ਅਵਾਰਾ ਕੁੱਤਿਆਂ ਦਾ ਆਤੰਕ, ਬਜ਼ੁਰਗ ਔਰਤ ਅਤੇ ਨੌਜਵਾਨ ’ਤੇ ਹਮਲਾ

Thursday, Oct 16, 2025 - 11:44 AM (IST)

ਅਵਾਰਾ ਕੁੱਤਿਆਂ ਦਾ ਆਤੰਕ, ਬਜ਼ੁਰਗ ਔਰਤ ਅਤੇ ਨੌਜਵਾਨ ’ਤੇ ਹਮਲਾ

ਜ਼ੀਰਕਪੁਰ (ਅਵਤਾਰ ਧੀਮਾਨ) : ਜ਼ੀਰਕਪੁਰ ਦੇ ਬਲਟਾਣਾ ਇਲਾਕੇ ’ਚ ਅਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਰਾਤ ਸੈਣੀ ਵਿਹਾਰ ਫੇਜ਼-1 ’ਚ ਅਵਾਰਾ ਕੁੱਤਿਆਂ ਦੇ ਝੁੰਡ ਨੇ ਇਕ ਬਜ਼ੁਰਗ ਔਰਤ ਅਤੇ ਉਸ ਦੇ ਨਾਲ ਜਾ ਰਹੇ ਨੌਜਵਾਨ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਦੋਵੇਂ ਜ਼ਖ਼ਮੀ ਹੋ ਗਏ। ਇਹ ਘਟਨਾ ਰਾਤ ਲਗਭਗ 11 ਵਜੇ ਦੀ ਹੈ, ਜਦੋਂ ਸੈਣੀ ਵਿਹਾਰ ਦੀ ਰਹਿਣ ਵਾਲੀ ਮੀਨਾ ਰਾਣੀ ਆਪਣੇ 18 ਸਾਲਾ ਭਤੀਜੇ ਕੇਸ਼ਵ ਦੇ ਨਾਲ ਕਿਸੇ ਜਾਣ-ਪਛਾਣ ਵਾਲੇ ਦੇ ਘਰ ਜਾ ਰਹੀ ਸੀ। ਜਿਵੇਂ ਹੀ ਦੋਵੇਂ ਗਲੀ ਤੋਂ ਬਾਹਰ ਨਿਕਲੇ ਤਾਂ 5–6 ਕੁੱਤਿਆਂ ਦੇ ਝੁੰਡ ਨੇ ਅਚਾਨਕ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਦੋਵਾਂ ਨੂੰ ਜ਼ਖਮੀ ਕਰ ਦਿੱਤਾ। ਹਮਲੇ ਦੌਰਾਨ ਮੀਨਾ ਤੇ ਕੇਸ਼ਵ ਘਬਰਾ ਕੇ ਜ਼ੋਰ-ਜ਼ੋਰ ਨਾਲ ਚੀਕਣ ਲੱਗੇ।

ਜਿਨ੍ਹਾਂ ਦਾ ਸ਼ੋਰ ਸੁਣ ਕੇ ਨੇੜਲੇ ਘਰਾਂ ਦੇ ਲੋਕ ਮੌਕੇ ’ਤੇ ਆਏ ਤੇ ਕੁੱਤਿਆਂ ਨੂੰ ਭਜਾਇਆ ਤੇ ਦੋਵਾਂ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ, ਡਾਕਟਰ ਅਨੁਸਾਰ ਦੋਵਾਂ ਦੇ ਪੈਰਾਂ ’ਚ ਡੂੰਘੇ ਜ਼ਖ਼ਮ ਹਨ ਤੇ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਬਲਟਾਣਾ ਵਾਸੀਆਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਦੀ ਗਿਣਤੀ ਬੇਹਿਸਾਬ ਵੱਧ ਰਹੀ ਹੈ ਤੇ ਰਾਤ ਸਮੇਂ ਇਨ੍ਹਾਂ ਦਾ ਖ਼ੌਫ ਵੱਧ ਗਿਆ ਹੈ ਕਿ ਲੋਕਾਂ ਲਈ ਇਕੱਲਿਆਂ ਬਾਹਰ ਨਿਕਲਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਕਈ ਵਾਰ ਬੱਚਿਆਂ ਤੇ ਬਜ਼ੁਰਗਾਂ ’ਤੇ ਵੀ ਹਮਲੇ ਹੋ ਚੁੱਕੇ ਹਨ ਪਰ ਨਗਰ ਕੌਂਸਲ ਵੱਲੋਂ ਅਜੇ ਤੱਕ ਕੋਈ ਕਾਰਵਾਈ ਅਮਨ ’ਚ ਨਹੀਂ ਲਿਆਂਦੀ ਗਈ।

ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਨਾ ਤਾਂ ਕੁੱਤਿਆਂ ਦੀ ਨਸਬੰਦੀ ਹੋ ਰਹੀ ਹੈ ਅਤੇ ਨਾ ਹੀ ਇਨ੍ਹਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਕੀਤਾ ਜਾ ਰਿਹਾ ਹੈ। ਹਰ ਗਲੀ ਮੁਹੱਲੇ ’ਚ ਇਨ੍ਹਾਂ ਦੇ ਘੁੰਮਦੇ ਝੁੰਡ ਕਿਸੇ ਵੀ ਸਮੇਂ ਹਮਲਾ ਕਰ ਦਿੰਦੇ ਹਨ। ਸ਼ਹਿਰ ਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੱਢਿਆ ਜਾਵੇ ਤੇ ਲੋਕਾਂ ਨੂੰ ਭੈ-ਮੁਕਤ ਕੀਤਾ ਜਾਵੇ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।


author

Babita

Content Editor

Related News