ਚੋਰਾਂ ਨੇ 3 ਪਿੰਡਾਂ ਨੂੰ ਬਣਾਇਆ ਨਿਸ਼ਾਨਾ

Wednesday, Aug 02, 2017 - 06:29 AM (IST)

ਚੋਰਾਂ ਨੇ 3 ਪਿੰਡਾਂ ਨੂੰ ਬਣਾਇਆ ਨਿਸ਼ਾਨਾ

ਹਰੀਕੇ ਪੱਤਣ, (ਲਵਲੀ)-  ਕਸਬਾ ਹਰੀਕੇ ਤੇ ਆਸ-ਪਾਸ ਦੇ ਪਿੰਡਾਂ 'ਚ ਲਗਾਤਾਰ ਹੋ ਰਹੀਆਂ ਚੋਰੀਆਂ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਪ੍ਰਤੀ ਥਾਣਾ ਹਰੀਕੇ ਦੀ ਪੁਲਸ ਨਾਕਾਮ ਸਾਬਤ ਹੋ ਰਹੀ ਹੈ। ਇਲਾਕਾ ਹਰੀਕੇ, ਨਜ਼ਦੀਕ ਪਿੰਡ ਅਲੀਪੁਰ ਤੇ ਪਿੰਡ ਰੱਤਾਗੁੱਦਾ 'ਚ ਤਿੰਨ ਘਰਾਂ 'ਚੋਂ ਡੇਢ ਲੱਖ ਤੋਂ ਵੱਧ ਨਕਦੀ ਤੇ 5 ਤੋਲੇ ਸੋਨਾ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਹਰੀਕੇ ਵਿਖੇ ਮਨਜੀਤ ਕੌਰ ਪਤਨੀ ਲੇਟ ਸੁਭਾਸ਼ ਦੇ ਘਰ 'ਚੋਂ ਚੋਰ ਅੱਧੇ ਤੋਲੇ ਦੀ ਸੋਨੇ ਦੀ ਮੁੰਦਰੀ ਤੇ ਘਰੇਲੂ ਸਾਮਾਨ ਲੈ ਕੇ ਫਰਾਰ ਹੋ ਗਏ। ਇਸੇ ਤਰ੍ਹਾਂ ਪਿੰਡ ਅਲੀਪੁਰ ਵਿਖੇ ਕੁਲਦੀਪ ਸਿੰਘ ਪੁੱਤਰ ਕਰਮ ਸਿੰਘ ਦਾ ਸਾਰਾ ਪਰਿਵਾਰ ਘਰ ਦੇ ਵਿਹੜੇ ਵਿਚ ਸੁੱਤਾ ਹੋਇਆ ਸੀ ਕਿ ਰਾਤ ਨੂੰ ਅਣਪਛਾਤੇ ਚੋਰਾਂ ਨੇ ਘਰ ਦੀ ਪਿਛਲੀ ਗਰਿੱਲ ਪੁੱਟ ਕੇ ਅੰਦਰ ਦਾਖਲ ਹੋ ਕੇ 1 ਲੱਖ ਤੋਂ ਵੱਧ ਨਕਦੀ ਤੇ 5 ਤੋਲੇ ਸੋਨਾ ਚੋਰੀ ਕਰ ਲਿਆ। ਇਸੇ ਤਰ੍ਹਾਂ ਅਲੀਪੁਰ ਦੇ ਦਾਰਾ ਸਿੰਘ ਦੇ ਘਰ 'ਚੋਂ ਚੋਰ 11 ਹਜ਼ਾਰ ਦੇ ਕਰੀਬ ਦੀ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਪਿੰਡ ਰੱਤਾਗੁੱਦਾ ਵਿਖੇ ਵੀ ਚੋਰ ਸਵਰਨ ਸਿੰਘ ਦੇ ਘਰ 'ਚੋਂ ਬੀਤੀ ਦੇਰ ਰਾਤ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਬੀਤੀ ਦੇਰ ਰਾਤ ਕਸਬਾ ਹਰੀਕੇ ਵਿਖੇ ਜਗਤਾਰ ਸਿੰਘ ਦੇ ਘਰ 'ਚੋਂ ਗੈਸ ਸਿਲੰਡਰ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ।
ਇਸ ਸਬੰਧੀ ਸਮਾਜ ਸੇਵਕ ਅਤੇ ਹਰੀਕੇ ਵਾਸੀਆਂ ਨੇ ਡੀ. ਐੱਸ. ਪੀ. ਪੱਟੀ ਤੇ ਐੱਸ. ਐੱਸ. ਪੀ. ਤਰਨਤਾਰਨ ਕੋਲੋਂ ਮੰਗ ਕੀਤੀ ਕਿ ਕਸਬਾ ਹਰੀਕੇ ਅੰਦਰ ਉਹ ਆਪ ਨਜ਼ਰਸਾਨੀ ਕਰਨ ਤਾਂ ਜੋ ਚੋਰਾਂ ਨੂੰ ਫੜਿਆ ਜਾ ਸਕੇ। ਇਨ੍ਹਾਂ ਚੋਰੀ ਦੀਆਂ ਘਟਨਾਵਾਂ ਸਬੰਧੀ ਲੋਕਾਂ ਵੱਲੋਂ ਥਾਣਾ ਹਰੀਕੇ ਵਿਖੇ ਸੂਚਨਾ ਦੇ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਮੁਖੀ ਨੇ ਕਿਹਾ ਕਿ ਚੋਰਾਂ ਨੂੰ ਜਲਦ ਫੜ ਲਿਆ ਜਾਵੇਗਾ, ਪੁਲਸ ਪੂਰੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ । 


Related News