ਸੀਨੀਅਰ ਅਫ਼ਸਰਾਂ ਤੋਂ ਤੰਗ ਟੈਕਨੀਸ਼ੀਅਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ ''ਚ ਖੁੱਲ੍ਹੇ ਕਈ ਰਾਜ਼
Wednesday, Mar 22, 2023 - 01:29 AM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਸੈਕਟਰ-37 ਡਿਫੈਂਸ ਜੀਓਇਨਫੋਰਮੈਟਿਕਸ ਰਿਸਰਚ ਇਸਟੈਬਲਿਸ਼ਮੈਂਟ ਦਫ਼ਤਰ ਵਿੱਚ ਕੰਮ ਕਰਦੇ ਇਕ ਟੈਕਨੀਸ਼ੀਅਨ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਉਹ ਪਹਿਲੀ ਮੰਜ਼ਿਲ ’ਤੇ ਡਿੱਗ ਕੇ ਲਹੂ-ਲੁਹਾਨ ਹੋ ਗਿਆ। ਸਾਥੀਆਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਜ਼ਖ਼ਮੀ ਨੂੰ ਪੀ. ਜੀ. ਆਈ. ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਪੁਲਸ ਨੂੰ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ’ਚ ਮ੍ਰਿਤਕ ਨੇ ਸੀਨੀਅਰ ਅਧਿਕਾਰੀਆਂ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਅਫ਼ਸਰਾਂ ਨੇ ਉਸਦੇ ਭਰਾ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਹੈ। ਸੈਕਟਰ-39 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮਸਕਟ 'ਚ ਫਸੇ 5 ਪੰਜਾਬੀ ਨੌਜਵਾਨ, ਸਰਕਾਰ ਤੋਂ ਕੀਤੀ ਮਦਦ ਦੀ ਅਪੀਲ
ਸੈਕਟਰ-20 ਵਾਸੀ ਭੁਪਿੰਦਰ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਭਰਾ ਜਸਵਿੰਦਰ ਸਿੰਘ ਡਿਫੈਂਸ ਜੀਓਇਨਫੋਰਮੈਟਿਕਸ ਰਿਸਰਚ ਇਸਟੈਬਲਿਸ਼ਮੈਂਟ ਦਫ਼ਤਰ ਵਿੱਚ ਟੈਕਨੀਸ਼ੀਅਨ ਵਜੋਂ ਤਾਇਨਾਤ ਸੀ। ਮੰਗਲਵਾਰ ਸਵੇਰੇ ਭਰਾ ਦੇ ਦਫ਼ਤਰ ਤੋਂ ਫੋਨ ਆਇਆ ਤੇ ਪੀ. ਜੀ. ਆਈ. ਪਹੁੰਚਣ ਲਈ ਕਿਹਾ ਜਦੋਂ ਉਹ ਪਹੁੰਚਿਆ ਤਾਂ ਭਰਾ ਦੀ ਮੌਤ ਹੋ ਚੁੱਕੀ ਸੀ। ਦਫ਼ਤਰ ’ਚ ਕੰਮ ਕਰਦੇ ਲੋਕਾਂ ਨੇ ਦੱਸਿਆ ਕਿ 5ਵੀਂ ਮੰਜ਼ਿਲ ਤੋਂ ਛਾਲ ਮਾਰਨ ਤੋਂ ਬਾਅਦ ਉਹ ਪਹਿਲੀ ਮੰਜ਼ਿਲ ’ਤੇ ਡਿੱਗ ਗਿਆ ਅਤੇ ਖੂਨ ਵਗ ਰਿਹਾ ਸੀ। ਭੁਪਿੰਦਰ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਨੂੰ ਦਫ਼ਤਰ ਦੇ ਕਈ ਅਧਿਕਾਰੀਆਂ ਵਲੋਂ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੁਲਸ ਨੂੰ ਉਸ ਦੀ ਜੇਬ ’ਚੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ’ਚ ਪ੍ਰੇਸ਼ਾਨ ਕਰਨ ਵਾਲੇ ਸੀਨੀਅਰ ਅਫਸਰਾਂ ਦੇ ਨਾਂ ਲਿਖੇ ਹੋਏ ਹਨ।