਲੋਂ ਲੋਕਾਂ ਦੇ ਚਲਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਆਵਾਜਾਈ ਨਿਯਮਾਂ ਨੂੰ ਆਪਣੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣਾਉਣ। ਇਸ ਦੇ ਲਈ ਸਕੂਲ, ਕਾਲਜ, ਉਦਯੋਗਿਕ ਸੰਸਥਾਵਾਂ, ਫੈਕਟਰੀਆਂ ਅਤੇ ਟ੍ਰਾਂਸਪੋਰਟ ਯੂਨੀਅਨਾਂ ’ਚ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਵੀ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਵਿਧਾਇਕ ਤੇ ਡਿਪਟੀ ਕਮਿਸ਼ਨਰ ਵਲੋਂ ਮਰੀਜ਼ਾਂ ਦੀਆਂ ਦਵਾਈਆਂ ਲਈ ਡਾਕਟਰਾਂ ਨੂੰ ਹਦਾਇਤਾਂ ਜਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8